ਐੱਸ. ਵਾਈ. ਐੱਲ. ਨਹਿਰ ਪੁੱਟਣ ਆਏ ਇਨੈਲੋ ਨੇਤਾਵਾਂ ਨੂੰ ਪੰਜਾਬ ਪੁਲਸ ਨੇ ਟੱਪਣ ਨਹੀਂ ਦਿੱਤੇ ਬੈਰੀਕੇਡ, ਕਈ ਗ੍ਰਿਫਤਾਰ

02/24/2017 12:48:13 PM

ਸ਼ੰਭੂ : ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਵਲੋਂ 23 ਫਰਵਰੀ ਨੂੰ ਸਤਲੁਜ-ਯੁਮਨਾ ਲਿੰਕ (ਐੱਸ. ਵਾਈ. ਐੱਲ.) ਨਹਿਰ ਦੇ ਪਾਣੀ ''ਤੇ ਹੱਕ ਜਮਾਉਣ ਲਈ ਪਿੰਡ ਕਪੂਰੀ ਤੱਕ ਪੁੱਜਣ ਲਈ ਆਪਣਾ ਪੂਰਾ ਜ਼ੋਰਾ ਲਾਇਆ ਗਿਆ ਪਰ ਪੰਜਾਬ ਪੁਲਸ ਨੇ ਇਨੈਲੋ ਵਰਕਰਾਂ ਨੂੰ ਬੈਰੀਕੇਡ ਤੱਕ ਟੱਪਣ ਨਹੀਂ ਦਿੱਤੇ। ਇਨੈਲੋ ਨੇਤਾ ਅਭੈ ਚੌਟਾਲਾ ਦੀ ਅਗਵਾਈ ''ਚ ਕਰੀਬ 2500 ਸਮਰਥਕਾਂ ਨੇ ਪੰਜਾਬ-ਹਰਿਆਣਾ ਬਾਰਡਰ ਵੱਲ ਕੂਚ ਕੀਤਾ ਪਰ ਇਸ ਤੋਂ ਅੱਗੇ ਪੰਜਾਬ ਪੁਲਸ ਨੇ ਇਨ੍ਹਾਂ ਨੂੰ ਨਹੀਂ ਜਾਣ ਦਿੱਤਾ, ਜਿਸ ਕਾਰਨ ਅਭੈ ਚੌਟਾਲਾ ਨੇ ਘੱਗਰ ਦਰਿਆ ''ਤੇ ਟੱਕ ਲਾ ਦਿੱਤਾ। ਅਭੈ ਚੌਟਾਲਾ ਨੇ ਖੁਦ ਹੀ ਆਪਣੇ ਸਮਰਥਕਾਂ ਨੂੰ ਪਿੱਛੇ ਮੁੜਨ ਲਈ ਕਿਹਾ, ਜਿਸ ਤੋਂ ਬਾਅਦ ਪੂਰੇ ਜੋਸ਼ ''ਚ ਆਏ ਇਨੈਲੋ ਵਰਕਰ ਵਾਪਸ ਜਾਂਦੇ ਹੋਏ ਦਿਖਾਈ ਦਿੱਤੇ। ਇਸ ਦੌਰਾਨ ਪੰਜਾਬ ਪੁਲਸ ਨੇ ਕਈ ਇਨੈਲੋ ਸਮਰਥਕਾਂ ਨੂੰ ਗ੍ਰਿਫਤਾਰ ਵੀ ਕਰ ਲਿਆ। ਜ਼ਿਕਰਯੋਗ ਹੈ ਕਿ ਇਨੈਲੋ ਨੇਤਾ ਅਭੈ ਚੌਟਾਲਾ ਨੇ ਐਲਾਨ ਕੀਤਾ ਸੀ ਕਿ ਉਹ ਪੰਜਾਬ ਤੋਂ ਆਪਣਾ ਪਾਣੀ ਲੈ ਕੇ ਰਹਿਣਗੇ ਅਤੇ ਇਸ ਦੇ ਲਈ 23 ਫਰਵਰੀ ਨੂੰ ਆਪਣੇ ਇਕ ਲੱਖ ਸਮਰਥਕਾਂ ਸਮੇਤ ਪਿੰਡ ਕਪੂਰੀ ਪੁੱਜ ਕੇ ਐੱਸ. ਵਾਈ. ਐੱਲ. ਨਹਿਰ ਦੀ ਖੁਦਾਈ ਕਰਨਗੇ ਪਰ ਸ਼ੰਭੂ ਬਾਰਡਰ ''ਤੇ ਹਜ਼ਾਰਾਂ ਦੀ ਗਿਣਤੀ ''ਚ ਤਾਇਨਾਤ ਪੁਲਸ ਮੁਲਾਜ਼ਮਾਂ ਅਤੇ ਪੈਰਾ ਮਿਲਟਰੀ ਫੋਰਸ ਨੇ ਇਨ੍ਹਾਂ ਵਰਕਰਾਂ ਨੂੰ ਅੱਗੇ ਨਹੀਂ ਵਧਣ ਦਿੱਤਾ ਅਤੇ ਹੰਗਾਮਾ ਕਰਨ ਵਾਲੇ ਕੁਝ ਇਨੈਲੋ ਨੇਤਾਵਾਂ ਨੂੰ ਗ੍ਰਿਫਤਾਰ ਵੀ ਕਰ ਲਿਆ।

Babita Marhas

This news is News Editor Babita Marhas