ਭਾਰਤੀਆਂ ਨੂੰ ਸ਼ੁੱਧ ਪਾਣੀ ਪੀਣ ਲਈ ਰੋਜ਼ਾਨਾ ਖਰਚਣੇ ਪਿਆ ਕਰਨਗੇ ਕਰੀਬ 400 ਰੁਪਏ

08/03/2019 6:20:57 PM

ਜਗ ਬਾਣੀ ਵਿਸ਼ੇਸ਼ ਰਿਪੋਰਟ (ਜਸਬੀਰ ਵਾਟਾਂ ਵਾਲੀ) ਭਾਰਤ ਵਿਚ ਪੀਣ ਵਾਲੇ ਪਾਣੀ ਦੇ ਖਤਮ ਅਤੇ ਦੂਸ਼ਿਤ ਹੁੰਦੇ ਸਰੋਤ ਵੱਡੀ ਚਿੰਤਾ ਦਾ ਵਿਸ਼ਾ ਬਣ ਚੁੱਕਾ ਹੈ। ਭਾਰਤ ਦੀ ਕੁੱਲ ਆਬਾਦੀ ਦਾ ਵੱਡਾ ਹਿੱਸਾ ਇਸ ਵੇਲੇ ਬੋਤਲ ਵਾਲੇ ਮੁੱਲ ਦੇ ਪਾਣੀ ’ਤੇ ਨਿਰਭਰ ਹੋ ਚੁੱਕਾ ਹੈ। ਸਾਲ 2013 ਤੱਕ ਭਾਰਤ ਵਿਚ ਪੀਣ ਵਾਲੇ ਪਾਣੀ ਦਾ ਕਾਰੋਬਾਰ 60 ਅਰਬ ਰੁਪਏ ਸੀ। ਸਾਲ 2019 ਦੇ ਅੰਤ ਤੱਕ ਇਹ ਬਾਜ਼ਾਰ 160 ਅਰਬ ਤੱਕ ਪਹੁੰਚਣ ਦਾ ਅਨੁਮਾਨ ਹੈ। 
ਵਿਦੇਸ਼ੀ ਵੈਬਸਾਈਟ ‘ਬਿਜ ਵਾਈਬ’ ਦੇ ਅੰਕੜਿਆਂ ਮੁਤਾਬਕ ਭਾਰਤ ਵਿਚ 3 ਹਜ਼ਾਰ ਤੋਂ ਵਧੇਰੇ ਕੰਪਨੀਆਂ ਸੰਗਠਿਤ ਹੋ ਕੇ ਪਾਣੀ ਦਾ ਕਾਰੋਬਾਰ ਕਰ ਰਹੀਆਂ ਹਨ। ਇਸੇ ਤਰ੍ਹਾਂ 12 ਹਜ਼ਾਰ ਦੇ ਕਰੀਬ ਕੰਪਨੀਆਂ ਅਸੰਗਠਿਤ ਰੂਪ ਵਿਚ ਪਾਣੀ ਦਾ ਕਾਰੋਬਾਰ ਕਰ ਰਹੀਆਂ ਹਨ। ਵੈਬ ਸਾਈਟ ‘ਬੋਟਲ ਵਾਟਰ ਇੰਡੀਆ’ ਦੇ ਅੰਕੜਿਆਂ ਮੁਤਾਬਕ ਭਾਰਤ ਵਿਚ ਪ੍ਰਤੀ ਵਿਅਕਤੀ ਬੋਤਲ ਵਾਲੇ ਪਾਣੀ ਦੀ ਮੌਜੂਦਾ ਖਪਤ 5 ਲੀਟਰ ਦੇ ਕਰੀਬ ਹੈ, ਜਿਸ ਹਿਸਾਬ ਨਾਲ ਭਾਰਤ ਵਿਚ ਪੀਣ ਵਾਲੇ ਪਾਣੀ ਦੇ ਸਰੋਤਾਂ ਦੀ ਤਬਾਹੀ ਹੋ ਰਹੀ ਹੈ, ਇਹ ਅਣਦਾਜੇ ਲਗਾਏ ਜਾ ਰਹੇ ਹਨ ਕਿ ਆਉਣ ਵਾਲੇ ਸਮੇਂ ਵਿਚ ਪ੍ਰਤੀ ਵਿਅਕਤੀ ਪੀਣ ਵਾਲੇ ਸਾਫ ਪਾਣੀ ਦੀ ਖਪਤ 15-20 ਲੀਟਰ ਦੇ ਕਰੀਬ ਪੁੱਜ ਜਾਵੇਗੀ। ਸਮੁੱਚੇ ਵਿਸ਼ਵ ਵਿਚ ਪ੍ਰਤੀ ਵਿਅਕਤੀ ਪਾਣੀ ਵਾਲੇ ਪਾਣੀ ਦੀ ਮੌਜੂਦਾ ਖਪਤ ਨੂੰ ਦੇਖੀਏ ਤਾਂ ਇਹ 30 ਲੀਟਰ ਦੇ ਕਰੀਬ ਹੈ। ਬੋਤਲ ਬੰਦ ਆਮ ਪਾਣੀ ਦੀ ਕੀਮਤ ਘੱਟ ਤੋਂ ਘੱਟ 20 ਰੁਪਏ ਦੇ ਹਿਸਾਬ ਨਾਲ ਵੀ ਦੇਖੀਏ ਤਾਂ ਆਉਣ ਵਾਲੇ ਕੁਝ ਸਾਲਾਂ ਵਿਚ ਭਾਰਤੀਆਂ ਦਾ ਪੀਣ ਵਾਲੇ ਪਾਣੀ ਦਾ ਇਕ ਦਿਨ ਦਾ ਖ਼ਰਚਾ 400 ਰੁਪਏ ਦੇ ਕਰੀਬ ਹੋਵੇਗਾ।  

ਇਸ ਤਰ੍ਹਾਂ ਸ਼ੁਰੂ ਹੋਇਆ ਬੋਤਲ ਬੰਦ ਪਾਣੀ ਦਾ ਕਾਰੋਬਾਰ
ਬੋਤਲ ਬੰਦ ਪਾਣੀ ਦੇ ਬਾਜ਼ਾਰ ਦੀ ਮੁੱਢਲੀ ਸ਼ੁਰੂਆਤ 1767 ਵਿਚ ਅਮਰੀਕਾ ਦੇ ਸ਼ਹਿਰ ਬੋਸਟਨ ਤੋਂ ਹੋਈ। ਸ਼ੁਰੂਆਤੀ ਦੌਰ ’ਚ ਝਰਨਿਆਂ ਅਤੇ ਖੂਹਾਂ ਦਾ ਪਾਣੀ ਕੱਚ ਦੀਆਂ ਬੋਤਲਾਂ ਵਿਚ ਭਰ ਕੇ ਵੇਚਿਆ ਜਾਂਦਾ ਸੀ। ਇਸ ਤੋਂ ਬਾਅਦ ਤੋਂ ਜਦੋਂ ਪਾਲੀਥਾਈਲੀਨ ਟੇਰੇਫਾਈਡ (ਪੇਟਾ) ਦੀ ਵਰਤੋਂ ਨਾਲ ਪਲਾਸਟਿਕ ਦੀਆਂ ਬੋਤਲਾਂ ਬਣਾਈਆਂ ਜਾਣ ਲੱਗੀਆਂ ਤਾਂ ਇਹ ਪਾਣੀ ਇਨ੍ਹਾਂ ਬੋਤਲਾਂ ਵਿਚ ਭਰ ਕੇ ਵੇਚਿਆ ਜਾਣ ਲੱਗਾ। ਭਾਰਤ ਵਿਚ ਬੋਤਲ ਬੰਦ ਪਾਣੀ ਦੇ ਕਾਰੋਬਾਰ ਦੇ ਹਵਾਲੇ 1949 ਤੋਂ ਮਿਲਦੇ ਹਨ। ਇਸ ਤੋਂ ਬਾਅਦ ਸਾਲ 1965 ਦੌਰਾਨ ਬਿਸਲੇਰੀ ਨੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ। 90 ਦੇ ਦਹਾਕੇ ਤੱਕ ਬੋਤਲ ਵਾਲਾ ਪਾਣੀ ਅਮੀਰ ਲੋਕਾਂ ਦੇ ਹੱਥਾਂ ਵਿਚ ਪਹੁੰਚ ਗਿਆ। ਇਸ ਦੇ ਨਾਲ-ਨਾਲ ਵੀ.ਆਈ. ਪੀ ਦਫਤਰਾਂ ਅਤੇ ਮੀਟਿੰਗਾਂ ਵਿਚ ਵੀ ਬੋਤਲ ਬੰਦ ਪਾਣੀ ਨੂੰ ਸ਼ਾਨ ਦਾ ਪ੍ਰਤੀਕ ਸਮਝਿਆ ਜਾਣ ਲੱਗਾ। ਇਸ ਦੌਰਾਨ ਹੀ ਸਾਡੇ ਜਲ ਸਰੋਤ ਵੀ ਵੱਡੀ ਪੱਧਰ ’ਤੇ ਦੂਸ਼ਿਤ ਹੋਣੇ ਸ਼ੁਰੂ ਹੋ ਗਏ। ਇਸ ਤੋਂ ਬਾਅਦ ਬੋਤਲ ਬੰਦ ਪਾਣੀ ਹਰ ਕਿਸੇ ਦੀ ਜ਼ਰੂਰਤ ਬਣਨਾ ਸ਼ੁਰੂ ਹੋ ਗਿਆ। ਦੇਖਦੇ ਹੀ ਦੇਖਦੇ ਅਨੇਕਾਂ ਕੰਪਨੀਆਂ ਪਾਣੀ ਦੇ ਇਸ ਬਾਜ਼ਾਰ ਵਿਚ ਉਤਰ ਆਈਆਂ। ਇਸ ਤੋਂ ਬਾਅਦ ਬੋਤਲਾਂ ਦੇ ਨਾਲ-ਨਾਲ 20 ਲੀਟਰ ਦੇ ਵੱਡੇ-ਵੱਡੇ ਪਾਣੀ ਦੇ ਕੈਨ ਵੀ ਸਿੱਧੇ ਘਰਾਂ ਤੱਕ ਪਹੁੰਚਣੇ ਸ਼ੁਰੂ ਹੋ ਗਏ। 

2600 ਰੁਪਏ ਲੀਟਰ ਵੀ ਵਿਕਦਾ ਹੈ ਇਹ ਪਾਣੀ

ਅੰਤਰਾਸ਼ਟਰੀ ਬਾਜ਼ਾਰ ਵਿਚ ਪਾਣੀ ਦੇ ਵਿੱਕਰੀ ਮੁੱਲ ’ਤੇ ਝਾਤੀ ਮਾਰੀਏ ਤਾਂ ਦੇਖ ਕੇ ਅੱਖਾਂ ਟੱਡੀਆਂ ਰਹਿ ਜਾਂਦੀਆਂ ਹਨ। ਜਾਪਾਨ ਵਿਚ ‘ਕੋਨਾ ਨਿਗਰੀ’ ਬਰਾਂਡ ਦਾ ਪਾਣੀ 2600 ਰੁਪਏ ਲੀਟਰ ਤੱਕ ਵਿੱਕਦਾ ਹੈ। ਭਾਰਤ ਵਿਚ ਬੋਤਲ ਬੰਦ ਪਾਣੀ 15 ਰੁਪਏ ਲੀਟਰ ਤੋਂ ਸ਼ੁਰੂ ਹੁੰਦਾ ਹੈ। ਭਾਰਤ ਦੀ ਬਹੁ ਗਿਣਤੀ 20 ਤੋਂ 25 ਰੁਪਏ ਵਾਲਾ ਬੰਦ ਬੋਤਲ ਪਾਣੀ ਪੀਂਦੀ ਹੈ। ਇਸ ਤੋਂ ਬਾਅਦ ਉਨ੍ਹਾਂ ਲੋਕਾਂ ਦੀ ਵੀ ਕਾਫੀ ਗਿਣਤੀ ਹੈ, ਜੋ 150 ਰੁਪਏ ਕੀਮਤ ਵਾਲਾ ਬੰਦ ਬੋਤਲ ਪਾਣੀ ਪੀਂਦੇ ਹਨ। ਸਾਡੀ ਦੇਸ਼ ਦੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਫਰਾਂਸ ਦੇ ਜਿਸ ਬਰਾਂਡ ਦਾ ਪਾਣੀ ਪੀਂਦੇ ਹਨ, ਉਸ ਦੀ ਕੀਮਤ ਭਾਰਤ ਵਿਚ ਆ ਕੇ 600 ਰੁਪਏ ਤੱਕ ਪਹੁੰਚ ਜਾਂਦੀ ਹੈ।

jasbir singh

This news is News Editor jasbir singh