ਇਨਕਮ ਟੈਕਸ ਵਿਭਾਗ ਦੀਆਂ ਟੀਮਾਂ ਨੇ 3 ਪ੍ਰਮੁੱਖ ਸੁਨਿਆਰਿਆਂ ਦੀਆਂ ਦੁਕਾਨਾਂ ''ਚ ਸਰਚ

02/21/2018 5:16:59 AM

ਕਪੂਰਥਲਾ, (ਭੂਸ਼ਣ)- ਇਨਕਮ ਟੈਕਸ ਵਿਭਾਗ ਦੀਆਂ ਟੀਮਾਂ ਨੇ ਮੰਗਲਵਾਰ ਦੀ ਦੁਪਹਿਰ ਸ਼ਹਿਰ ਵਿਚ ਵੱਡੇ ਪੱਧਰ 'ਤੇ ਸਰਚ ਮੁਹਿੰਮ ਚਲਾਉਂਦੇ ਹੋਏ 3 ਪ੍ਰਮੁੱਖ ਸੁਨਿਆਰਿਆਂ ਦੀਆਂ ਦੁਕਾਨਾਂ ਵਿਚ ਭਾਰੀ ਗਿਣਤੀ ਵਿਚ ਆਪਣੇ ਮੈਂਬਰਾਂ ਨਾਲ ਛਾਪੇਮਾਰੀ ਕੀਤੀ। ਇਸ ਸਰਚ ਮੁਹਿੰਮ ਦੌਰਾਨ ਟੀਮ ਨਾਲ ਭਾਰੀ ਗਿਣਤੀ ਵਿਚ ਪੁਲਸ ਕਰਮਚਾਰੀ ਮੌਜੂਦ ਸਨ ।
ਜਾਣਕਾਰੀ ਅਨੁਸਾਰ ਇਨਕਮ ਟੈਕਸ ਵਿਭਾਗ ਦੀਆਂ ਦੂਜੇ ਸ਼ਹਿਰਾਂ ਤੋਂ ਆਈਆਂ ਟੀਮਾਂ ਜਿਨ੍ਹਾਂ ਵਿਚ ਕਈ ਸੀਨੀਅਰ ਇਨਕਮ ਟੈਕਸ ਵਿਭਾਗ ਦੇ ਮੈਂਬਰ ਮੌਜੂਦ ਸਨ, ਨੇ ਸ਼ਹਿਰ ਦੇ ਸਦਰ ਬਾਜ਼ਾਰ ਅਤੇ ਸਰਾਫਾ ਬਾਜ਼ਾਰ ਦੇ 3 ਸੁਨਿਆਰਿਆਂ ਦੀਆਂ ਦੁਕਾਨਾਂ 'ਤੇ ਵੱਡੇ ਪੱਧਰ 'ਤੇ ਸਰਚ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਦੌਰਾਨ ਅਚਾਨਕ ਆਈਆਂ ਇਨਕਮ ਟੈਕਸ ਵਿਭਾਗ ਦੀਆਂ ਟੀਮਾਂ ਨੇ ਇਨ੍ਹਾਂ ਦੁਕਾਨਾਂ ਵਿਚ ਮੌਜੂਦ ਸਾਰੇ ਦਸਤਾਵੇਜ਼ਾਂ ਦੀ ਡੂੰਘਾਈ ਨਾਲ ਜਾਂਚ ਕੀਤੀ। ਉਥੇ ਹੀ ਇਸ ਦੌਰਾਨ ਦੁਕਾਨਾਂ ਵਿਚ ਮੌਜੂਦ ਕਿਸੇ ਵੀ ਕਰਮਚਾਰੀ ਨੂੰ ਬਾਹਰ ਨਿਕਲਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਇਹ ਪੂਰੀ ਕਾਰਵਾਈ ਇਸ ਕਦਰ ਗੁਪਤ ਰੱਖੀ ਗਈ ਕਿ ਇਨਕਮ ਟੈਕਸ ਟੀਮ ਦੇ ਆਉਣ ਤੱਕ ਇਸ ਦੀ ਕਿਸੇ ਨੂੰ ਵੀ ਭਿਣਕ ਤੱਕ ਨਹੀਂ ਲੱਗੀ। ਇਸ ਦੌਰਾਨ ਟੀਮਾਂ ਨਾਲ ਵੱਡੀ ਗਿਣਤੀ 'ਚ ਪੁਲਸ ਕਰਮਚਾਰੀ ਅਤੇ ਅਫਸਰ ਮੌਜੂਦ ਸਨ। ਸਮਾਚਾਰ ਮਿਲਣ ਤੱਕ ਇਨਕਮ ਟੈਕਸ ਵਿਭਾਗ ਦੀ ਸਰਚ ਮੁਹਿੰਮ ਜਾਰੀ ਸੀ। ਇਸ ਸਬੰਧ 'ਚ ਕਿਸੇ ਵੀ ਇਨਕਮ ਵਿਭਾਗ ਅਫਸਰ ਨੇ ਕੁਝ ਵੀ ਕਹਿਣ ਤੋਂ ਮਨ੍ਹਾ ਕਰ ਦਿੱਤਾ। 
ਇਨਕਮ ਟੈਕਸ ਵਿਭਾਗ ਦੀ ਇਸ ਮੁਹਿੰਮ ਨਾਲ ਜਿਥੇ ਕਾਰੋਬਾਰ ਜਗਤ ਵਿਚ ਭਾਰੀ ਦਹਿਸ਼ਤ ਫੈਲ ਗਈ ਹੈ, ਉਥੇ ਹੀ ਦੇਸ਼ ਭਰ ਵਿਚ ਚੱਲ ਰਹੀ ਇਨਕਮ ਟੈਕਸ ਵਿਭਾਗ ਦੀ ਇਸ ਸਰਚ ਮੁਹਿੰਮ ਨੂੰ ਲੈ ਕੇ ਆਉਣ ਵਾਲੇ ਦਿਨਾਂ ਵਿਚ ਵੀ ਸ਼ਹਿਰ ਦੇ ਕਈ ਪ੍ਰਮੁੱਖ ਕਾਰੋਬਾਰੀਆਂ ਦੇ ਟਿਕਾਣਿਆਂ 'ਤੇ ਸਰਚ ਹੋਣ ਦੀ ਚਰਚਾ ਹੋਣ ਲੱਗੀ ਹੈ, ਜਿਸ ਨੂੰ ਲੈ ਕੇ ਕਈ ਕਾਰੋਬਾਰੀ ਇਨਕਮ ਟੈਕਸ ਵਿਭਾਗ ਦੀ ਕਾਰਵਾਈ ਨੂੰ ਲੈ ਕੇ ਚਰਚਾ ਕਰਨ ਲੱਗੇ ਹਨ।
ਗੌਰਤਲਬ ਹੈ ਕਿ ਬੀਤੇ ਕੁਝ ਮਹੀਨਿਆਂ ਦੌਰਾਨ ਸ਼ਹਿਰ ਦੇ ਕਈ ਪ੍ਰਮੁੱਖ ਕਾਰੋਬਾਰੀਆਂ ਦੇ ਟਿਕਾਣਿਆਂ 'ਤੇ ਇਨਕਮ ਟੈਕਸ ਵਿਭਾਗ ਨੇ ਸਰਚ ਮੁਹਿੰਮ ਚਲਾਈ ਹੈ, ਜਿਸ ਦੌਰਾਨ ਲੱਖਾਂ ਰੁਪਏ ਦੀ ਰਕਮ ਟੈਕਸ ਦੇ ਰੂਪ 'ਚ ਵਸੂਲੀ ਗਈ ਹੈ।