ਝੋਨਾ ਲਾ ਰਹੇ ਮਜ਼ਦੂਰਾਂ ਨੇ ਸਰਹੱਦ ਨੇੜੇ ਵੇਖੇ 2 ਸ਼ੱਕੀ ਪੁਲਸ ਨੇ ਚਲਾਇਆ ਸਰਚ ਆਪ੍ਰੇਸ਼ਨ

07/22/2017 1:32:12 AM

ਪਠਾਨਕੋਟ(ਸ਼ਾਰਦਾ, ਰਾਕੇਸ਼)-ਜ਼ਿਲੇ 'ਚੋਂ ਲੰਘਦੀ ਭਾਰਤ-ਪਾਕਿਸਤਾਨ ਸਰਹੱਦ ਤੋਂ ਸਿਰਫ 2 ਕਿਲੋਮੀਟਰ ਦੀ ਦੂਰੀ 'ਤੇ ਪੈਂਦੇ ਸਰਹੱਦੀ ਪਿੰਡ ਪਲਾਹ ਨੇੜੇ ਝੋਨਾ ਲਾ ਰਹੇ ਮਜ਼ਦੂਰਾਂ ਨੇ ਬੀਤੀ ਰਾਤ 8 ਵਜੇ 2 ਸ਼ੱਕੀ ਵੇਖੇ। ਇਸ ਸਬੰਧੀ ਮਜ਼ਦੂਰ ਸੀਆ ਰਾਮ ਮੁਖੀਆ, ਭੁਪਿੰਦਰ ਮੰਡਲ ਤੇ ਰਾਕੇਸ਼ ਨੇ ਦੱਸਿਆ ਕਿ ਉਹ ਪਲਾਹ ਅਧੀਨ ਪੈਂਦੇ ਖੇਤਾਂ 'ਚ ਬੀਤੀ ਰਾਤ ਝੋਨੇ ਦੀ ਲਵਾਈ ਕਰ ਕੇ ਵਾਪਸ ਆ ਰਹੇ ਸਨ ਕਿ ਇਸ ਦੌਰਾਨ ਖੇਤ ਕੋਲ ਪੈਂਦੀ ਡੂੰਘੀ ਡਰੇਨ 'ਚ ਕੁੱਤਿਆਂ ਦੇ ਭੌਂਕਣ ਦੀ ਆਵਾਜ਼ ਸੁਣਾਈ ਦਿੱਤੀ। ਉਨ੍ਹਾਂ ਜਦੋਂ ਜਾ ਕੇ ਵੇਖਿਆ ਤਾਂ ਉਨ੍ਹਾਂ ਨੂੰ ਉਕਤ ਡਰੇਨ 'ਚ 2 ਸ਼ੱਕੀ ਵਿਅਕਤੀਆਂ ਦੀ ਹਲਚਲ ਹੁੰਦੀ ਵਿਖਾਈ ਦਿੱਤੀ। ਖੇਤ ਮਜ਼ਦੂਰਾਂ ਦਾ ਕਹਿਣਾ ਸੀ ਕਿ ਡਰੇਨ ਕਾਫੀ ਡੂੰਘੀ ਹੋਣ ਕਾਰਨ ਉਨ੍ਹਾਂ ਨੂੰ ਸ਼ੱਕੀ ਵਿਅਕਤੀਆਂ ਦੇ ਸਿਰਫ ਸਿਰ ਹੀ ਵਿਖਾਈ ਦਿੱਤੇ। ਓਧਰ ਘਟਨਾ ਦੀ ਜਾਣਕਾਰੀ ਲੈਂਦੇ ਹੋਏ ਪੁਲਸ ਨੇ ਸਰਹੱਦੀ ਪਿੰਡ ਪਲਾਹ 'ਚ ਸਰਚ ਆਪ੍ਰੇਸ਼ਨ ਚਲਾਇਆ, ਜਿਸ ਵਿਚ ਐੱਸ. ਪੀ. ਹੇਮਪੁਸ਼ਪ ਨੇ ਆਪਣੀ ਟੀਮ ਸਮੇਤ ਗੰਭੀਰਤਾ ਨਾਲ ਛਾਣਬੀਣ ਕੀਤੀ। ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀਆਂ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਪੁਲਸ ਟੀਮ ਨੇ ਡਰੇਨ ਦੀ ਚੰਗੀ ਤਰ੍ਹਾਂ ਜਾਂਚ ਕਰ ਲਈ ਹੈ।