ਹਾਈਟੈੱਕ ਯੁੱਗ ''ਚ ਵੀ ਆਪਣਾ ਦੇਸ਼ ਨੈਨੋ ਤੇ ਪੀਟਰ ਰੇਹੜੇ ਤੱਕ ਸੀਮਤ

01/19/2018 12:50:47 AM

ਅੰਮ੍ਰਿਤਸਰ (ਇੰਦਰਜੀਤ, ਅਰੁਣ)- ਭਾਰਤ ਦੇਸ਼ ਜਿਥੇ ਫੌਜ ਸ਼ਕਤੀ, ਮੈਨ ਪਾਵਰ, ਅਧਿਆਤਮਕ, ਸੰਸਕ੍ਰਿਤਕ ਗਿਆਨ 'ਚ ਪੂਰੀ ਦੁਨੀਆ 'ਚ ਮੁੱਖ ਥਾਂ ਰੱਖਦਾ ਹੈ ਪਰ ਅੱਜ ਵਿਗਿਆਨਕ ਯੁੱਗ 'ਚ ਜਿਥੇ ਆਵਾਜਾਈ ਦੇ ਸਾਧਨ ਦੇ ਤੌਰ 'ਤੇ ਮੋਟਰ ਨਾਲ ਚੱਲਣ ਵਾਲੇ ਵਾਹਨ ਦਾ ਦੌਰ ਚੱਲ ਰਿਹਾ ਹੈ, ਉਥੇ ਦੇਸ਼ 'ਚ 95 ਫੀਸਦੀ ਸਵੈ-ਚਾਲਿਤ ਵਾਹਨ ਅਜਿਹੇ ਹਨ ਜਿਨ੍ਹਾਂ ਦੀ ਮੂਲ ਤੌਰ 'ਤੇ ਤਕਨੀਕ ਤੇ ਖੋਜ ਹੋਰ ਦੇਸ਼ਾਂ ਦੀ ਹੈ। ਹਾਲਾਂਕਿ ਭਾਰਤ ਵਿਸ਼ਵ 'ਚ 7ਵੇਂ ਨੰਬਰ 'ਤੇ ਖੇਤਰੀ ਆਕਾਰ ਰੱਖਣ ਵਾਲਾ ਦੇਸ਼ ਹੈ ਅਤੇ ਆਬਾਦੀ ਦੇ ਰੂਪ 'ਚ ਵਿਸ਼ਵ 'ਚ ਦੂਜੇ ਨੰਬਰ 'ਤੇ ਹੈ।
ਦੇਖਣ ਵਾਲੀ ਗੱਲ ਹੈ ਕਿ ਬੇਸ਼ੱਕ ਭਾਰਤ 'ਚ ਚੱਲਣ ਵਾਲੇ ਵਾਹਨ ਅੱਜ ਭਾਰਤੀ ਨਿਰਮਾਤਾਵਾਂ ਦੇ ਬ੍ਰਾਂਡ 'ਤੇ ਹੀ ਚੱਲ ਰਹੇ ਹਨ ਪਰ ਵਾਹਨ ਦੀ ਸ਼ੁਰੂਆਤੀ ਤਕਨੀਕ ਤੇ ਪ੍ਰੋਡਕਸ਼ਨ ਕੋਲੈਬੋਰੇਸ਼ਨ ਵਿਦੇਸ਼ਾਂ ਤੋਂ ਹੋਈ ਹੈ ਅਤੇ ਉਨ੍ਹਾਂ ਦੇਸ਼ਾਂ ਦੀ ਮੂਲ ਖੋਜ ਦਾ ਨਤੀਜਾ ਹੈ ਜੋ ਭਾਰਤ ਦੀ ਬਜਾਏ 10 ਤੋਂ 15 ਗੁਣਾ ਆਕਾਰ 'ਚ ਛੋਟੇ ਹਨ, ਜਦੋਂ ਕਿ ਆਬਾਦੀ ਦੇ ਲਿਹਾਜ਼ ਨਾਲ ਉਨ੍ਹਾਂ ਦੀ ਜਨਸੰਖਿਆ 70 ਤੋਂ 100 ਗੁਣਾ ਘੱਟ ਹੈ। ਅੱਜ ਦੇਸ਼ ਦੀਆਂ ਵੱਡੀਆਂ ਕੰਪਨੀਆਂ ਕੋਲੈਬੋਰੇਸ਼ਨ ਦੀ ਮਿਆਦ ਖਤਮ ਹੋ ਜਾਣ 'ਤੇ ਆਪਣੇ-ਆਪਣੇ ਬ੍ਰਾਂਡ ਦੇ ਨਾਂ 'ਤੇ ਵਾਹਨ ਬਣਾਉਣ ਦਾ ਦਮ ਰੱਖਦੀਆਂ ਹਨ ਪਰ 50 ਸਾਲਾਂ ਤੋਂ ਬਾਅਦ ਉਨ੍ਹਾਂ ਵਾਹਨਾਂ ਦੇ ਕਲਪੁਰਜ਼ੇ ਅੱਜ ਵੀ ਇੰਗਲੈਂਡ, ਜਰਮਨੀ, ਫਰਾਂਸ, ਇਟਲੀ, ਜਾਪਾਨ ਆਦਿ ਦੇਸ਼ਾਂ ਤੋਂ ਹੀ ਆਉਂਦੇ ਹਨ। ਭਾਰਤ 'ਚ ਚੱਲਣ ਵਾਲੇ 27 ਕਰੋੜ ਵਾਹਨਾਂ 'ਚ ਸ਼ਾਇਦ ਹੀ ਕੋਈ ਅਜਿਹਾ ਹਾਈ ਸਪੀਡ ਵਾਹਨ ਹੋਵੇ ਜਿਸ ਦੀ ਤਕਨੀਕ ਦੀ ਸ਼ੁਰੂਆਤ ਭਾਰਤ ਤੋਂ ਹੋਈ ਹੋਵੇ।
ਤ੍ਰਾਸਦੀ ਦੇ ਤੌਰ 'ਤੇ ਪੀਟਰ ਰੇਹੜਾ ਜਿਸ ਨੂੰ ਦੇਸ਼ੀ ਭਾਸ਼ਾ 'ਚ ਘੜੁੱਕਾ ਕਹਿੰਦੇ ਹਨ ਅਤੇ ਕੁਝ ਈ-ਰਿਕਸ਼ਾ ਹਨ ਪਰ ਫਿਰ ਵੀ ਇਨ੍ਹਾਂ 'ਚ ਪੈਣ ਵਾਲੇ ਪੁਰਜ਼ੇ ਮੋਟਰ ਵਾਹਨਾਂ ਤੋਂ ਹੀ ਲਏ ਗਏ ਹਨ। ਦੇਸ਼ ਭਰ 'ਚ ਆਪਣੇ ਪਾਰਟਸ ਨਿਰਮਾਣ ਦੇ ਆਧਾਰ 'ਤੇ ਰਾਜਸਥਾਨ 'ਚ ਸਾਲਾਂ ਪਹਿਲਾਂ ਇਕ ਸਕੂਟਰ ਬਣਿਆ ਸੀ ਜੋ ਕੁਝ ਸਾਲ ਚੱਲਣ ਤੋਂ ਬਾਅਦ ਦਮ ਤੋੜ ਗਿਆ ਸੀ, ਜਦੋਂ ਕਿ ਖੇਤਰੀ ਆਧਾਰ 'ਤੇ ਕੁਝ ਕੰਪਨੀਆਂ ਛੋਟੇ-ਮੋਟੇ ਟਰੈਕਟਰ ਜ਼ਰੂਰ ਅਸੈਂਬਲ ਕਰ ਲੈਂਦੀਆਂ ਹਨ। ਭਾਰਤ 'ਚ ਵਿਦੇਸ਼ੀ ਤਕਨੀਕ ਨਾਲ ਚੱਲ ਰਹੇ ਵਾਹਨ ਗਰੁੱਪਾਂ ਦੀ ਬੈਕਗਰਾਊਂਡ ਇਸ ਤਰ੍ਹਾਂ ਹੈ-
ਜਾਪਾਨ : ਖੇਤਰੀ ਆਕਾਰ 3.76 ਲੱਖ ਵਰਗ ਕਿਲੋਮੀਟਰ
ਜਾਪਾਨ ਵਾਹਨਾਂ 'ਚ ਕਾਫੀ ਅੱਗੇ ਨਿਕਲ ਰਿਹਾ ਹੈ। ਇਸ 'ਚ ਯਾਮਾਹਾ, ਸੁਜ਼ੂਕੀ, ਕਾਵਾਸਾਕੀ, ਹੋਂਡਾ, ਮਿਤਸ਼ੂਬਸੀ, ਨਿਸਾਨ ਵਾਹਨਾਂ ਦੇ ਗਰੁੱਪ ਹਨ, ਜਿਨ੍ਹਾਂ ਦੇ ਦੋਪਹੀਆ ਵਾਹਨਾਂ ਦੇ ਮਾਡਲ ਇਸ ਸਮੇਂ ਭਾਰਤ 'ਚ 200 ਤਰ੍ਹਾਂ ਦੇ ਹਨ, ਜੋ ਸੜਕਾਂ 'ਤੇ ਚੱਲ ਰਹੇ ਹਨ। ਹਾਲਾਂਕਿ ਇਨ੍ਹਾਂ 'ਚੋਂ ਕਈ ਨਾਂ ਭਾਰਤੀ ਹਨ, ਜਦੋਂ ਕਿ ਕਈ ਨਾਂ ਹੁਣ ਕੋਲੈਬੋਰੇਸ਼ਨ ਦੇ ਆਧਾਰ 'ਤੇ ਚੱਲ ਰਹੇ ਹਨ। ਇਨ੍ਹਾਂ 'ਚ ਬਾਈਕ, ਸਕੂਟਰ ਦੇ ਨਾਲ-ਨਾਲ ਬੇਸ਼ਕੀਮਤੀ ਕਾਰਾਂ ਵੀ ਹਨ।
ਜਰਮਨੀ : ਖੇਤਰੀ ਆਕਾਰ 3.57 ਲੱਖ ਵਰਗ ਕਿਲੋਮੀਟਰ
ਖੇਤਰੀ ਨਜ਼ਰ ਨਾਲ ਭਾਰਤ ਦੇ ਸਾਹਮਣੇ 10ਵਾਂ ਹਿੱਸਾ ਰੱਖਣ ਵਾਲਾ ਇਹ ਦੇਸ਼ ਤਕਨੀਕ 'ਚ ਖਾਸ ਕਰ ਕੇ ਲਗਜ਼ਰੀ ਕਾਰਾਂ 'ਚ ਪੂਰੀ ਦੁਨੀਆ ਨੂੰ ਪਿੱਛੇ ਛੱਡ ਗਿਆ ਹੈ। ਇਸ ਦੇਸ਼ 'ਚ ਡੇਵੋ, ਵਾਕਸਵੈਗਨ, ਆਡੀ, ਜੇ. ਸੀ. ਬੀ., ਬੀ. ਐੱਮ. ਡਬਲਯੂ., ਬੈਂਟਲੇ ਆਦਿ ਮੁੱਖ ਹਨ, ਜਿਨ੍ਹਾਂ ਨੇ ਪੂਰੀ ਦੁਨੀਆ 'ਚ ਆਪਣੇ ਜਾਲ ਵਿਛਾਏ ਹੋਏ ਹਨ, ਜਦੋਂ ਕਿ ਭਾਰਤ 'ਚ ਇਨ੍ਹਾਂ ਕੰਪਨੀਆਂ ਦੇ ਬ੍ਰਾਂਡ ਦੀਆਂ ਕਾਰਾਂ ਰੱਖਣਾ ਸਟੇਟਸ ਸਿੰਬਲ ਬਣ ਚੁੱਕਾ ਹੈ। ਇਸ ਵਿਚ 30 ਲੱਖ ਤੋਂ ਲੈ ਕੇ 7 ਕਰੋੜ ਰੁਪਏ ਤੱਕ ਦੀਆਂ ਕਾਰਾਂ ਆਮ ਦਿਖਾਈ ਦਿੰਦੀਆਂ ਹਨ।
ਇੰਗਲੈਂਡ : ਖੇਤਰੀ ਆਕਾਰ 2.44 ਲੱਖ ਵਰਗ ਕਿਲੋਮੀਟਰ
ਭਾਰਤ ਦੇ 32.8 ਲੱਖ ਵਰਗ ਕਿਲੋਮੀਟਰ ਦੇ ਵਿਸ਼ਾਲ ਆਕਾਰ ਦੇ ਸਾਹਮਣੇ ਇਹ ਛੋਟਾ ਜਿਹਾ ਦੇਸ਼ ਵੀ ਕੁਝ ਘੱਟ ਨਹੀਂ ਹੈ। ਇੰਗਲੈਂਡ 'ਚ ਬਣੀਆਂ ਹੋਈਆਂ ਕਾਰਾਂ ਰੋਲਜ਼ ਰਾਇਸ, ਮਰਸਡੀਜ਼ ਦੀਆਂ ਮਹਿੰਗੀਆਂ ਕਾਰਾਂ ਪੂਰੀ ਦੁਨੀਆ 'ਚ ਰਫਤਾਰ ਅਤੇ ਮਜ਼ਬੂਤੀ ਦੇ ਆਧਾਰ 'ਤੇ ਆਪਣਾ ਦਮ ਰੱਖਦੀਆਂ ਹਨ। ਇਨ੍ਹਾਂ 'ਚ ਰੋਲਜ਼ ਰਾਇਸ, ਜੇਗੁਆਰ ਦੇ ਕਈ ਮਾਡਲ ਤਾਂ 8 ਤੋਂ 20 ਕਰੋੜ ਰੁਪਏ ਤੱਕ ਹਨ, ਜਦੋਂ ਕਿ ਨੌਜਵਾਨਾਂ ਦੀ ਪਸੰਦ ਬੁਲੇਟ ਮੋਟਰਸਾਈਕਲ ਦਾ ਨਵਾਂ ਨਿਰਮਾਤਾ ਰਾਇਲ ਇਨਫੀਲਡ ਵੀ ਇੰਗਲੈਂਡ ਦਾ ਹੈ। ਦੂਜੇ ਪਾਸੇ ਪੁਰਾਣੇ ਸਮੇਂ 'ਚ ਬੀ. ਐੱਸ. ਏ.-500 ਨੇ ਪੂਰੇ ਵਿਸ਼ਵ 'ਚ ਧੂਮ ਮਚਾ ਦਿੱਤੀ ਸੀ।
ਇਟਲੀ : ਖੇਤਰੀ ਆਕਾਰ 3.01 ਲੱਖ ਵਰਗ ਕਿਲੋਮੀਟਰ
ਇਟਲੀ ਦੀ ਤਕਨੀਕ 'ਚ ਵੈਸਪਾ, ਐੱਲ. ਆਈ. 150, ਪੇਯਾਗੋ ਆਦਿ ਗਰੁੱਪ ਹਨ, ਜਦੋਂ ਕਿ ਦੂਜੇ ਪਾਸੇ ਫਰਾਰੀ ਕਾਰ ਦੀ ਪੂਰੀ ਵਿਸ਼ਵ 'ਚ ਧੂਮ ਹੈ ਅਤੇ 2 ਤੋਂ 10 ਕਰੋੜ ਰੁਪਏ ਤੱਕ ਇਸ ਦੇ ਕਈ ਮਾਡਲ ਹਨ।
ਸਾਊਥ ਕੋਰੀਆ : ਖੇਤਰੀ ਆਕਾਰ 99 ਹਜ਼ਾਰ ਵਰਗ ਕਿਲੋਮੀਟਰ
ਭਾਰਤ ਦੇ ਸਾਹਮਣੇ 33 ਗੁਣਾ ਛੋਟਾ ਦੇਸ਼ ਜਿਸ ਨੂੰ ਸਾਊਥ ਕੋਰੀਆ ਕਹਿੰਦੇ ਹਨ, ਦੇ ਹੁੰਡਾਈ ਗਰੁੱਪ ਦੇ ਸ਼ਿਪ (ਸਮੁੰਦਰੀ ਬੇੜੇ) 10 ਲੱਖ ਟਨ ਭਾਰ ਖਿੱਚਣ ਦੀ ਸਮਰੱਥਾ ਰੱਖਦੇ ਹਨ।
ਅਮਰੀਕਾ : ਖੇਤਰੀ ਆਕਾਰ 96.66 ਲੱਖ ਵਰਗ ਕਿਲੋਮੀਟਰ
ਹਾਲਾਂਕਿ ਅਮਰੀਕਾ ਸਵੈ-ਚਾਲਕ ਵਾਹਨ ਬਣਾਉਣ 'ਚ ਕੋਈ ਜ਼ਿਆਦਾ ਅੱਗੇ ਨਹੀਂ ਪਰ ਫਿਰ ਵੀ ਇਸ ਦੀ ਆਪਣੀ ਖੋਜ ਦੇ ਰੂਪ 'ਚ ਫੀਏਟ ਗਰੁੱਪ ਤੇ ਫੋਰਡ ਹਾਰਲੇਡੈਵੀਸਨ (ਬਾਈਕ) ਹਨ।