BSF ਵਲੋਂ ਭਾਰਤ ਦੀ ਸਰਹੱਦ ''ਚ ਦਾਖਲ ਹੋਇਆ ਵਿਅਕਤੀ ਕਾਬੂ

02/11/2020 8:36:02 PM

ਅਜਨਾਲਾ : ਸ਼ਹਿਰ ਦੇ ਥਾਣਾ ਰਮਦਾਸ ਅਧੀਨ ਆਉਂਦੀ ਬੀ. ਓ. ਪੀ. ਛਨਾ ਪਤਨ ਤੋਂ ਬੀ. ਐਸ. ਐਫ. ਦੀ 73 ਬਟਾਲੀਅਨ ਦੇ ਜਵਾਨਾਂ ਨੇ ਇਕ ਪਾਕਿਸਤਾਨੀ ਬਜ਼ੁਰਗ ਨੂੰ ਕਾਬੂ ਕੀਤਾ ਹੈ, ਜੋ ਕਿ ਪਾਕਿਸਤਾਨ ਦੇ ਨਾਰੋਵਾਲ ਦਾ ਰਹਿਣ ਵਾਲਾ ਹੈ, ਜਿਸ ਦਾ ਨਾਂ ਰਸੂਲ ਖਾਂ ਪੁੱਤਰ ਬਲੋਚ ਖਾਂ ਦੱਸਿਆ ਗਿਆ ਹੈ। ਸੂਤਰਾਂ ਮੁਤਾਬਕ ਇਹ ਬਜ਼ੁਰਗ ਸਰਹੱਦ ਪਾਰ ਕਰ ਕੇ ਭਾਰਤ ਵੱਲ ਆਇਆ ਸੀ, ਜਿਸ ਨੂੰ ਬੀ. ਐਸ. ਐਫ. ਦੇ ਜਵਾਨਾਂ ਵਲੋਂ ਤੁਰੰਤ ਕਾਬੂ ਕਰ ਲਿਆ ਗਿਆ, ਜਿਸ ਦੇ ਬਾਅਦ ਉਕਤ ਬਜ਼ੁਰਗ ਨੂੰ ਥਾਣਾ ਰਮਦਾਸ ਦੀ ਪੁਲਸ ਨੂੰ ਸੌਂਪ ਦਿੱਤਾ ਹੈ। ਪੁਲਸ ਨੇ ਇਸ ਪਾਕਿਸਤਾਨੀ ਬਜ਼ੁਰਗ 'ਤੇ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਉਥੇ ਏਜੰਸੀ ਤੇ ਬੀ. ਐਸ. ਐਫ. ਦੇ ਅਧਿਕਾਰੀਆਂ ਵਲੋਂ ਫੜ੍ਹੇ ਗਏ ਪਾਕਿਸਤਾਨੀ ਬਜ਼ੁਰਗਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਸਬੰਧ 'ਚ ਥਾਣਾ ਰਮਦਾਸ ਦੇ ਅਧਿਕਾਰੀ ਮੰਤੇਜ ਸਿੰਘ ਨੇ ਦੱਸਿਆ ਕਿ ਪਾਕਿਸਤਾਨ ਦਾ ਨਾਗਰਿਕ ਫੜਿਆ ਹੈ ਜੋ ਕਿ ਫੇਂਸਿੰਗ ਪਾਰ ਕਰਕੇ ਭਾਰਤ ਆਇਆ ਸੀ। ਜਿਸ ਕੋਲੋਂ ਕੋਈ ਵੀ ਇਤਰਾਜ਼ਯੋਗ ਵਸਤੂ ਬਰਾਮਦ ਨਹੀਂ ਹੋਈ ਅਤੇ ਬੀ. ਐਸ. ਐਫ. ਦੇ ਅਧਿਕਾਰੀਆਂ ਨੇ ਇਕ ਪਾਕਿਸਤਾਨੀ ਬਜ਼ੁਰਗ ਸਾਨੂੰ ਸੌਂਪਿਆ ਹੈ, ਜਿਸ ਨੂੰ ਉਨ੍ਹਾਂ ਨੇ ਸਰਹੱਦ ਦੀ ਛਨਾ ਪੋਸਟ ਨੇੜੇ ਕਾਬੂ ਕੀਤਾ ਅਤੇ ਇਸ 'ਤੇ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ।