ਪ੍ਰਧਾਨ ਮੰਤਰੀ ਟਰੂਡੋ ਦੇ ਦੌਰੇ ਨਾਲ ਭਾਰਤ ਤੇ ਕੈਨੇਡਾ ਦੇ ਸੰਬੰਧ ਹੋਣਗੇ ਹੋਰ ਵੀ ਬਿਹਤਰ

02/19/2018 7:10:21 AM

ਕਪੂਰਥਲਾ  (ਭੂਸ਼ਣ) - ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਅਤੇ ਨੇਕ ਅਤੇ ਦੂਰਦਰਸ਼ੀ ਸੋਚ ਵਾਲੇ ਇਨਸਾਨ ਹਨ। ਜਿਨ੍ਹਾਂ ਨੇ ਆਪਣੀ ਲੋਕ ਸੇਵਾ ਅਤੇ ਮਿਹਨਤ ਦੇ ਸਦਕਾ ਕੈਨੇਡਾ ਦੇ ਰੱਖਿਆ ਮੰਤਰੀ ਦੇ ਅਹੁਦੇ ਤਕ ਪੁਜਣ ਵਿਚ ਕਾਮਯਾਬੀ ਹਾਸਲ ਕੀਤੀ ਹੈ। ਇਹ ਗੱਲਾਂ ਕੈਨੇਡਾ ਦੇ ਸਰੀ ਸ਼ਹਿਰ ਨਾਲ ਸੰਬੰਧਤ ਐੱਮ. ਪੀ. ਸੁੱਖ ਧਾਲੀਵਾਲ ਨੇ ਕਹੀਆਂ। ਐੱਮ. ਪੀ. ਧਾਲੀਵਾਲ ਆਪਣੇ ਕਪੂਰਥਲਾ ਦੌਰੇ ਦੌਰਾਨ ਪਿੰਡ ਖੋਜੇਵਾਲ ਵਿਚ ਆਯੋਜਿਤ ਇਕ ਧਾਰਮਿਕ ਸਮਾਗਮ ਦੌਰਾਨ 'ਜਗ ਬਾਣੀ' ਨਾਲ ਵਿਸ਼ੇਸ਼ ਤੌਰ 'ਤੇ ਰੂਬਰੂ ਹੋ ਰਹੇ ਸਨ। ਉਨ੍ਹਾਂ ਕਿਹਾ ਕਿ ਕੈਨੇਡਾ ਦੁਨੀਆ ਦੇ ਬੇਹਤਰੀਨ ਲੋਕਤੰਤਰਿਕ ਦੇਸ਼ਾਂ ਵਿਚ ਸ਼ੁਮਾਰ ਹੁੰਦਾ ਹੈ, ਜਿਸ ਦੀ ਮਿਸਾਲ ਹੈ। ਭਾਰਤ ਵਿਸ਼ੇਸ਼ ਕਰ ਕੇ ਪੰਜਾਬ ਨਾਲ ਸੰਬੰਧਤ ਵੱਡੀ ਗਿਣਤੀ ਵਿਚ ਸ਼ਖਸੀਅਤਾਂ ਦੇ ਕੈਨੇਡਾ ਦੇ ਕੈਬਨਿਟ 'ਚ ਮੰਤਰੀ ਹੋਣ ਦੇ ਨਾਲ-ਨਾਲ ਐੱਮ. ਪੀ. ਵਰਗੇ ਅਹਿਮ ਅਹੁਦਿਆਂ 'ਤੇ ਵਿਰਾਜਮਾਨ ਹਨ, ਜਦ ਉਨ੍ਹਾਂ ਤੋਂ ਪਿਛਲੇ ਦਿਨੀਂ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਦੇ ਭਾਰਤ ਦੌਰੇ ਦੌਰਾਨ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਾਮਲ ਨਾ ਹੋਣ ਨੂੰ ਲੈ ਕੇ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਦਿਲ ਤੋਂ ਇੱਜ਼ਤ ਕਰਦੇ ਹਨ ਅਤੇ ਉਹ ਬੇਹੱਦ ਖੁੱਲ੍ਹੇ ਵਿਚਾਰਾਂ ਵਾਲੇ ਵਿਅਕਤੀ ਹਨ। ਜਦੋਂ ਉਨ੍ਹਾਂ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਭਾਰਤ ਦੌਰੇ ਦੇ ਸੰਬੰਧ ਵਿਚ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਜਸਟਿਨ ਟਰੂਡੋ ਦੇ ਭਾਰਤ ਦੌਰੇ ਦੇ ਸਦਕਾ ਦੋਹਾਂ ਦੇਸ਼ਾਂ ਦੇ ਆਪਸੀ ਸੰਬੰਧਾਂ ਵਿਚ ਜਿਥੇ ਹੋਰ ਵੀ ਨਿਖਾਰ ਆਵੇਗਾ, ਉਥੇ ਹੀ ਭਾਰਤ ਅਤੇ ਕੈਨੇਡਾ ਦੇ ਆਪਸੀ ਵਪਾਰ ਵਿਚ ਵੀ ਭਾਰੀ ਵਾਧਾ ਵੇਖਣ ਨੂੰ ਮਿਲੇਗਾ। ਉਨ੍ਹਾਂ ਕਿਹਾ ਕਿ ਕੈਨੇਡਾ ਦਾ ਭਾਰਤ ਦੀ ਤਰੱਕੀ ਅਤੇ ਖੁਸ਼ਹਾਲੀ 'ਚ ਬੇਹਤਰੀਨ ਯੋਗਦਾਨ ਹੈ ਅਤੇ ਮੰਗਲਵਾਰ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਚ ਨਤਮਸਤਕ ਹੋਣ ਨੂੰ ਲੈ ਕੇ ਲੋਕਾਂ ਵਿਚ ਭਾਰੀ ਉਤਸਾਹ ਵੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਬੇਹੱਦ ਦੂਰਦਰਸ਼ੀ ਸੋਚ ਦੇ ਮਾਲਕ ਹਨ।
ਜ਼ਿਕਰਯੋਗ ਹੈ ਕਿ ਜਲੰਧਰ ਦੇ ਡੀ. ਏ. ਵੀ. ਕਾਲਜ, ਅੰਮ੍ਰਿਤਸਰ ਦੇ ਖਾਲਸਾ ਕਾਲਜ ਵਿਚ ਪੜ੍ਹ ਕੇ ਲੁਧਿਆਣਾ ਦੇ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ 'ਚ ਇੰਜੀਨੀਅਰਿੰਗ ਦੀ ਪੜ੍ਹਾਈ ਪੂਰੀ ਕਰ ਕੇ ਸਾਲ 1984 ਵਿਚ ਕੈਨੇਡਾ ਦੇ ਕੈਲਗਰੀ ਤੋਂ ਇੰਜੀਨੀਅਰਿੰਗ 'ਚ ਮਾਸਟਰ ਡਿਗਰੀ ਹਾਸਲ ਕਰਨ ਵਾਲੇ ਸੁੱਖ ਧਾਲੀਵਾਲ ਜਿਥੇ ਕੈਨੇਡਾ 'ਚ ਲੈਂਡ ਸਰਵੇਇੰਗ ਦੇ ਖੇਤਰ 'ਚ ਜਾਣਿਆ ਪਛਾਣਿਆ ਨਾਂ ਹੈ, ਉਥੇ ਹੀ ਆਪਣੀ ਲੋਕ ਸੇਵਾ ਦੇ ਬਲ ਵਿਚ ਉਹ ਲਗਾਤਾਰ ਤੀਜੀ ਵਾਰ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਨਾਲ ਸੰਬੰਧਤ ਸਰੀ ਸ਼ਹਿਰ ਤੋਂ ਐੱਮ. ਪੀ. ਚੁਣੇ ਗਏ ਹਨ। ਇਸ ਤੋਂ ਪਹਿਲਾਂ ਐੱਮ. ਪੀ. ਸੁੱਖ ਧਾਲੀਵਾਲ ਦਾ ਕਪੂਰਥਲਾ ਦੇ ਖੋਜੇਵਾਲ 'ਚ ਦਿ ਓਪਨ ਡੋਰ ਚਰਚ ਵਿਚ ਪਹੁੰਚਣ 'ਤੇ ਮੁੱਖ ਪਾਸਟਰ ਡਾ. ਹਰਜੀਤ ਸਿੰਘ ਦਿਓਲ, ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕੰਵਰ ਕੁਲਦੀਪ ਸਿੰਘ ਸੰਧਾ ਕਾਲੀਆ ਸਮੇਤ ਵੱਖ-ਵੱਖ ਹਸਤੀਆਂ ਨੇ ਸਵਾਗਤ ਕੀਤਾ। ਜਿਸ ਦੌਰਾਨ ਆਈ ਹੋਈ ਸੰਗਤ ਨੂੰ ਭਗਵਾਨ ਦੇ ਨਾਂ ਨਾਲ ਜੁੜਨ ਦੇ ਅਪੀਲ ਕੀਤੀ।