ਭਾਰਤ ਬੰਦ ਨੂੰ ਸਫ਼ਲ ਬਣਾਉਣ ਲਈ ਦਿੱਲੀ ਜਾ ਰਹੇ ਕਿਸਾਨਾਂ ਨੇ ਰਸਤੇ ’ਚ ਦਿੱਤਾ ਜਾਮ

09/27/2021 8:10:00 PM

ਵਲਟੋਹਾ (ਗੁਰਮੀਤ ਸਿੰਘ)-ਦਿੱਲੀ ਦੇ ਸਿੰਘੂ ਬਾਰਡਰ ’ਤੇ 305 ਦਿਨ ਤੋਂ ਲਗਾਤਾਰ ਚੱਲ ਰਹੇ ਮੋਰਚੇ ’ਚੋਂ ਲਗਾਤਾਰ ਸਰਕਾਰ ਦੇ ਕੰਨ ਖੋਲ੍ਹਣ ਲਈ ਐਲਾਨ ਕੀਤੇ ਜਾ ਰਹੇ ਹਨ। ਇਸੇ ਤਰ੍ਹਾਂ ਕਿਸਾਨਾਂ ਵੱਲੋਂ 27 ਸਤੰਬਰ ਨੂੰ ਭਾਰਤ ਬੰਦ ਦੇ ਸੱਦੇ ਨੂੰ ਜਿੱਥੇ ਦੇਸ਼ ਭਰ ’ਚ ਭਰਵਾਂ ਹੁੰਗਾਰਾ ਮਿਲਿਆ, ਉੱਥੇ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਵੱਖ-ਵੱਖ ਥਾਵਾਂ ’ਤੇ ਚੱਕਾ ਜਾਮ ਕੀਤਾ ਗਿਆ। ਉੱਥੇ ਦਿੱਲੀ ਦੇ ਸਿੰਘੂ ਬਾਰਡਰ ਤੋਂ ਭਾਰਤ ਬੰਦ ਦੇ ਸੱਦੇ ਨੂੰ ਸਫਲ ਬਣਾਉਣ ਲਈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਆਗੂ ਸੁਖਵਿੰਦਰ ਸਿੰਘ ਸਭਰਾਂ ਦੀ ਅਗਵਾਈ ਹੇਠ ਕਾਫਿਲਾ ਦਿੱਲੀ ਵੱਲ ਵਧਿਆ ਤਾਂ ਦਿੱਲੀ ਪੁਲਸ ਪ੍ਰਸ਼ਾਸਨ ਵੱਲੋਂ ਕੇਂਦਰ ਸਰਕਾਰ ਦੇ ਇਸ਼ਾਰੇ ’ਤੇ ਕਿਸਾਨਾਂ ਨੂੰ ਵੱਡੀ ਪੁਲਸ ਫੋਰਸ ਤਾਇਨਾਤ ਕਰਕੇ ਰੋਕ ਲਿਆ ਗਿਆ ਅਤੇ ਕਿਸਾਨਾਂ ਮਜ਼ਦੂਰਾਂ ਨੇ ਉਸੇ ਜਗ੍ਹਾ ’ਤੇ ਧਰਨਾ ਲਗਾ ਦਿੱਤਾ ਤੇ ਮੁਕੰਮਲ ਆਵਾਜਾਈ ਠੱਪ ਕਰਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਗਈ।

ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਸੂਬਾ ਆਗੂ ਸੁਖਵਿੰਦਰ ਸਿੰਘ ਸਭਰਾਂ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੇ ਖੇਤੀ ਕਾਨੂੰਨ ਰੱਦ ਕਰਕੇ ਆਪਣੇ ਚੋਣ ਵਾਅਦੇ ਪੂਰੇ ਨਾ ਕੀਤੇ ਤਾਂ ਇਸੇ ਤਰ੍ਹਾਂ ਤਿੱਖੇ ਸੰਘਰਸ਼ ਦੇ ਐਲਾਨ ਕੀਤੇ ਜਾਣਗੇ। ਇਸ ਮੌਕੇ ਮੇਹਰ ਸਿੰਘ ਤਲਵੰਡੀ, ਤਰਸੇਮ ਸਿੰਘ ਧਾਰੀਵਾਲ, ਨਰਿੰਜਣ ਸਿੰਘ ਬਰਗਾੜੀ, ਡਾ. ਹਰਦੀਪ ਸਿੰਘ, ਚਾਨਣ ਸਿੰਘ ਬੰਗਲਾ ਰਾਏ, ਦਿਲਬਾਗ ਸਿੰਘ ਪਹੁਵਿੰਡ, ਰਣਜੀਤ ਸਿੰਘ ਚੀਮਾ, ਹਰਜਿੰਦਰ ਸਿੰਘ ਕਲਸੀਆਂ, ਪੂਰਨ ਸਿੰਘ ਮੱਦਰ, ਸੁਖਦੇਵ ਸਿੰਘ ਦੁੱਬਲੀ, ਸੰਤੋਖ ਸਿੰਘ ਪੱਟੀ, ਪੂਰਨ ਸਿੰਘ ਵਰਨਾਲਾ, ਗੁਰਮੀਤ ਸਿੰਘ ਸਭਰਾਂ, ਬੀਬੀ ਗੁਰਮੀਤ ਕੌਰ, ਬੀਬੀ ਰਣਜੀਤ ਕੌਰ ਕੋਟ ਬੁੱਢਾ, ਬੀਬੀ ਸੁਰਜੀਤ ਕੌਰ ਧਾਰੀਵਾਲ ਆਦਿ ਆਗੂਆਂ ਨੇ ਸੰਬੋਧਨ ਕੀਤਾ।

Manoj

This news is Content Editor Manoj