ਹਵਾਈ ਫੌਜ ''ਚ ਭਰਤੀ ਹੋਣ ਵਾਲਿਆਂ ਲਈ ਸੁਨਹਿਰੀ ਮੌਕਾ

07/30/2019 11:26:23 AM

ਜਲੰਧਰ (ਪੁਨੀਤ)— 5 ਅਗਸਤ ਤੋਂ ਸ਼ੁਰੂ ਹੋ ਰਹੀ ਭਾਰਤੀ ਹਵਾਈ ਫੌਜ ਦੀ ਭਰਤੀ 'ਚ ਰੋਜ਼ਗਾਰ ਦੇ ਸੁਨਹਿਰੀ ਮੌਕੇ ਮੁਹੱਈਆ ਕਰਵਾਏ ਜਾ ਰਹੇ ਹਨ, ਜਿਸ 'ਚ ਸਿਰਫ +2 ਪਾਸ ਵਿਦਿਆਰਥੀ ਅਰਜ਼ੀ ਦੇ ਸਕਦੇ ਹਨ। ਪੀ. ਏ. ਪੀ. ਗਰਾਊਂਡ 'ਚ 8 ਅਗਸਤ ਤੱਕ ਚੱਲਣ ਵਾਲੀ ਇਸ ਭਰਤੀ 'ਚ 12 ਜ਼ਿਲਿਆਂ ਨਾਲ ਸਬੰਧਤ ਉਮੀਦਵਾਰ ਹਿੱਸਾ ਲੈ ਸਕਦੇ ਹਨ, ਜਿਨ੍ਹਾਂ 'ਚ ਜਲੰਧਰ, ਹੁਸ਼ਿਆਰਪੁਰ, ਨਵਾਂਸ਼ਹਿਰ, ਪਠਾਨਕੋਟ, ਰੂਪਨਗਰ, ਮੋਗਾ, ਲੁਧਿਆਣਾ, ਗੁਰਦਾਸਪੁਰ, ਤਰਨਤਾਰਨ, ਫਾਜ਼ਿਲਕਾ, ਬਠਿੰਡਾ ਅਤੇ ਕਪੂਰਥਲਾ ਸ਼ਾਮਲ ਹਨ।

ਅਧਿਕਾਰੀਆਂ ਨੇ ਦੱਸਿਆ ਕਿ ਇਸ ਭਰਤੀ 'ਚ ਉਹੀ ਨੌਜਵਾਨ ਹਿੱਸਾ ਲੈ ਸਕਦੇ ਹਨ, ਜਿਨ੍ਹਾਂ ਦਾ ਜਨਮ 19 ਜੁਲਾਈ 1999 ਤੋਂ ਲੈ ਕੇ 1 ਜੁਲਾਈ 2003 ਵਿਚਕਾਰ ਹੋਇਆ ਹੋਵੇ। ਇਸ ਦੇ ਲਈ+2 'ਚ 50 ਫੀਸਦੀ ਅਤੇ ਅੰਗਰੇਜ਼ੀ 'ਚ ਵੀ 50 ਫੀਸਦੀ ਅੰਕ ਹੋਣਾ ਲਾਜ਼ਮੀ ਹੈ। ਉਨ੍ਹਾਂ ਦੱਸਿਆ ਕਿ ਜਲੰਧਰ, ਹੁਸ਼ਿਆਰਪੁਰ, ਪਠਾਨਕੋਟ, ਨਵਾਂਸ਼ਹਿਰ, ਰੂਪਨਗਰ ਅਤੇ ਮੋਗਾ ਜ਼ਿਲੇ ਦੇ ਨੌਜਵਾਨਾਂ ਦਾ ਸਰੀਰਕ ਤੰਦਰੁਸਤੀ ਅਤੇ ਲਿਖਤੀ ਟੈਸਟ 5 ਅਗਸਤ ਨੂੰ ਹੋਵੇਗਾ, ਜਦਕਿ ਯੋਗਤਾ ਦਾ ਟੈਸਟ 6 ਅਗਸਤ ਨੂੰ ਹੋਵੇਗਾ।

ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਲੁਧਿਆਣਾ, ਗੁਰਦਾਸਪੁਰ, ਤਰਨਤਾਰਨ, ਫਾਜ਼ਿਲਕਾ, ਬਠਿੰਡਾ ਅਤੇ ਕਪੂਰਥਲਾ ਜ਼ਿਲੇ ਦੇ ਨੌਜਵਾਨਾਂ ਦਾ ਸਰੀਰਕ ਟੈਸਟ 7 ਅਗਸਤ ਅਤੇ ਯੋਗਤਾ ਟੈਸਟ 8 ਅਗਸਤ ਨੂੰ ਲਿਆ ਜਾਵੇਗਾ। ਉਕਤ ਭਰਤੀ ਆਟੋ ਮੋਬਾਇਲ ਟੈਕਨੀਸ਼ੀਅਨ ਅਤੇ ਆਈ. ਏ. ਐੱਫ. ਪੁਲਸ ਲਈ ਕਰਵਾਈ ਜਾ ਰਹੀ ਹੈ। ਟੈਸਟ ਲਈ ਆਉਣ ਵਾਲੇ ਉਮੀਦਵਾਰ ਉਪਰ ਲਿਖੇ ਜ਼ਿਲਿਆਂ ਨਾਲ ਸਬੰਧਤ ਹੋਣੇ ਚਾਹੀਦੇ ਹਨ ਅਤੇ ਆਉਣ ਵਾਲੇ ਵਿਅਕਤੀ ਨੂੰ ਆਪਣੀ ਰਿਹਾਇਸ਼ ਦਾ ਸਬੂਤ, ਅਸਲੀ ਸਰਟੀਫਿਕੇਟ ਤੇ ਸਾਰੇ ਸਰਟੀਫਿਕੇਟ ਦੀਆਂ 4-4 ਫੋਟੋ ਕਾਪੀਆਂ ਸਣੇ 10 ਪਾਸਪੋਰਟ ਸਾਈਜ਼ ਫੋਟੋ ਲੈ ਕੇ ਆਉਣੀਆਂ ਹੋਣਗੀਆਂ। ਅਧਿਕਾਰੀਆਂ ਨੇ ਕਿਹਾ ਕਿ ਪੀ. ਏ. ਪੀ. ਗਰਾਊਂਡ 'ਚ ਹੋਣ ਵਾਲੀ ਇਸ ਭਰਤੀ 'ਚ 10 ਤੋਂ 12 ਹਜ਼ਾਰ ਉਮੀਦਵਾਰਾਂ ਦੇ ਆਉਣ ਦੀ ਉਮੀਦ ਹੈ, ਇਸ ਨੂੰ ਲੈ ਕੇ ਪ੍ਰਸ਼ਾਸਨ ਵਲੋਂ ਪੂਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ ਤਾਂ ਕਿ ਉਮੀਦਵਾਰਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।

shivani attri

This news is Content Editor shivani attri