ਫ਼ਿਰੋਜ਼ਪੁਰ ’ਚ ਜ਼ਮੀਨੀ ਵਿਵਾਦ ਨੂੰ ਲੈ ਕੇ ਚੱਲੀਆਂ ਅੰਨ੍ਹੇਵਾਹ ਗੋਲ਼ੀਆਂ, 2 ਦੀ ਹੋਈ ਮੌਤ

09/08/2022 3:45:15 PM

 ਫ਼ਿਰੋਜ਼ਪੁਰ (ਕੁਮਾਰ) :  ਅੱਜ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਸਭਰਾਵਾਂ ਵਿਖੇ ਕਰੀਬ 6 ਕਨਾਲ ਜ਼ਮੀਨ ਨੂੰ ਲੈ ਕੇ ਸ਼ਰੇਆਮ ਗੋਲੀਆਂ ਚੱਲੀਆਂ ਅਤੇ ਗੋਲੀਆਂ ਲੱਗਣ ਨਾਲ ਇੱਕੋ ਪਰਿਵਾਰ ਦੇ 2 ਮੈਂਬਰਾਂ ਦੀ ਮੌਤ ਹੋ ਗਈ, ਜਦਕਿ 2 ਵਿਅਕਤੀ ਜ਼ਖਮੀ ਹੋ ਗਏ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਸਿਵਲ ਹਸਪਤਾਲ ਫਿਰੋਜ਼ਪੁਰ ਦੇ ਡਿਊਟੀ ’ਤੇ ਮੌਜੂਦ ਡਾਕਟਰ ਨੇ ਦੱਸਿਆ ਕਿ ਛਾਤੀ ’ਚ ਸਿੱਧੀਆਂ ਗੋਲੀਆਂ ਲੱਗਣ ਕਾਰਨ 2 ਵਿਅਕਤੀਆਂ ਦੀ ਮੌਤ ਹੋ ਗਈ ਹੈ। ਪੀੜਤ ਪਰਿਵਾਰ ਦੇ ਲੋਕਾਂ ਨੇ ਦੱਸਿਆ ਕਿ 15/20 ਹਥਿਆਰਬੰਦ ਵਿਅਕਤੀ ਜ਼ਮੀਨ ’ਤੇ ਨਾਜਾਇਜ਼ ਕਬਜ਼ਾ ਕਰਨ ਲਈ ਆਏ ਸਨ, ਜਿਨ੍ਹਾਂ ’ਚੋਂ ਇਕ ਸੇਵਾਮੁਕਤ ਫੌਜੀ ਵੀ ਹੈ ਅਤੇ ਆਉਂਦੇ ਹੀ ਉਨ੍ਹਾਂ ਨੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਕਾਰਨ 2 ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਇਹ ਖ਼ਬਰ ਵੀ ਪੜ੍ਹੋ : ਆਟਾ-ਦਾਲ ਸਕੀਮ ਨੂੰ ਲੈ ਕੇ ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, ਯੋਗ ਲਾਭਪਾਤਰੀਆਂ ਦੀ ਪਛਾਣ ਲਈ ਹੋਵੇਗੀ ਵੈਰੀਫਿਕੇਸ਼ਨ

ਇਸ ਦੌਰਾਨ ਜ਼ਖਮੀਆਂ ਨੂੰ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਲਿਆਂਦਾ ਗਿਆ, ਜਿੱਥੇ ਜ਼ਖਮੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ ਅਤੇ ਮ੍ਰਿਤਕਾਂ ਦੀਆਂ ਲਾਸ਼ਾਂ ਮੋਰਚਰੀ ’ਚ ਰਖਵਾ ਦਿੱਤੀਆਂ ਗਈਆਂ ਹਨ। ਪੀੜਤ ਪਰਿਵਾਰ ਨੇ ਮੌਜੂਦਾ ਸਰਕਾਰ ਦੇ ਇਕ ਵਿਧਾਇਕ ’ਤੇ ਕਾਤਲਾਂ ਦੀ ਮਦਦ ਕਰਨ ਅਤੇ ਉਨ੍ਹਾਂ ਨੂੰ ਮਾਰਨ ਲਈ ਹੱਲਾਸ਼ੇਰੀ ਦੇਣ ਦਾ ਦੋਸ਼ ਲਗਾਇਆ ਹੈ। ਖ਼ਬਰ ਲਿਖੇ ਜਾਣ ਤੱਕ ਪੁਲਸ ਵੱਲੋਂ ਜ਼ਖਮੀਆਂ ਦੇ ਬਿਆਨ ਲੈ ਕੇ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ’ਚ ਚੀਕ ਚਿਹਾੜਾ ਮੱਚਿਆ ਹੋਇਆ ਹੈ।

Manoj

This news is Content Editor Manoj