ਕਾਂਗਰਸੀ ਆਗੂ ਨੇ ਕਿਸਾਨ ਨੂੰ ਖੁਦਕੁਸ਼ੀ ਕਰਨ ਲਈ ਕੀਤਾ ਮਜਬੂਰ : ਮਜੀਠੀਆ

05/01/2018 6:16:45 PM

ਚੰਡੀਗੜ੍ਹ (ਮਨਮੋਹਨ) : ਬੀਤੇ ਦਿਨੀਂ ਹਲਕਾ ਜ਼ੀਰਾ ਦੇ ਪਿੰਡ ਕੱਚਰਭੰਨ ਵਿਖੇ ਜ਼ਮੀਨੀ ਵਿਵਾਦ ਦੇ ਚੱਲਦੇ ਨੌਜਵਾਨ ਕਿਸਾਨ ਜਤਿੰਦਰ ਸਿੰਘ (25) ਵਲੋਂ ਖੁਦਕੁਸ਼ੀ ਕੀਤੇ ਜਾਣ ਦੇ ਮਾਮਲੇ 'ਤੇ ਅਕਾਲੀ ਦਲ ਨੇ ਕਾਂਗਰਸ 'ਤੇ ਵੱਡਾ ਹਮਲਾ ਬੋਲਿਆ ਹੈ। ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਕਰਦਿਆਂ ਬਿਕਰਮ ਮਜੀਠੀਆ ਨੇ ਹਲਕਾ ਜ਼ੀਰਾ ਤੋਂ ਕਾਂਗਰਸੀ ਆਗੂ ਇੰਦਰਜੀਤ ਸਿੰਘ ਜ਼ੀਰਾ ਜੋ ਕਿ ਖੇਤ ਮਜ਼ਦੂਰ ਸੈੱਲ ਦੇ ਪ੍ਰਧਾਨ ਵੀ ਹਨ 'ਤੇ ਇਕ ਕਿਸਾਨ ਦੀ ਜ਼ਮੀਨ ਹੜੱਪਣ ਦੇ ਦੋਸ਼ ਲਗਾਏ ਹਨ। ਮਜੀਠੀਆ ਨੇ ਕਿਹਾ ਕਿ ਇਕ ਪਾਸੇ ਜਿੱਥੇ ਕਾਂਗਰਸ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਦੀ ਗੱਲ ਆਖ ਰਹੀ ਹੈ, ਉਥੇ ਹੀ ਦੂਜੇ ਪਾਸੇ ਕਾਂਗਰਸੀ ਆਗੂ ਕਿਸਾਨਾਂ ਨਾਲ ਧੱਕਾ ਕਰ ਰਹੇ ਹਨ। ਮਜੀਠੀਆ ਨੇ ਕਿਹਾ ਕਿ ਕਾਂਗਰਸੀ ਆਗੂ ਵਲੋਂ ਇਸ ਕਦਰ ਕਿਸਾਨ ਨੂੰ ਤੰਗ ਕੀਤਾ ਗਿਆ ਕਿ ਉਸ ਨੇ ਖੁਦਕੁਸ਼ੀ ਹੀ ਕਰ ਲਈ। ਇੰਨਾ ਹੀ ਨਹੀਂ ਉਕਤ ਨੌਜਵਾਨ ਦੇ ਪਿੰਡ ਵਾਸੀਆਂ ਨੂੰ ਵੀ ਪ੍ਰਦਰਸ਼ਨ ਨਹੀਂ ਕਰਨ ਦਿੱਤਾ ਗਿਆ। 
ਮਜੀਠੀਆ ਨੇ ਕਿਹਾ ਕਿ ਕਾਂਗਰਸੀ ਆਗੂ ਇੰਦਰਜੀਤ ਜ਼ੀਰਾ ਦੇ ਗੁੰਡਿਆਂ ਨੇ ਪਿੰਡ ਵਿਚ ਹਮਲਾ ਕਰਕੇ ਪੱਥਰਬਾਜ਼ੀ ਕੀਤੀ, ਗੱਡੀਆਂ ਦੀ ਤੋੜਭੰਨ ਕੀਤੀ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਦੇ ਕਾਰਜਕਾਲ ਵਿਚ ਕੀ ਕੁੱਝ ਹੋ ਰਿਹਾ ਹੈ ਇਹ ਹੁਣ ਖੁੱਲ੍ਹ ਕੇ ਜਨਤਾ ਦੇ ਸਾਹਮਣੇ ਆ ਚੁੱਕਾ ਹੈ। ਬਾਵਜੂਦ ਇਸ ਦੇ ਪੁਲਸ ਵਲੋਂ ਦੋਸ਼ੀਆਂ ਖਿਲਾਫ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ।