ਭਾਰਤੀ ਫੌਜ ਵੱਲੋਂ ਵਰਤੇ ਜਾਣ ਵਾਲੇ ਸਾਮਾਨ ਸਮੇਤ ਦੋ ਗ੍ਰਿਫਤਾਰ

01/16/2018 2:08:17 PM

ਗੁਰਦਾਸਪੁਰ (ਵਿਨੋਦ) - ਪੁਰਾਣਾ ਸ਼ਾਲਾ ਪੁਲਸ ਨੇ ਭਾਰਤੀ ਸੈਨਾ ਦੀ ਵਰਦੀਆਂ ਤੇ ਹੋਰ ਸਾਮਾਨ ਵੇਚਣ ਦੇ ਜ਼ੁਰਮ 'ਚ ਪਿਓ-ਪੁੱਤਰ ਨੂੰ ਗ੍ਰਿਫ਼ਤਾਰ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪੁਰਾਣਾ ਸ਼ਾਲਾ ਪੁਲਸ ਸਟੇਸ਼ਨ ਇੰਚਾਰਜ ਵਿਸ਼ਵਾਨਾਥ ਨੇ ਦੱਸਿਆ ਕਿ 3 ਜਨਵਰੀ ਨੂੰ ਜ਼ਿਲਾ ਮੈਜਿਸਟ੍ਰੇਟ ਗੁਰਦਾਸਪੁਰ ਵਲੋਂ ਸੈਨਾ ਨਾਲ ਸੰਬੰਧਿਤ ਸਾਮਾਨ ਜਿਸ 'ਚ ਵਰਦੀ ਆਦਿ ਸ਼ਾਮਲ ਹੈ ਨੂੰ ਵੇਚਣ ਦੀ ਪਾਬੰਧੀ ਦੇ ਆਦੇਸ਼ ਜਾਰੀ ਕੀਤੇ ਗਏ ਸਨ। ਇਸ ਸੰਬੰਧੀ ਤਿੱਬੜੀ ਛਾਉਣੀ ਦੇ ਸਾਹਮਣੇ ਦੁਕਾਨ ਕਰ ਰਹੇ ਸਾਰੇ ਦੁਕਾਨਦਾਰਾਂ ਨੂੰ ਲਿਖਤੀ ਅਤੇ ਮੋਖਿਕ ਨੋਟ ਵੀ ਕਰਵਾ ਦਿੱਤਾ ਗਿਆ ਸੀ।
ਉਨ੍ਹਾਂ ਦੱਸਿਆ ਕਿ ਬੀਤੇ ਦਿਨ ਪੁਰਾਣਾ ਸ਼ਾਲਾ ਪੁਲਸ ਸਟੇਸ਼ਨ 'ਚ ਤਾਇਨਾਤ ਸਬ ਇੰਸਪੈਕਟਰ ਤਾਰਾ ਸਿੰਘ ਤੇ ਸਹਾਇਕ ਸਬ ਇੰਸਪੈਕਟਰ ਲਖਵਿੰਦਰ ਕੌਰ ਪੁਲਸ ਪਾਰਟੀ ਦੇ ਨਾਲ ਗਸ਼ਤ ਕਰ ਰਹੇ ਸੀ ਕਿ ਤਿੱਬੜੀ ਛਾਉਣੀ ਦੇ ਸਾਹਮਣੇ ਠਾਕੁਰ ਆਰਮੀ ਸਟੋਰ ਦੀ ਦੁਕਾਨ ਤੇ ਸੈਨਾ ਦੀਆਂ ਵਰਦੀਆਂ ਪਈਆਂ ਵੇਖੀਆਂ ਤਾਂ ਦੁਕਾਨ 'ਤੇ ਜਾ ਕੇ ਚੈੱਕ  ਕਰਨ ਤੇ ਉਥੇ ਮਲਕੀਤ ਸਿੰਘ ਅਤੇ ਉਸ ਦਾ ਪਿਤਾ ਪ੍ਰਤਾਪ ਸਿੰਘ ਨਿਵਾਸੀ ਚਾਵਾ ਬੈਠੇ ਸਨ। ਦੁਕਾਨ ਦੀ ਤਾਲਾਸ਼ੀ ਲੈਣ ਤੇ ਦੁਕਾਨ ਦੇ ਅੰਦਰ ਸੈਨਿਕਾਂ ਵਲੋਂ ਪਾਏ ਜਾਣ ਵਾਲੇ ਵੱਡੀ ਮਾਤਰਾਂ 'ਚ ਸਾਮਾਨ ਪਿਆ ਮਿਲਿਆ।
ਪੁਲਸ ਅਧਿਕਾਰੀ ਵਿਸ਼ਵਾਨਾਥ ਨੇ ਦੱਸਿਆ ਕਿ ਜਾਂਚ ਦੌਰਾਨ ਮਿਲੇ ਸਾਮਾਨ 'ਚ ਸੈਨਿਕਾਂ ਵਲੋਂ ਪਾਈਆਂ ਜਾਣ ਵਾਲੀਆਂ ਜ਼ੁਰਾਬਾਂ -26 ਜੋੜੇ, ਬੂਟ-39 ਜੋੜੇ, ਹੈਟ-18, ਹੈਲਮਟ-6, ਪਿੱਠੂ ਕਿੱਟਾਂ-28, ਪੇਚ ਕਿਟ ਛੋਟੀ-18, ਕੈਪ-150, ਫੌਜੀ ਬੈਗ-12, ਸੇਵਿੰਗ ਬੈਗ ਕਿਟ -41 , ਬੈਲਟ-5 ਬਰਾਮਦ ਹੋਈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਦੋਵਾਂ ਪਿਓ-ਪੁੱਤਾਂ ਨੂੰ ਧਾਰਾ 188 ਅਧੀਨ ਗ੍ਰਿਫ਼ਤਾਰ ਕਰਕੇ ਜ਼ਮਾਨਤ ਤੇ ਰਿਹਾਅ ਕੀਤਾ ਗਿਆ।