ਅੱਤਵਾਦੀ ਹਮਲਿਆਂ ਦੀ ਜਾਂਚ 'ਚ ਪਾਕਿ ਦੇ ਦਖਲ ਨੂੰ ਰੋਕਣ ਲਈ ਕਾਰਵਾਈ ਕਰੇ ਕੇਂਦਰੀ ਵਿਦੇਸ਼ ਮੰਤਰਾਲਾ : ਬਾਜਵਾ

04/11/2020 9:00:14 PM

ਗੁਰਦਾਸਪੁਰ,(ਹਰਮਨ)- ਦੇਸ਼ ਦੇ ਰਾਜ ਸਭਾ ਮੈਂਬਰ ਅਤੇ ਸੀਨੀਅਰ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਕੇਂਦਰੀ ਵਿਦੇਸ਼ ਮੰਤਰੀ ਡਾ. ਐੱਸ. ਜੈ ਸ਼ੰਕਰ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਕਾਬੁਲ ਅੰਦਰ ਗੁਰਦੁਆਰਾ ਸਾਹਿਬ ’ਤੇ ਹੋਏ ਅੱਤਵਾਦੀ ਹਮਲੇ ਦੀ ਜਾਂਚ ਨੂੰ ਨਿਰਪੱਖ ਰੂਪ ’ਚ ਯਕੀਨੀ ਬਣਾਉਣ ਲਈ ਤੁਰੰਤ ਦਖਲ ਦਿੱਤਾ ਜਾਵੇ।

ਉਨ੍ਹਾਂ ਕਿਹਾ ਕਿ ਪਾਕਿਸਤਾਨ ਨੇ ਅਫਗਾਨਿਸਤਾਨ ਸਾਹਮਣੇ ਮੰਗ ਰੱਖੀ ਸੀ ਕਿ ਇਸ ਹਮਲੇ ਦੇ ਮਾਸਟਰਮਾਈਂਡ ਅਤੇ ਆਈ. ਐੱਸ. ਆਈ. ਐੱਲ, (ਖੁਰਾਸਨ ਵਿੰਗ) ਦੇ ਲੀਡਰ ਇਸਲਾਮ ਫਾਰੂਕੀ ਨੂੰ ਪਾਕਿਸਤਾਨ ਦੇ ਹਵਾਲੇ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਭਾਵੇਂ ਪਾਕਿਸਤਾਨ ਨੇ ਇਹ ਹਵਾਲਾ ਦਿੱਤਾ ਹੈ ਕਿ ਇਸਲਾਮ ਫਾਰੂਕੀ ਪਾਕਿਸਤਾਨ ਵਿਰੋਧੀ ਗਤੀਵਿਧੀਆਂ ਨੂੰ ਅੰਜ਼ਾਮ ਦੇਣ ਦੇ ਦੋਸ਼ਾਂ ਹੇਠ ਪਾਕਿਸਤਾਨ ਨੂੰ ਲੋਡ਼ੀਂਦਾ ਹੈ ਪਰ ਉਨ੍ਹਾਂ ਨੂੰ ਲਗਦਾ ਹੈ ਕਿ ਪਾਕਿਸਤਾਨ ਨੇ ਇਸ ਹਮਲੇ ’ਚ ਆਪਣੀ ਸ਼ਮੂਲੀਅਤ ਲੁਕਾਉਣ ਲਈ ਅਫਗਾਨਿਸਤਾਨ ਕੋਲੋਂ ਇਸ ਅੱਤਵਾਦੀ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਇਸ ਅੱਤਵਾਦੀ ਨੂੰ ਪਾਕਿਸਤਾਨ ਦੇ ਹਵਾਲੇ ਕੀਤੇ ਜਾਣ ਨਾਲ ਨਾ ਸਿਰਫ ਇਨ੍ਹਾਂ ਹਮਲਿਆਂ ਦੀ ਜਾਂਚ ’ਤੇ ਵੱਡਾ ਅਸਰ ਪਵੇਗਾ ਸਗੋਂ ਅਫਗਾਨਿਸਤਾਨ ’ਚ ਸਿੱਖਾਂ ਦੀ ਸੁਰੱਖਿਆ ਨੂੰ ਹੋਰ ਖਤਰਾ ਪੈਦਾ ਹੋਵੇਗਾ। ਇਥੋਂ ਤੱਕ ਕਿ ਜੇਕਰ ਫਾਰੂਕੀ ਨੂੰ ਪਾਕਿਸਤਾਨ ਦੇ ਹਵਾਲੇ ਕਰ ਦਿੱਤਾ ਗਿਆ ਤਾਂ ਐੱਨ. ਆਈ. ਏ. ਵੱਲੋਂ ਅੱਤਵਾਦੀ ਹਮਲਿਆਂ ਦੇ ਨਵੇਂ ਕੇਸਾਂ ਦੀ ਕੀਤੀ ਜਾ ਰਹੀ ਜਾਂਚ ਵੀ ਪ੍ਰਭਾਵਿਤ ਹੋ ਸਕਦੀ ਹੈ। ਇਸ ਲਈ ਉਨ੍ਹਾਂ ਕੇਂਦਰੀ ਮੰਤਰਾਲੇ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਜਾਂਚਾਂ ’ਚ ਪਾਕਿਸਤਾਨ ਦੀ ਦਖਲਅੰਦਾਜ਼ੀ ਰੋਕਣ ਲਈ ਤੁਰੰਤ ਕਦਮ ਚੁੱਕਣ।


Bharat Thapa

Content Editor

Related News