ਸਕੈਨਿੰਗ ਸੈਂਟਰਾਂ ਨੂੰ ਕੋਵਿਡ19 ਦੇ ਸ਼ੱਕੀ ਮਰੀਜਾਂ ਦਾ ਡਾਟਾ ਜ਼ਿਲ੍ਹਾ ਪ੍ਰਸ਼ਾਸਨ ਨੂੰ ਦੇਣ ਦੀ ਹਿਦਾਇਤ

08/27/2020 2:06:28 PM

ਅੰਮ੍ਰਿਤਸਰ (ਦਿਲਜੀਤ ਸ਼ਰਮਾ) : ਕੋਵਿਡ19 ਦੇ ਨੋਡਲ ਅਧਿਕਾਰੀ ਕਮ ਵਧੀਕ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਡਾ. ਹਿਮਾਸ਼ੂੰ ਅਗਰਵਾਲ ਨੇ ਜ਼ਿਲ੍ਹੇ ਦੇ ਸਾਰੇ ਸਕੈਨਿੰਗ ਸੈਂਟਰ ਜਿੱਥੇ ਐਕਸਰੇਅ ਅਤੇ ਐੱਮ. ਆਰ. ਆਈ. ਦੇ ਟੈਸਟ ਕੀਤੇ ਜਾਂਦੇ ਹਨ, ਨੂੰ ਨਵੀਂਆਂ ਹਿਦਾਇਤਾਂ ਦਿੱਤੀਆਂ ਹਨ। ਡਾ. ਹਿਮਾਸ਼ੂੰ ਅਗਰਵਾਲ ਨੇ ਕਿਹਾ ਹੈ ਕਿ ਉਹ ਆਪਣੇ ਕੋਲ ਆਉਣ ਵਾਲੇ ਹਰੇਕ ਮਰੀਜ਼, ਜਿਸਦੇ ਲੱਛਣ ਕੋਰੋਨਾ-19 ਨਾਲ ਮਿਲਦੇ ਹੋਣ, ਦਾ ਡਾਟਾ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਦੇਣ ਤਾਂ ਜੋ ਅਜਿਹੇ ਮਰੀਜ਼ਾਂ ਦੇ ਕੋਰੋਨਾ ਟੈਸਟ ਕਰਵਾ ਕੇ ਉਨ੍ਹਾਂ ਨੂੰ ਇਕਾਂਤਵਾਸ ਕਰਨ ਦੇ ਨਾਲ-ਨਾਲ ਉਨ੍ਹਾਂ ਦਾ ਇਲਾਜ ਕੀਤਾ ਜਾ ਸਕੇ। ਇੰਡੀਅਨ ਮੈਡੀਕਲ ਐਸੋਸੀਏਸ਼ਨ ਅੰਮ੍ਰਿਤਸਰ ਦੇ ਪ੍ਰਧਾਨ ਨੂੰ ਲਿੱਖੇ ਪੱਤਰ 'ਚ ਡਾ. ਹਿਮਾਸ਼ੂੰ ਨੇ ਖਦਸ਼ਾ ਜ਼ਾਹਿਰ ਕੀਤਾ ਕਿ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਹ ਪਤਾ ਲੱਗਾ ਹੈ ਕਿ ਕੁਝ ਲੋਕਾਂ 'ਚ 'ਕੋਰੋਨਾ' ਦੇ ਲੱਛਣ ਹੁੰਦੇ ਹਨ, ਉਹ ਕੋਰੋਨਾ ਲਈ ਨਿਰਧਾਰਿਤ ਟੈਸਟ, ਜਿਵੇਂ ਕਿ ਆਰ. ਟੀ. ਪੀ. ਸੀ. ਆਰ. ਜਾਂ ਆਰ. ਏ. ਟੀ. ਨਾ ਕਰਵਾ ਕੇ ਐਕਸਰੇਅ ਅਤੇ ਐੱਮ. ਆਰ. ਆਈ. ਆਦਿ ਕਰਵਾ ਕੇ ਆਪਣੇ-ਆਪ ਨੂੰ ਧਰਵਾਸ ਦੇਣ ਦੀ ਕੋਸ਼ਿਸ਼ ਕਰ ਰਹੇ ਹਨ। ਅਜਿਹਾ ਕਰਕੇ ਉਹ ਨਾ ਕੇਵਲ ਆਪਣੀ ਅਤੇ ਆਪਣੇ ਪਰਿਵਾਰ ਦੀ ਜਾਨ ਨਾਲ ਖੇਡ ਰਹੇ ਹਨ ਸਗੋਂ ਘਰ 'ਚ ਇਕਾਂਤਵਾਸ ਨਾ ਰਹਿ ਕੇ ਕੋਰੋਨਾ ਦੀ ਬੀਮਾਰੀ ਨੂੰ ਫੈਲਾ ਰਹੇ ਹਨ।

ਇਹ ਵੀ ਪੜ੍ਹੋ : ਜਲੰਧਰ ਜ਼ਿਲ੍ਹੇ 'ਚ ਪੁਲਸ ਕਾਮੇ ਤੇ SBI ਦੇ ਸਟਾਫ਼ ਸਣੇ ਵੱਡੀ ਗਿਣਤੀ 'ਚ ਮਿਲੇ ਕੋਰੋਨਾ ਦੇ ਨਵੇਂ ਮਾਮਲੇ

ਇਸ ਲਈ ਅਜਿਹੇ ਲੋਕਾਂ ਦੀਆਂ ਗਤੀਵਿਧੀਆਂ ਨੂੰ ਰੋਕਣ ਦੇ ਨਾਲ-ਨਾਲ ਇੰਨਾ ਦਾ ਇਲਾਜ ਕਰਵਾਉਣਾ ਵੀ ਜ਼ਰੂਰੀ ਹੈ। ਉਨ੍ਹਾਂ ਸਾਰੇ ਸਕੈਨਿੰਗ ਕੇਂਦਰਾਂ ਨੂੰ ਕਿਹਾ ਕਿ ਉਹ ਅਜਿਹੇ ਮਰੀਜ਼ ਜਿੰਨ੍ਹਾਂ 'ਚ ਕੋਵਿਡ-19 ਦੇ ਲੱਛਣ ਵਿਖਾਈ ਦੇਣ, ਉਸ ਦੀ ਸੂਚਨਾ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਈ-ਮੇਲ amritsarcontrolroom@gmail.com ਅਤੇ nrhmamritsar@gmail.com 'ਤੇ ਤਰੁੰਤ ਦੇਣ ਤਾਂ ਜੋ ਕੋਰੋਨਾ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਘਰੇਲੂ ਇਕਾਂਤਵਾਸ ਲਈ ਛੋਟ ਦਿੱਤੀ ਹੋਣ ਕਾਰਨ ਹੁਣ ਕੋਈ ਵੀ ਵਿਅਕਤੀ, ਜਿੰਨਾ ਵਿਚ 60 ਸਾਲ ਤੋਂ ਵੱਧ ਉਮਰ ਦੇ ਬਜ਼ੁਰਗ ਅਤੇ ਗਰਭਵਤੀ ਜਨਾਨੀਆਂ ਵੀ ਸ਼ਾਮਿਲ ਹਨ, ਕੋਰੋਨਾ ਟੈਸਟ ਦੇ ਪਾਜ਼ੇਟਿਵ ਆਉਣ 'ਤੇ ਆਪਣੇ ਘਰ ਵਿਚ ਇਕਾਂਤਵਾਸ ਰਹਿ ਸਕਦੇ ਹਨ, ਬਸ਼ਰਤੇ ਕਿ ਉਨ੍ਹਾਂ ਦੀ ਸਿਹਤ ਠੀਕ ਹੋਵੇ ਅਤੇ ਘਰ 'ਚ ਰਹਿਣ ਲਈ ਵੱਖਰਾ ਸਥਾਨ ਹੋਵੇ। ਡਾ. ਹਿਮਾਸ਼ੂੰ ਨੇ ਕਿਹਾ ਕਿ ਲੋਕ ਕੋਰੋਨਾ ਟੈਸਟ ਕਰਵਾਉਣ ਉਪਰੰਤ ਭਾਵੇਂ ਆਪਣੇ ਘਰ ਹੀ ਰਹਿ ਰਹੇ ਹੋਣ ਪਰ ਸਾਡੇ ਧਿਆਨ 'ਚ ਹੋਣਗੇ ਤਾਂ ਅਸੀਂ ਕਿਸੇ ਵੀ ਤਰ੍ਹਾਂ ਦੀ ਮਦਦ ਲਈ ਤਿਆਰ ਰਹਾਂਗੇ ਅਤੇ ਜੇਕਰ ਅਜਿਹਾ ਨਹੀਂ ਹੋਵੇਗਾ ਤਾਂ ਹੋ ਸਕਦਾ ਹੈ ਕਿ ਸਾਡੀ ਟੀਮ ਤੁਹਾਡੀ ਸਮੇਂ ਸਿਰ ਮਦਦ ਨਾ ਕਰ ਸਕੇ। ਇਸ ਲਈ ਜ਼ਰੂਰੀ ਹੈ ਕਿ ਹਰੇਕ ਸ਼ੱਕੀ ਵਿਅਕਤੀ ਆਪਣਾ ਕੋਰੋਨਾ ਟੈਸਟ ਜ਼ਰੂਰ ਕਰਵਾਏ।

 

Anuradha

This news is Content Editor Anuradha