ਭਾਰਤੀ ਇਨਕਲਾਬੀ ਮਾਰਕਸੀ ਪਾਰਟੀ ਵੱਲੋਂ ਕੇਂਦਰ ਤੇ ਪੰਜਾਬ ਸਰਕਾਰ ਵਿਰੁੱਧ ਰੈਲੀ

03/30/2018 5:35:48 AM

 ਸੁਲਤਾਨਪੁਰ ਲੋਧੀ, (ਸੋਢੀ, ਜੋਸ਼ੀ, ਧੀਰ)- ਭਾਰਤੀ ਇਨਕਲਾਬੀ ਮਾਰਕਸੀ ਪਾਰਟੀ ਦੇ ਸੱਦੇ 'ਤੇ ਸੁਲਤਾਨਪੁਰ ਲੋਧੀ ਦੇ ਸੈਂਕੜੇ ਪਾਰਟੀ ਵਰਕਰਾਂ, ਮਜ਼ਦੂਰਾਂ-ਕਿਸਾਨਾਂ, ਨੌਜਵਾਨਾਂ ਤੇ ਔਰਤਾਂ ਨੇ ਬੱਸ ਸਟੈਂਡ ਸੁਲਤਾਨਪੁਰ ਲੋਧੀ ਵਿਖੇ ਇਕੱਠੇ ਹੋ ਕੇ ਕੇਂਦਰ ਤੇ ਪੰਜਾਬ ਸਰਕਾਰ ਵਿਰੁੱਧ ਵਿਸ਼ਾਲ ਰੋਸ ਰੈਲੀ ਕੀਤੀ ਤੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਕਾਮਰੇਡ ਬਲਦੇਵ ਸਿੰਘ, ਸੱਤਨਾਰਾਇਣ ਮਹਿਤਾ ਪ੍ਰਧਾਨ ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ, ਕਾਮਰੇਡ ਦਰਸ਼ਨ ਨਾਹਰ, ਕਾਮਰੇਡ ਜਸਵਿੰਦਰ ਸਿੰਘ ਢੇਸੀ ਨੇ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੋਵਾਂ ਦੀਆਂ ਸਰਕਾਰਾਂ ਨੇ ਜਨਤਾ ਨਾਲ ਚੋਣਾਂ ਸਮੇਂ ਜੋ ਵਾਅਦੇ ਕੀਤੇ ਸਨ, ਉਹ ਪੂਰੇ ਨਹੀਂ ਕੀਤੇ । ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਬਣਨ ਤੋਂ ਬਾਅਦ ਨੇਤਾ ਜਨਤਾ ਨੂੰ ਭੁੱਲ ਜਾਂਦੇ ਹਨ, ਜਿਸ ਕਾਰਨ ਸੂਬਾ ਤੇ ਕੇਂਦਰ ਸਰਕਾਰ ਖਿਲਾਫ਼ ਜਨਤਾ ਵਿਚ ਭਾਰੀ ਰੋਸ ਦੀ ਲਹਿਰ ਹੈ । ਇਸ ਸਮੇਂ ਯੂਨੀਅਨ ਵੱਲੋਂ ਐੱਸ. ਡੀ. ਐੱਮ. ਸੁਲਤਾਨਪੁਰ ਲੋਧੀ ਨੂੰ ਮੰਗ ਪੱਤਰ ਦਿੱਤਾ ਗਿਆ ।
ਰੈਲੀ 'ਚ ਕਾਮਰੇਡ ਗੁਰਮੇਜ ਸਿੰਘ ਕਨਵੀਨਰ, ਕਾਮਰੇਡ ਹਰਬੰਸ ਲਾਲ ਮੱਟੂ, ਪਾਲ ਚੰਦ, ਜੀਤ ਸਿੰਘ, ਰਾਜਮੋਹਨ, ਦਰਸ਼ਨ ਸਿੰਘ, ਗੁਰਦੀਪ ਸਿੰਘ, ਓਮ ਪ੍ਰਕਾਸ਼, ਸੁਰਿੰਦਰ ਸਿੰਘ, ਅਮਰੀਕ ਸਿੰਘ, ਜਸਵੰਤ ਸਿੰਘ, ਬਲਦੇਵ ਰਾਜ, ਕੁਲਦੀਪ ਸਿੰਘ ਡਡਵਿੰਡੀ, ਕੁਲਵੰਤ ਸਿੰਘ, ਮੁਖਤਿਆਰ ਸਿੰਘ ਮੁੱਖਾ, ਸੋਹਣ ਸਿੰਘ, ਗੁਲਸ਼ਨ ਰਾਣਾ ਪ੍ਰਧਾਨ ਮਿਡ-ਡੇ ਮੀਲ, ਜਸਵਿੰਦਰ ਸਿੰਘ ਢੇਸੀ ਆਦਿ ਮੌਜੂਦ ਸਨ ।                  ਇਹ ਹਨ ਮੁੱਖ ਮੰਗਾਂ
 ਖੇਤ ਮਜ਼ਦੂਰਾਂ ਤੇ 10 ਏਕੜ ਤੋਂ ਘੱਟ ਜ਼ਮੀਨਾਂ ਵਾਲੇ ਕਿਸਾਨਾਂ ਦੇ ਸਾਰੇ ਕਰਜ਼ੇ ਮੁਆਫ਼ ਕੀਤੇ ਜਾਣ।
 ਬੇਜ਼ਮੀਨੇ ਮਜ਼ਦੂਰਾਂ ਨੂੰ 10-10 ਮਰਲੇ ਦੇ ਰਿਹਾਇਸ਼ੀ ਪਲਾਟ ਦਿੱਤੇ ਜਾਣ।
 ਡਾਕਟਰ ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰ ਕੇ ਕਿਸਾਨਾਂ ਦੇ ਫਸਲਾਂ ਦੇ ਰੇਟ ਤਹਿ ਕੀਤੇ ਜਾਣ।
 ਰੋਜ਼ਾਨਾ ਵਰਤੋਂ ਦੀਆਂ ਵਸਤਾਂ ਜਿਵੇਂ ਆਟਾ, ਦਾਲ, ਖੰਡ, ਚਾਹਪੱਤੀ, ਚਾਵਲ ਤੇ ਘਿਓ, ਤੇਲ ਆਦਿ ਦੀਆਂ ਸਸਤੀਆਂ ਦੁਕਾਨਾਂ ਖੋਲ੍ਹੀਆਂ ਜਾਣ। 
 ਬੁਢਾਪਾ, ਵਿਧਵਾ ਤੇ ਅੰਗਹੀਣ, ਆਸ਼ਰਿਤਾਂ ਨੂੰ ਘੱਟੋ-ਘੱਟ 3000 ਰੁਪਏ ਪੈਨਸ਼ਨ ਦਿੱਤੀ ਜਾਵੇ।
 ਨਾਜਾਇਜ਼ ਮਾਈਨਿੰਗ ਬੰਦ ਕੀਤੀ ਜਾਵੇ। 
 ਕਾਲੇ ਕਾਨੂੰਨ ਵਾਪਸ ਲਏ ਜਾਣ।