ਇੰਦਰਾ ਗਾਂਧੀ ਐਵਾਰਡ ਲਈ ਅਰਜ਼ੀਆਂ ਦੀ ਮੰਗ 30 ਸਤੰਬਰ ਤਕ ਭੇਜੀਆਂ ਜਾ ਸਕਦੀਆਂ ਹਨ ਅਰਜ਼ੀਆਂ

07/28/2017 6:36:38 AM

ਮੋਹਾਲੀ  (ਨਿਆਮੀਆਂ) - ਪੰਜਾਬ ਸਰਕਾਰ ਦੇ ਆਮ ਰਾਜ ਪ੍ਰਬੰਧ ਵਿਭਾਗ ਦੀ ਆਮ ਤਾਲਮੇਲ ਸ਼ਾਖਾ ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਇੰਦਰਾ ਗਾਂਧੀ ਮੈਮੋਰੀਅਲ ਟਰੱਸਟ, 1-ਅਕਬਰ ਰੋਡ ਨਵੀਂ ਦਿੱਲੀ ਵਲੋਂ ਸਾਲ-2017 ਲਈ ਇੰਦਰਾ ਗਾਂਧੀ ਐਵਾਰਡ ਦਿੱਤਾ ਜਾਣਾ ਹੈ ਅਤੇ ਇਹ ਇਨਾਮ ਉਨ੍ਹਾਂ ਵਿਅਕਤੀਆਂ ਨੂੰ ਦਿੱਤਾ ਜਾਵੇਗਾ ਜਿਨ੍ਹਾਂ ਨੇ ਦੇਸ਼ ਦੇ ਵਿਕਾਸ ਤੇ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਰੱਖਣ ਲਈ ਵਿਸ਼ੇਸ਼ ਕਾਰਜ ਕੀਤੇ ਹੋਣਗੇ। ਇਹ ਜਾਣਕਾਰੀ ਦਿੰਦਿਆਂ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਸ ਐਵਾਰਡ ਵਿਚ 10 ਲੱਖ ਰੁਪਏ ਦੇ ਨਕਦ ਇਨਾਮ ਤੋਂ ਇਲਾਵਾ ਸਾਬਕਾ ਪ੍ਰਧਾਨ ਮੰਤਰੀ ਸਵਰਗੀ ਇੰਦਰਾ ਗਾਂਧੀ ਦੀ ਲਗਭਗ 2000 ਲੱਖ ਸਾਲ ਪੁਰਾਣੇ ਪੱਥਰ ਤੋਂ ਤਿਆਰ ਕੀਤੀ ਹੋਈ ਇਕ ਮੂਰਤੀ ਅਤੇ ਇਕ ਸਾਈਟੇਸ਼ਨ ਸ਼ਾਮਲ ਹਨ।
ਉਨ੍ਹਾਂ ਦੱਸਿਆ ਕਿ ਇਨਾਮ ਲੈਣ ਦੇ ਚਾਹਵਾਨ ਵਿਅਕਤੀ ਵਲੋਂ ਜਿਥੇ ਦੇਸ਼ ਦੇ ਆਰਥਿਕ ਵਿਕਾਸ ਵਿਚ ਵਿਲੱਖਣ ਯੋਗਦਾਨ ਪਾਇਆ ਹੋਣਾ ਚਾਹੀਦਾ ਹੈ, ਉਥੇ ਹੀ ਉਸ ਵਲੋਂ ਦੇਸ਼ ਦੇ ਚੌਤਰਫਾ ਵਿਕਾਸ ਵਿਚ ਤੇਜ਼ੀ ਲਿਆਉਣ ਵਾਸਤੇ ਕੋਈ ਠੋਸ ਕਦਮ ਚੁੱਕੇ ਹੋਣੇ ਚਾਹੀਦੇ ਹਨ। ਉਨ੍ਹਾਂ ਦੱਸਿਆ ਕਿ ਐਵਾਰਡ ਲੈਣ ਦੇ ਚਾਹਵਾਨ 30 ਸਤੰਬਰ ਤੱਕ ਟਰੱਸਟ ਦੇ ਦਫ਼ਤਰ ਵਿਖੇ ਸੰਪਰਕ ਕਰ ਕੇ ਆਪਣੀਆਂ ਪ੍ਰਾਪਤੀਆਂ ਭੇਜ ਸਕਦੇ ਹਨ। ਐਵਾਰਡ ਲਈ ਯੋਗ ਵਿਅਕਤੀ ਦੀ ਚੋਣ ਸਮਾਜ ਦੇ ਵੱਖ-ਵੱਖ ਵਰਗਾਂ ਦੇ ਮਾਹਿਰਾਂ ਵੱਲੋਂ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਐਵਾਰਡ ਦੇਣ ਲਈ ਬਣਾਈ ਗਈ ਜਿਊਰੀ ਇਨਾਮ ਨੂੰ ਇਕ ਜਾਂ ਇਕ ਤੋਂ ਵੱਧ ਵਿਅਕਤੀਆਂ ਵਿਚ ਵੰਡਣ ਦਾ ਅਧਿਕਾਰ ਵੀ ਰੱਖਦੀ ਹੈ। ਉਨ੍ਹਾਂ ਦੱਸਿਆ ਕਿ ਟਰੱਸਟ ਵਲੋਂ ਆਮ ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ, ਆਮ ਲੋਕਾਂ ਦੀ ਭਲਾਈ, ਆਧੁਨਿਕ ਵਿਗਿਆਨ ਦੀਆਂ ਤਕਨੀਕਾਂ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਂਦੇ ਹਨ। ਇਸ ਤੋਂ ਇਲਾਵਾ ਟਰੱਸਟ ਵਲੋਂ ਸੱਭਿਆਚਾਰਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨਾ ਅਤੇ ਯੂਨੀਵਰਸਲ ਪੱਧਰ 'ਤੇ ਲੋਕ ਆਰਟ, ਲੋਕ ਸੰਗੀਤ, ਥੀਏਟਰ, ਫਿਲਮ, ਪੇਂਟਿੰਗ ਤੇ ਸਾਖਰਤਾ ਨੂੰ ਬੜ੍ਹਾਵਾ ਦਿੱਤਾ ਜਾਂਦਾ ਹੈ।