ਬਟਵਾਰੇ ਦੀ ਕੜਵਾਹਟ ਮਿਟਾਉਣ ਲਈ ਲੜਕਿਆਂ ਦਾ ਨਾਮ ਰੱਖਿਆ ਭਾਰਤ-ਪਾਕਿਸਤਾਨ

08/18/2017 3:12:48 PM

ਮੁਕਤਸਰ - ਮਲੋਟ ਦੇ ਗੁਰਮੀਤ ਸਿੰਘ ਦਾ ਪਰਿਵਾਰ 1984 ਦੇ ਦੰਗੇ 'ਚ ਉਜੜ ਚੁੱਕਾ ਸੀ। ਦੋਹਾਂ ਦੇਸ਼ਾਂ ਦੀ ਕੜਵਾਹਟ ਨੂੰ ਖਤਮ ਕਰਨ ਲਈ ਉਨ੍ਹਾਂ ਨੇ ਆਪਣੇ ਦੋਹਾਂ ਲੜਕਿਆਂ ਦਾ ਨਾਮ ਭਾਰਤ-ਪਾਕਿਸਤਾਨ ਰੱਖਿਆ ਹੈ। ਜ਼ਿਕਰਯੋਗ ਹੈ ਕਿ ਇਸ ਨਫਰਤ ਦੀ ਅੱਗ ਤੋਂ ਦੁੱਖੀ ਹੋ ਕੇ ਮਲੋਟ ਦੇ ਲਕੜੀ ਕਾਰੀਗਰ ਗੁਰਮੀਤ ਸਿੰਘ ਦੁਨੀਆਂ ਨੂੰ ਵਿਲੱਖਣ ਸਿੱਖਿਆ ਦੇ ਰਹੇ ਹਨ। ਪਹਿਲਾਂ ਭਾਰਤ-ਪਾਕਿ ਬਟਵਾਰੇ ਅਤੇ ਫਿਰ 1984 ਦੇ ਦੰਗਿਆਂ 'ਚ ਉਜੜ ਚੁੱਕਾ ਗੁਰਮੀਤ ਸਿੰਘ ਦਾ ਪਰਿਵਾਰ ਹੁਣ ਤੀਜੀ ਵਾਰ ਅਜਿਹਾ ਦੁੱਖ ਨਹੀਂ ਝੱਲਣਾ ਚਾਹੁੰਦਾ। 
ਇਸ ਲਈ ਉਨ੍ਹਾਂ ਕੋਲ ਫਿਰਕੂ ਸਦਭਾਵਨਾ ਦਾ ਸੰਦੇਸ਼ ਦੇਣ ਲਈ ਆਪਣੇ ਵੱਡੇ ਲੜਕੇ ਦਾ ਨਾਂ ਭਾਰਤ ਅਤੇ ਛੋਟੇ ਲੜਕੇ ਦਾ ਨਾਂ ਪਾਕਿਸਤਾਨ ਰੱਖ ਦਿੱਤਾ ਹੈ। ਕੁਝ ਲੋਕ ਗੁਰਮੀਤ ਦਾ ਮਜ਼ਾਕ ਉਡਾਉਂਦੇ ਹਨ, ਤਾਂ ਕੁਝ ਉਨ੍ਹਾਂ ਦੀ ਸੋਚ ਨੂੰ ਸਲਾਮ ਕਰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਂਝ ਵੀ ਭਾਰਤ-ਪਾਕਿਸਤਾਨ ਦੋਨੋਂ ਭਰਾ ਹਨ। ਇਸ ਲਈ ਦੋਹਾਂ ਨੂੰ ਹੁਣ ਮਿਲ ਕੇ ਰਹਿਣਾ ਚਾਹੀਦਾ ਹੈ। 
ਸੂਤਰਾ ਮੁਤਾਬਕ ਗੁਰਮੀਤ ਸਿੰਘ ਨੇ ਵੱਡੇ ਲੜਕੇ ਦਾ ਨਾਂ ਮਨੋਜ ਕੁਮਾਰ ਦੀਆਂ ਫਿਲਮਾਂ ਦੇ ਆਧਾਰ 'ਤੇ ਰੱਖਿਆ ਹੈ ਕਿਉਂਕਿ ਕਈ ਫਿਲਮਾਂ 'ਚ ਮਨੋਜ ਕੁਮਾਰ ਦਾ ਨਾਮ ਭਾਰਤ ਹੀ ਸੀ। 2007 'ਚ ਦੂਜੇ ਲੜਕੇ ਦਾ ਜਨਮ ਹੋਇਆ ਤਾਂ ਇਕ ਦੋਸਤ ਨੇ ਉਸ ਦਾ ਨਾਂ ਪਾਕਿਸਤਾਨ ਰੱਖਣ ਦੀ ਸਲਾਹ ਦਿੱਤੀ। ਮਾਂ ਅਤੇ ਰਿਸ਼ਤੇਦਾਰਾਂ ਇਸ ਦਾ ਵਿਰੋਧ ਕੀਤਾ, ਪਰ ਬਾਅਦ 'ਚ ਉਹ ਮੰਨ ਗਏੇ। ਆਪਣੇ ਦੋਹਾਂ ਲੜਕਿਆਂ ਦਾ ਨਾਂ ਭਾਰਤ-ਪਾਕਿ ਰੱਖ ਕੇ ਉਹ ਦੋਹਾਂ ਦੀ ਕੜਵਾਹਟ ਨੂੰ ਖਤਮ ਕਰਨਾ ਚਾਹੁੰਦੇ ਹਨ।