ਹਰ ਸਾਲ ਸੈਂਕੜੇ ਬੇਕੂਸਰਾਂ ਦੀ ਬਲੀ ਲੈਂਦੇ ਹਨ ''ਧੁੰਦ'' ਅਤੇ ''ਧੂੰਆਂ''!

11/13/2017 2:25:22 PM

ਗੁਰਦਾਸਪੁਰ (ਹਰਮਨਪ੍ਰੀਤ ਸਿੰਘ) - ਪਿਛਲੇ ਕੁਝ ਦਿਨਾਂ ਤੋਂ ਪੰਜਾਬ ਸਮੇਤ ਉੱਤਰੀ ਭਾਰਤ 'ਚ ਪ੍ਰਦੂਸ਼ਿਤ ਧੂੰਏਂ ਕਾਰਨ ਪੈਦਾ ਹੋਈ 'ਸਮੋਗ' ਕਈ ਹੱਸਦੇ ਵੱਸਦੇ ਪਰਿਵਾਰਾਂ ਦੀਆਂ ਖ਼ੁਸ਼ੀਆਂ ਉਜਾੜ ਗਈ ਹੈ। ਇਸ ਦੇ ਨਾਲ ਹੀ ਆਉਣ ਵਾਲੇ ਸਰਦੀਆਂ ਦੇ ਦਿਨਾਂ 'ਚ ਸੰਘਣੀ ਧੁੰਦ ਪੈਣ ਕਾਰਨ ਅਜਿਹੇ ਹਾਦਸਿਆਂ ਦੀ ਗਿਣਤੀ ਹੋਰ ਵਧਣ ਦਾ ਖ਼ਤਰਾ ਵੀ ਸਿਰ 'ਤੇ ਮੰਡਰਾ ਰਿਹਾ ਹੈ ਪਰ ਇਸ ਦੇ ਬਾਵਜੂਦ ਹਾਦਸੇ ਰੋਕਣ ਲਈ ਨਾ ਤਾਂ ਸਰਕਾਰ ਵੱਲੋਂ ਪੁਖ਼ਤਾ ਪ੍ਰਬੰਧ ਕੀਤੇ ਜਾ ਰਹੇ ਹਨ ਅਤੇ ਨਾ ਹੀ ਲੋਕ ਖ਼ੁਦ ਆਪਣੀ ਜਾਨ ਮਾਲ ਦੀ ਰੱਖਿਆ ਲਈ ਗੰਭੀਰਤਾ ਦਿਖਾ ਰਹੇ ਹਨ। ਬਹੁਤੇ ਥਾਈਂ ਸਥਿਤੀ ਇਹ ਬਣੀ ਹੋਈ ਹੈ ਕਿ ਲੋਕ ਅਜੇ ਵੀ ਕਿਸੇ ਹਾਦਸੇ ਦੀ ਪ੍ਰਵਾਹ ਕੀਤੇ ਬਗੈਰ ਵਾਹਨਾਂ ਨੂੰ ਤੇਜ਼ ਰਫ਼ਤਾਰ 'ਚ ਚਲਾਉਂਦੇ ਹਨ ਅਤੇ ਬਹੁਤ ਸਾਰੇ ਵਾਹਨਾਂ ਦੇ ਮਗਰ ਨਾ ਤਾਂ ਕੋਈ ਰਿਫ਼ਲੈਕਟਰ ਨਜ਼ਰ ਆਉਂਦਾ ਹੈ ਅਤੇ ਨਾ ਹੀ ਕੋਈ ਲਾਈਟ ਜਗਦੀ ਹੈ। ਇਸ ਮਾਮਲੇ 'ਚ ਸਰਕਾਰ ਦਾ ਵੱਡਾ ਅਵੇਸਲਾਪਣ ਇਸ ਗੱਲ ਤੋਂ ਸਾਹਮਣੇ ਆਉਂਦਾ ਹੈ ਕਿ ਕਈ ਮੁੱਖ ਸੜਕਾਂ ਦੀ ਹਾਲਤ ਬੇਹੱਦ ਖਸਤਾ ਹੋਣ ਦੇ ਬਾਵਜੂਦ ਵੀ ਪਿਛਲੇ ਕਈ ਸਾਲਾਂ ਤੋਂ ਉਨ੍ਹਾਂ ਦੀ ਮੁਰੰਮਤ ਲਈ ਕੋਈ ਵੀ ਫ਼ੰਡ ਜਾਰੀ ਨਹੀਂ ਕੀਤਾ ਗਿਆ ਅਤੇ ਨਾ ਹੀ ਇਨ੍ਹਾਂ ਸੜਕਾਂ 'ਤੇ ਧੁੰਦ ਦੇ ਦਿਨਾਂ 'ਚ ਲੋੜੀਂਦੀ ਚਿੱਟੀ ਪੱਟੀ ਲਾਈ ਗਈ। ਇਥੋਂ ਤੱਕ ਕਿ ਸਰਕਾਰੀ ਬੱਸਾਂ ਦੇ ਮਗਰ ਰਿਫੈਲਕਟਰ ਲਗਾਉਣ ਅਤੇ ਉਨ੍ਹਾਂ ਦੇ ਵਾਈਪਰ ਵਗੈਰਾ ਠੀਕ ਕਰਵਾਉਣ ਲਈ ਵੀ ਲੋੜੀਂਦੇ ਫੰਡ ਜਾਰੀ ਨਹੀਂ ਕੀਤੇ ਜਾਂਦੇ।
ਸੜਕ ਹਾਦਸਿਆਂ ਦਾ ਦੁਖਾਂਤ ਏਨਾ ਵੱਡਾ ਹੈ ਕਿ ਦੇਸ਼ ਅੰਦਰ ਹਰੇਕ 4 ਮਿੰਟ ਬਾਅਦ ਸੜਕ ਹਾਦਸਿਆਂ 'ਚ ਇਕ ਕੀਮਤੀ ਜਾਨ ਚਲੀ ਜਾਂਦੀ ਹੈ। ਇਕ ਰਿਪੋਰਟ ਅਨੁਸਾਰ ਰੋਜ਼ਾਨਾ ਤਕਰੀਬਨ 1214 ਹਾਦਸੇ ਵਾਪਰਦੇ ਹਨ ਜਿਨ੍ਹਾਂ 'ਚ 25 ਫ਼ੀਸਦੀ ਦੋ ਪਹੀਆ ਵਾਹਨ ਹੁੰਦੇ ਹਨ ਅਤੇ 14 ਸਾਲ ਤੋਂ ਘੱਟ ਉਮਰ ਦੇ ਕਰੀਬ 20 ਬੱਚੇ ਰੋਜ਼ਾਨਾ ਮੌਤ ਦੇ ਮੂੰਹ 'ਚ ਚਲੇ ਜਾਂਦੇ ਹਨ। ਇਕੱਲੇ ਪੰਜਾਬ ਅੰਦਰ ਪਿਛਲੇ ਕਰੀਬ 10 ਸਾਲਾਂ 'ਚ 40 ਹਜ਼ਾਰ ਤੋਂ ਵੀ ਜ਼ਿਆਦਾ ਲੋਕ ਹਾਦਸਿਆਂ ਕਾਰਨ ਮੌਤ ਦੇ ਮੂੰਹ 'ਚ ਚਲੇ ਗਏ, ਜਿਨ੍ਹਾਂ ਵਿਚੋਂ ਕਰੀਬ 5000 ਲੋਕਾਂ ਦੀ ਮੌਤ 2015 ਦੌਰਾਨ ਹੋਈ। 
ਕਰੀਬ 50 ਫ਼ੀਸਦੀ ਹਾਦਸੇ ਓਵਰ ਸਪੀਡ ਕਾਰਨ ਵਾਪਰਦੇ ਹਨ ਪਰ ਸਰਦੀਆਂ ਦੇ ਦਿਨਾਂ 'ਚ ਧੁੰਦ ਕਾਰਨ ਇਨ੍ਹਾਂ ਹਾਦਸਿਆਂ ਦੀ ਦਰ ਵਧ ਜਾਂਦੀ ਹੈ। 2014 'ਚ ਧੁੰਦ ਕਾਰਨ 891 ਹਾਦਸੇ ਹੋਏ ਜਿਨ੍ਹਾਂ 'ਚ 605 ਮੌਤਾਂ ਹੋਈਆਂ ਜਦੋਂ ਕਿ 636 ਲੋਕ ਜ਼ਖਮੀ ਹੋਏ। ਇਸੇ ਤਰ੍ਹਾਂ 2015 'ਚ ਧੁੰਦ ਕਾਰਨ ਵਾਪਰੇ 757 ਹਾਦਸਿਆਂ ਦੌਰਾਨ 526 ਮੌਤਾਂ ਹੋਈਆਂ ਜਦੋਂ ਕਿ ਪਿਛਲੇ ਸਾਲ 825 ਹਾਦਸਿਆਂ 'ਚ 602 ਲੋਕ ਜਾਨ ਤੋਂ ਹੱਥ ਧੋ ਬੈਠੇ ਅਤੇ 660 ਜ਼ਖ਼ਮੀ ਹੋਏ। 
50 ਫੀਸਦੀ ਸਰਕਾਰੀ ਬੱਸਾਂ ਦੇ ਵਾਈਪਰ ਖਰਾਬ
ਪੰਜਾਬ ਰੋਡਵੇਜ਼ ਨਾਲ ਸਬੰਧਤ ਕਈ ਬੱਸ ਡਰਾਈਵਰਾਂ ਨੇ ਆਪਣਾ ਨਾਂ ਗੁਪਤ ਰੱਖਦਿਆਂ ਦੱਸਿਆਂ ਕਿ ਰੋਡਵੇਜ਼ ਦੀਆਂ ਪੁਰਾਣੀਆਂ ਬੱਸਾਂ ਦੀ ਹਾਲਤ ਬਹੁਤ ਬਦਤਰ ਹੈ, ਜਿਨ੍ਹਾਂ ਵਿਚੋਂ 50 ਫੀਸਦੀ ਬੱਸਾਂ ਦੇ ਵਾਈਪਰ ਨਾ ਚੱਲਣ ਕਾਰਨ ਧੁੰਦ ਅਤੇ ਬਰਸਾਤਾਂ ਦੇ ਦਿਨਾਂ 'ਚ ਡਰਾਈਵਰਾਂ ਨੂੰ ਗੱਡੀ ਚਲਾਉਣ ਮੌਕੇ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਬੱਸਾਂ ਦੇ ਅੱਗੇ-ਪਿੱਛੇ ਰਿਫਲੈਕਟਰ ਲਾਉਣ ਲਈ ਕਿਸੇ ਕਿਸਮ ਦਾ ਕੋਈ ਵੱਖਰਾ ਫੰਡ ਜਾਰੀ ਨਹੀਂ ਕੀਤਾ ਜਾਂਦਾ। ਇਥੋਂ ਤੱਕ ਔਸਤਨ 100-100 ਬੱਸਾਂ ਵਾਲੇ ਡਿਪੂਆਂ ਨੂੰ ਡਿਪੂ ਤੋਂ ਬਾਹਰਲੀਆਂ ਦੁਕਾਨਾਂ ਤੋਂ ਬੱਸਾਂ ਲਈ ਲੋੜੀਂਦਾ ਸਾਮਾਨ/ਪੁਰਜੇ ਖਰੀਦਣ ਲਈ ਸਿਰਫ਼ ਇਕ-ਇਕ ਲੱਖ ਰੁਪਏ ਦੇ ਕਰੀਬ ਪ੍ਰਤੀ ਮਹੀਨਾ ਰਾਸ਼ੀ ਹੀ ਦਿੱਤੀ ਜਾਂਦੀ ਹੈ, ਜਿਸ ਨਾਲ 100 ਬੱਸਾਂ ਲਈ ਲੋੜੀਂਦਾ ਅਤੀ ਜ਼ਰੂਰੀ ਸਾਮਾਨ ਵੀ ਪੂਰਾ ਨਹੀਂ ਹੁੰਦਾ। 
ਹਾਈਵੇ ਤੇ ਲਿੰਕ ਸੜਕਾਂ ਤੋਂ 'ਚਿੱਟੀ ਪੱਟੀ' ਗਾਇਬ
ਅੰਮ੍ਰਿਤਸਰ-ਪਠਾਨਕੋਟ ਕੌਮੀ ਮਾਰਗ 'ਤੇ ਲੋਕਾਂ ਵੱਲੋਂ ਡਿਵਾਈਡਰ ਤੋੜ ਕੇ ਬਣਾਏ ਗਏ ਅਣ-ਅਧਿਕਾਰਤ ਕੱਟ ਹਾਦਸਿਆਂ ਨੂੰ ਵਧਾਉਂਦੇ ਹਨ, ਜਿਸ ਸਬੰਧੀ ਹਾਈਵੇ ਅਥਾਰਟੀ ਦਾ ਕੋਈ ਧਿਆਨ ਨਹੀਂ ਹੈ। ਬਹੁਤ ਸਾਰੀਆਂ ਲਿੰਕ ਸੜਕਾਂ ਤੋਂ ਇਲਾਵਾ ਗੁਰਦਾਸਪੁਰ ਨੂੰ ਹੋਰ ਜ਼ਿਲਿਆਂ ਨਾਲ ਜੋੜਨ ਵਾਲੀਆਂ ਜਿਨ੍ਹਾਂ ਸੜਕਾਂ ਦੀ ਅਜੇ ਤੱਕ ਮੁਰੰਮਤ ਹੀ ਨਹੀਂ ਹੋਈ, ਉਨ੍ਹਾਂ ਦੇ ਕਿਨਾਰਿਆਂ 'ਤੇ ਚਿੱਟੀ ਪੱਟੀ ਲੱਗਣੀ ਵੀ ਅਸੰਭਵ ਹੈ, ਜਿਸ ਕਾਰਨ ਧੁੰਦ ਦੇ ਦਿਨਾਂ 'ਚ ਲੋਕਾਂ ਨੂੰ ਹੋਰ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ। ਏਨਾ ਹੀ ਨਹੀਂ ਹਾਈਵੇ ਸਮੇਤ ਕਈ ਸੜਕਾਂ ਦੀ ਮੁਰੰਮਤ ਤਾਂ ਕਰ ਦਿੱਤੀ ਗਈ ਸੀ, ਪਰ ਉਨ੍ਹਾਂ 'ਤੇ ਚਿੱਟੀ ਪੱਟੀ ਨਹੀਂ ਲਾਈ ਗਈ। ਅੰਮ੍ਰਿਤਸਰ-ਪਠਾਨਕੋਟ ਹਾਈਵੇ 'ਤੇ ਵੀ ਬਹੁਤੇ ਥਾਈਂ ਸੜਕ ਦੇ ਖੱਬੇ ਪਾਸੇ ਵਾਲੀ ਚਿੱਟੀ ਪੱਟੀ ਬਹੁਤੇ ਥਾਵਾਂ ਤੋਂ ਗਾਇਬ ਹੋ ਚੁੱਕੀ ਹੈ। ਹੋਰ 'ਤੇ ਹੋਰ ਇਨ੍ਹਾਂ ਸੜਕਾਂ ਦੇ ਨਿਰਮਾਣ ਉਪਰੰਤ ਠੇਕੇਦਾਰ ਵੱਲੋਂ ਕਿਨਾਰਿਆਂ 'ਤੇ ਮਿੱਟੀ ਨਾ ਪਾਏ ਜਾਣ ਕਾਰਨ ਬਹੁਤੇ ਥਾਈਂ ਸੜਕ ਦੀ ਉਚਾਈ ਕਾਫੀ ਜ਼ਿਆਦਾ ਹੈ, ਜਿਸ ਕਾਰਨ ਆਏ ਦਿਨ ਕੋਈ ਨਾ ਕੋਈ ਰਾਹਗੀਰ ਹਾਦਸੇ ਦਾ ਸ਼ਿਕਾਰ ਹੁੰਦਾ ਹੈ।