ਤਿਰੰਗੇ ਦਾ ਅਪਮਾਨ:ਆਜ਼ਾਦੀ ਦਿਵਸ ਦੇ 4 ਦਿਨ ਬਾਅਦ ਨਗਰ ਨਿਗਮ ਦੀਆਂ ਕੂੜੇ ਦੀਆਂ ਗੱਡੀਆਂ ’ਚੋਂ ਮਿਲੇ ਝੰਡੇ

08/20/2022 11:30:54 AM

ਅੰਮ੍ਰਿਤਸਰ (ਮਮਤਾ/ਅਨਿਲ)- ਕੇਂਦਰ ਅਤੇ ਪੰਜਾਬ ਸਰਕਾਰ ਵਲੋਂ ਘਰ-ਘਰ ਤਿਰੰਗਾ ਲਹਿਰਾਉਣ ਦੀ ਮੁਹਿੰਮ ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਘਰਾਂ ਅਤੇ ਸ਼ਹਿਰ ਦੀ ਸੋਭਾ ਘੱਟ ਤੇ ਕੂੜੇ ਦੇ ਢੇਰਾਂ ਅਤੇ ਗੱਡੀਆਂ ’ਤੇ ਜ਼ਿਆਦਾ ਜਲੀਲ ਹੁੰਦੀ ਨਜ਼ਰ ਆਈ। ਆਜ਼ਾਦੀ ਦਿਹਾੜੇ ਨੂੰ ਅਜੇ ਚਾਰ ਦਿਨ ਹੀ ਹੋਏ ਹਨ ਕਿ ਹੁਣ ਦੇਸ਼ ਦੇ ਆਨ ਅਤੇ ਸ਼ਾਨ ਤਿਰੰਗਾ ਨੂੰ ਜਲੀਲ ਹੁੰਦਾ ਦੇਖਿਆ ਗਿਆ ਹੈ। ਇਸ ’ਤੇ ਸ਼ਹਿਰ ਦੇ ਸਮਾਜ ਸੇਵੀਆਂ ਅਤੇ ਵਿਰੋਧੀ ਧਿਰ ਦੇ ਆਗੂਆਂ ਨੇ ਅਫਸੋਸ ਪ੍ਰਗਟ ਕਰਦਿਆਂ ਜ਼ਿਲ੍ਹਾ ਪ੍ਰਸ਼ਾਸਨ ਦੀ ਲਾਪ੍ਰਵਾਹੀ ’ਤੇ ਤਿੱਖਾ ਪ੍ਰਤੀਕ੍ਰਮ ਕਰਦਿਆਂ ਸਰਕਾਰ ਤੋਂ ਇਸ ਮਾਮਲੇ ਦੀ ਜਾਂਚ ਦੀ ਮੰਗ ਵੀ ਕੀਤੀ ਹੈ। ਸ਼ਹਿਰ ਵਿਚ ਵੱਖ-ਵੱਖ ਥਾਵਾਂ ’ਤੇ ਕੂੜੇ ਦੇ ਡੰਪ ਅਤੇ ਕੂੜੇ ਦੇ ਢੇਰਾਂ ’ਤੇ ਜਦੋਂ ਵੱਡੀ ਗਿਣਤੀ ਵਿਚ ਤਿਰੰਗੇ ਡਿੱਗੇ ਨਜ਼ਰ ਆਏ ਤਾਂ ‘ਜਗ ਬਾਣੀ’ ਦੀ ਟੀਮ ਨੇ ਇਸ ਨੂੰ ਆਪਣੇ ਕੈਮਰਿਆਂ ਵਿਚ ਕੈਦ ਕਰ ਲਿਆ। 

ਪੜ੍ਹੋ ਇਹ ਵੀ ਖ਼ਬਰ: ਅੰਮ੍ਰਿਤਸਰ ਵਿਖੇ SI ਦੀ ਗੱਡੀ ’ਚ ਬੰਬ ਲਗਾਉਣ ਵਾਲੇ ਨਿਕਲੇ ਚਾਚਾ-ਭਤੀਜਾ, ਬਰਾਮਦ ਹੋਈ ਮਾਲਦੀਵ ਦੀ ਟਿਕਟ

ਇਸ ਸਬੰਧੀ ਜਿੱਥੇ ਸ਼ਹਿਰ ਦੇ ਪਤਵੰਤਿਆਂ ਨੇ ਇਸ ਦੀ ਨਿਖੇਧੀ ਕੀਤੀ, ਉੱਥੇ ਇਸ ਲਈ ਮੁੱਖ ਤੌਰ ’ਤੇ ਨਗਰ ਨਿਗਮ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਠਹਿਰਾਇਆ। ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵਲੋਂ ਆਜ਼ਾਦੀ ਦੇ ਅੰਮ੍ਰਿਤ ਮਹਾਉਤਸਵ ਮੌਕੇ ਘਰ-ਘਰ ਤਿਰੰਗਾ ਲਹਿਰਾਉਣ ਲਈ 2 ਲੱਖ 1 ਹਜ਼ਾਰ ਝੰਡੇ ਅੰਮ੍ਰਿਤਸਰ ਭੇਜੇ ਗਏ ਸਨ। ਪੰਜਾਬ ਸਰਕਾਰ ਵਲੋਂ ਭੇਜੇ ਗਏ ਝੰਡਿਆਂ ਦੀ ਕੀਮਤ 25 ਰੁਪਏ ਪ੍ਰਤੀ ਝੰਡੇ ਰੱਖੀ ਗਈ ਹੈ। ਹੈਰਾਨੀ ਦੀ ਗੱਲ ਹੈ ਕਿ ਸਰਕਾਰ ਵਲੋਂ ਭੇਜੇ ਗਏ ਝੰਡੇ ਕਿਸੇ ਵੀ ਚੌਕ-ਚੋਰਾਹੇ ’ਤੇ ਨਜ਼ਰ ਨਹੀਂ ਆਏ, ਇਸ ਲਈ ਸਵਾਲ ਇਹ ਉੱਠਦਾ ਹੈ ਕਿ ਇਹ ਝੰਡੇ ਆਖਿਰ ਕਿੱਥੇ ਗਏ?

ਪੜ੍ਹੋ ਇਹ ਵੀ ਖ਼ਬਰ: ਗੱਡੀ ਹੇਠਾਂ ਬੰਬ ਰੱਖਣ ਵਾਲੇ ਦੋਵੇਂ ਮੁਲਜ਼ਮ 8 ਦਿਨ ਦੇ ਪੁਲਸ ਰਿਮਾਂਡ ’ਤੇ, ਹੋ ਸਕਦੇ ਨੇ ਕਈ ਵੱਡੇ ਖ਼ੁਲਾਸੇ

ਫਲੈਗ ਕੋਡ ਐਕਟ 2002 ਤਹਿਤ ਹੋਵੇ ਕੇਸ ਦਰਜ
ਇਸ ਸਬੰਧੀ ਅਖਿਲ ਭਾਰਤੀ ਸ਼੍ਰੋਮਣੀ ਮਹਾਜਨ ਸਭਾ ਦੇ ਜਨਰਲ ਸਕੱਤਰ ਅਤੇ ਜ਼ਿਲ੍ਹਾ ਕਾਂਗਰਸ ਸ਼ਹਿਰੀ ਦੇ ਮੀਤ ਪ੍ਰਧਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਤਿਰੰਗਾ ਝੰਡਾ ਵਿਭਾਗਾਂ ਨੂੰ ਵੰਡਣ ਲਈ ਅੰਮ੍ਰਿਤਸਰ ਦੇ ਏ. ਡੀ. ਸੀ. ਵਿਕਾਸ ਨੂੰ ਭੇਜਿਆ ਗਿਆ ਸੀ, ਜਿਸ ਵਿਚ ਨਗਰ ਨਿਗਮ ਨੂੰ 30 ਹਜ਼ਾਰ ਝੰਡੇ ਦਿੱਤੇ ਗਏ ਸਨ, ਤਾਂ ਜੋ ਇਹ ਨਗਰ ਨਿਗਮ ਦੇ 85 ਵਾਰਡਾਂ ਦੇ ਚੌਕ-ਚੌਰਾਹਿਆਂ ਅਤੇ ਸ਼ਹਿਰ ਦੀਆਂ ਪ੍ਰਮੁੱਖ ਥਾਵਾਂ ’ਤੇ ਲਗਾਏ ਜਾਣ। ਉਨ੍ਹਾਂ ਦੋਸ਼ ਲਾਇਆ ਕਿ ਨਗਰ ਨਿਗਮ ਵਲੋਂ ਸ਼ਹਿਰ ਦੇ ਕਿਸੇ ਚੌਕ ਵਿੱਚ ਇੱਕ ਵੀ ਝੰਡਾ ਨਹੀਂ ਲਗਾਇਆ ਗਿਆ। ਇਸੇ ਤਰ੍ਹਾਂ ਨਗਰ ਸੁਧਾਰ ਟਰੱਸਟ ਵਰਗੇ ਕਮਾਊ ਪੁੱਤਾਂ ਨੇ ਵੀ ਕੋਈ ਝੰਡਾ ਚੁੱਕਣ ਦੀ ਜ਼ਰੂਰਤ ਵੀ ਨਹੀਂ ਸਮਝੀ। ਇਸੇ ਤਰ੍ਹਾਂ ਕਮਿਸ਼ਨਰ ਪੁਲਸ ਨੂੰ 10 ਹਜ਼ਾਰ ਝੰਡੇ ਦੇਣ ਦਾ ਮਕਸਦ ਸੀ ਪਰ ਪੁਲਸ ਵਲੋਂ ਇਹ ਝੰਡੇ ਕਿੱਥੇ ਲਾਏ ਗਏ ਹਨ, ਇਸ ਦਾ ਜਵਾਬ ਪੁਲਸ ਅਫਸਰ ਹੀ ਦੇ ਸਕਦੇ ਹਨ। ਪੁੱਡਾ ਨੂੰ ਵੀ 7 ਹਜ਼ਾਰ ਝੰਡੇ ਦਿੱਤੇ ਗਏ ਅਤੇ ਇਹ ਕਿੱਥੇ ਲਾਏ ਗਏ ਇਸ ਦਾ ਕੋਈ ਵਧੀਆ ਜਵਾਬ ਨਹੀਂ ਹੈ, ਸਿਹਤ ਵਿਭਾਗ ਨੂੰ 12 ਹਜ਼ਾਰ ਝੰਡੇ ਦੇਣ ਦਾ ਟੀਚਾ ਸੀ ਪਰ ਸਿਹਤ ਵਿਭਾਗ ਨੇ ਕੁਝ ਹੀ ਝੰਡੇ ਲਏ। 

ਪੜ੍ਹੋ ਇਹ ਵੀ ਖ਼ਬਰ: ਸ਼੍ਰੋਮਣੀ ਕਮੇਟੀ ਵੱਲੋਂ ਅੰਮ੍ਰਿਤਧਾਰੀ ਬਜ਼ੁਰਗ ਨਾਲ ਬਦਸਲੂਕੀ ਕਰਨ ਵਾਲੇ ਸੇਵਾਦਾਰਾਂ ਖ਼ਿਲਾਫ਼ ਸਖ਼ਤ ਕਾਰਵਾਈ (ਵੀਡੀਓ)

ਮੁਕੇਸ਼ ਮਹਾਜਨ ਨੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਕੂੜਾ ਵਾਲੀਆਂ ਗੱਡੀਆਂ ਵਿਚ ਲੋਕਾਂ ਵਲੋਂ ਕੌਮੀ ਝੰਡੇ ਨੂੰ ਸੁੱਟਿਆ ਜਾਣਾ ਦੁੱਖਦਾਇਕ ਪਹਿਲੂ ਹੈ। ਸਾਨੂੰ ਆਪਣੇ ਰਾਸ਼ਟਰੀ ਦਿਵਸ ਅਤੇ ਝੰਡੇ ਦਾ ਦਿਲੋਂ ਸਤਿਕਾਰ ਕਰਨਾ ਚਾਹੀਦਾ ਹੈ, ਕਿਉਂਕਿ ਰਾਸ਼ਟਰੀ ਤਿਰੰਗਾ ਸਿਰਫ ਕੱਪੜੇ ਦਾ ਟੁਕੜਾ ਨਹੀਂ ਹੈ, ਸਾਨੂੰ ਅਤੇ ਭਾਰਤ ਦੇ ਲੋਕਾਂ ਨੂੰ ਤਿਰੰਗੇ ਦਾ ਸਤਿਕਾਰ ਕਰਨਾ ਚਾਹੀਦਾ ਹੈ, ਕਿਉਂਕਿ ਇਹ ਸਾਡਾ ਰਾਸ਼ਟਰੀ ਝੰਡਾ ਹੈ। ਉਨ੍ਹਾਂ ਕਿਹਾ ਕਿ ਇਸ ਕਾਰੇ ਨੂੰ ਅੰਜਾਮ ਦੇਣ ਵਾਲਿਆਂ ਖ਼ਿਲਾਫ਼ ਫਲੈਗ ਕੋਡ ਐਕਟ 2002 ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਜਾਵੇ।

ਤਿਰੰਗੇ ਦੇ ਅਪਮਾਨ ਨਾਲ ਸਾਹਮਣੇ ਆਈ ‘ਆਪ’ ਦੀ ਦੇਸ਼ ਭਗਤੀ
ਖਾਦੀ ਬੋਰਡ ਇੰਡਸਟਰੀ ਦੀ ਸਾਬਕਾ ਚੇਅਰਮੈਨ ਅਤੇ ਸੀਨੀਅਰ ਕਾਂਗਰਸੀ ਆਗੂ ਮਮਤਾ ਦੱਤਾ ਨੇ ਤਿਰੰਗੇ ਝੰਡੇ ਦੇ ਹੋਏ ਅਪਮਾਨ ’ਤੇ ਅਫਸੋਸ ਪ੍ਰਗਟ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦਾ ਅਪਮਾਨ ਦੇਸ਼ ਦੇ ਖਾਤਿਰ ਬਲੀਦਾਨ ਦੇਣ ਵਾਲੇ ਸਾਡੇ ਆਜ਼ਾਦੀ ਘੁਲਾਟੀਆਂ ਦਾ ਮੂੰਹ ਚੜਾਉਂਦਾ ਪ੍ਰਤੀਤ ਹੋ ਰਿਹਾ ਹੈ। ਉਨ੍ਹਾਂ ਇਸ ਦੀ ਪੂਰੀ ਜ਼ਿੰਮੇਵਾਰੀ ਨਗਰ ਨਿਗਮ ਅਤੇ ਜ਼ਿਲਾ ਪ੍ਰਸ਼ਾਸਨ ਦੀ ਦੱਸਦਿਆਂ ਕਿਹਾ ਕਿ ਉਨ੍ਹਾਂ ਨੂੰ ਅਜਿਹੇ ਮੁਲਾਜ਼ਮਾਂ ਦੀ ਡਿਊਟੀ ਲਗਾਉਣੀ ਚਾਹੀਦੀ ਸੀ ਕਿ ਤਾਂ ਕਿ ਉਹ ਕੂੜੇ ਦੀਆਂ ਗੱਡੀਆਂ ਵਿਚ ਝੰਡੇ ਨਾ ਪਾ ਕੇ ਨਾ ਲਿਆਉਂਦੇ। ਇਸ ਤੋਂ ਇਲਾਵਾ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾਣੇ ਚਾਹੀਦੇ ਸਨ। ਉਨ੍ਹਾਂ ਕਿਹਾ ਕਿ ਇਨਕਲਾਬ ਜ਼ਿੰਦਾਬਾਦ ਦੇ ਵੱਡੇ-ਵੱਡੇ ਨਾਅਰਿਆਂ ਨਾਲ ਦੇਸ਼ ਭਗਤਾਂ ਪ੍ਰਤੀ ਆਪਣੀ ਸਰਧਾ ਦਾ ਪ੍ਰਗਟਾਵਾ ਕਰਨ ਵਾਲੀ ਜ਼ਿਲ੍ਹਾ ਪ੍ਰਸ਼ਾਸਨ ਦੀ ਹੀ ਨਹੀਂ ਸਗੋਂ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਵੀ ਜ਼ਿੰਮੇਵਾਰੀ ਬਣਦੀ ਹੈ। ਦੇਸ਼ ਦੀ ਆਨ ਅਤੇ ਸ਼ਾਨ ਪ੍ਰਤੀ ਕੀ ਰਵੱਈਆ ਹੋਣਾ ਚਾਹੀਦਾ ਹੈ ਇਸ ਬਾਰੇ ਉਨ੍ਹਾਂ ਨੂੰ ਪੰਜਾਬ ਦੀ ਮੌਜੂਦਾ ਸਰਕਾਰ ਨੂੰ ਕੋਈ ਜਾਣਕਾਰੀ ਨਹੀਂ ਹੈ।

ਪੜ੍ਹੋ ਇਹ ਵੀ ਖ਼ਬਰ: ਅੰਮ੍ਰਿਤਸਰ: ਪੁਲਸ ਦੀ ਗੱਡੀ ਹੇਠਾਂ ਬੰਬ ਰੱਖਣ ਵਾਲੇ 2 ਮੁਲਜ਼ਮ ਗ੍ਰਿਫ਼ਤਾਰ, ਰਿੰਦਾ ਗੈਂਗ ਨਾਲ ਜੁੜਿਆ ਨਾਂ

ਤਿਰੰਗੇ ਦਾ ਅਪਮਾਨ ਨਹੀਂ, ਬੇਅਦਬੀ ਵੀ
ਭਾਜਪਾ ਦੇ ਸੀਨੀਅਰ ਆਗੂ ਸਰਚਾਂਦ ਸਿੰਘ ਖਿਆਲਾ ਨੇ ਵੀ ਤਿਰੰਗੇ ਦੇ ਅਜਿਹੇ ਅਪਮਾਨ ਨੂੰ ਅਪਮਾਨਜਨਕ ਕਰਾਰ ਦਿੰਦਿਆਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਹਰ ਘਰ ਤਿਰੰਗਾ ਮੁਹਿੰਮ ਚਲਾ ਕੇ ਇਸ ਨੂੰ ਸਹੀ ਢੰਗ ਨਾਲ ਲਾਗੂ ਕਰਨ ਦੀ ਜ਼ਿੰਮੇਵਾਰੀ ਸੂਬਾ ਸਰਕਾਰਾਂ ਨੂੰ ਸੌਂਪੀ ਗਈ ਹੈ। ਉਨ੍ਹਾਂ ਇਸ ਨੂੰ ਪੰਜਾਬ ਦੀ ਸੱਤਾਧਾਰੀ ਪਾਰਟੀ ਦੀ ਨਾਕਾਮਯਾਬੀ ਕਰਾਰ ਦਿੱਤਾ ਕਿ ਇਹ ਦੇਸ ਦੇ ਤਿਰੰਗੇ ਦੀ ਆਨ ਅਤੇ ਸ਼ਾਨ ਨੂੰ ਬਚਾਉਣ ਵਿੱਚ ਨਾਕਾਮ ਰਹੀ ਹੈ, ਜਿਸ ਕਾਰਨ ਕੂੜੇ ਦੇ ਢੇਰਾਂ ਵਿਚ ਤਿਰੰਗਾ ਝੰਡਾ ਨਜ਼ਰ ਆ ਰਿਹਾ ਸੀ, ਜਿਸ ਕਾਰਨ ਪੰਜਾਬ ਹੀ ਨਹੀਂ ਸਗੋਂ ਪੂਰੇ ਦੇਸ ਵਿਚ ਨਮੋਸੀ ਮਹਿਸੂਸ ਹੋ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਸਬੰਧੀ ਜ਼ਿੰਮੇਵਾਰ ਜ਼ਿਲ੍ਹਾ ਪ੍ਰਸਾਸਨ ਅਤੇ ਨਗਰ ਕੌਂਸਲ ਦੇ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

rajwinder kaur

This news is Content Editor rajwinder kaur