ਚੋਣਾਂ ''ਚ ਪੈਸੇ ਦੀ ਦੁਰਵਰਤੋਂ ਰੋਕਣ ਲਈ ਇਨਕਮ ਟੈਕਸ ਵਿਭਾਗ ਚੌਕਸ

03/15/2019 1:09:31 AM

ਚੰਡੀਗੜ੍ਹ,(ਭੁੱਲਰ) : ਚੋਣ ਕਮਿਸ਼ਨ ਭਾਰਤ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਡਾਇਰੈਕਟਰ ਜਨਰਲ ਇਨਕਮ ਟੈਕਸ (ਇਨਵੈਸਟੀਗੇਸ਼ਨ) ਵਲੋਂ ਚੋਣਾਂ ਦੌਰਾਨ ਵਿੱਤੀ ਗੜਬੜੀਆਂ ਸਬੰਧੀ ਸ਼ਿਕਾਇਤ ਪ੍ਰਾਪਤ ਕਰਨ ਲਈ ਕੰਟਰੋਲ ਰੂਮ ਸਥਾਪਤ ਕੀਤਾ ਗਿਆ ਹੈ। ਚੋਣਾਂ 'ਚ ਪੈਸੇ ਦੀ ਦੁਰਵਰਤੋਂ ਰੋਕਣ ਲਈ ਕੰਟਰੋਲ ਰੂਮ ਸਥਾਪਿਤ ਕਰਨ ਤੋਂ ਬਾਅਦ ਇਨਕਮ ਟੈਕਸ ਵਿਭਾਗ ਪੂਰੀ ਤਰ੍ਹਾਂ ਚੌਕਸ ਹੋ ਚੁੱਕਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦਫ਼ਤਰ, ਮੁੱਖ ਚੋਣ ਅਫ਼ਸਰ, ਪੰਜਾਬ ਦੇ ਇਕ ਬੁਲਾਰੇ ਨੇ ਦੱਸਿਆ ਕਿ ਪੰਜਾਬ ਦੇ ਲੋਕ ਟੋਲ ਫ੍ਰੀ ਨੰਬਰ 18001804814 'ਤੇ ਚੋਣ ਜ਼ਾਬਤੇ ਦੌਰਾਨ ਜੇਕਰ ਕਿਸੇ ਵੀ ਥਾਂ ਵੱਡੇ ਪੱਧਰ 'ਤੇ ਨਕਦੀ ਲਿਜਾ ਰਹੇ ਲੋਕਾਂ ਬਾਰੇ ਜਾਂ ਕਿਸੇ ਅਜਿਹੀ ਵਸਤੂ ਜਿਸ ਦੀ ਵਰਤੋਂ ਵੋਟਰਾਂ ਨੂੰ ਰਿਸ਼ਵਤ ਦੇਣ ਵਜੋਂ ਕੀਤੀ ਜਾ ਸਕਦੀ ਹੋਵੇ, ਬਾਰੇ ਸ਼ਿਕਾਇਤ ਕਰ ਸਕਦੇ ਹਨ।
ਬੁਲਾਰੇ ਨੇ ਕਿਹਾ ਕਿ ਇਨਕਮ ਟੈਕਸ ਵਿਭਾਗ ਵਲੋਂ 10 ਲੱਖ ਤੋਂ ਵੱਧ ਦੀ ਨਕਦੀ ਜਾਂ ਅਜਿਹੀ ਵਸਤੂ ਜਿਸ ਦੀ ਵਰਤੋਂ ਵੋਟਰਾਂ ਨੂੰ ਰਿਸ਼ਵਤ ਦੇਣ ਵਜੋਂ ਕੀਤੀ ਜਾ ਸਕਦੀ ਹੋਵੇ ਅਤੇ ਉਸ ਦੀ ਕੀਮਤ 10 ਲੱਖ ਤੋਂ ਵੱਧ ਹੋਵੇ, ਨੂੰ ਲੈ ਕੇ ਕੋਈ ਜਾ ਰਿਹਾ ਹੋਵੇ ਤਾਂ ਉਸ ਦੇ ਸਰੋਤ ਸਬੰਧੀ ਪੂਰੇ ਦਸਤਾਵੇਜ਼ ਕੋਲ ਹੋਣੇ ਚਾਹੀਦੇ ਹਨ। ਮੁੱਖ ਚੋਣ ਅਫ਼ਸਰ, ਪੰਜਾਬ ਵਲੋਂ ਸੂਬੇ ਦੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ 50 ਹਜ਼ਾਰ ਤੋਂ ਵੱਧ ਦੀ ਰਾਸ਼ੀ ਜਾਂ ਵਸਤੂਆਂ ਲਿਜਾਣ ਸਮੇਂ ਆਪਣੇ ਨਾਲ ਲੋੜੀਂਦੇ ਦਸਤਾਵੇਜ਼ ਜ਼ਰੂਰ ਰੱਖਣ। ਇਨਕਮ ਟੈਕਸ ਵਿਭਾਗ ਵਲੋਂ ਸਥਾਪਿਤ ਕੀਤਾ ਗਿਆ ਕੰਟਰੋਲ ਰੂਮ ਹਫ਼ਤੇ ਦੇ 7 ਦਿਨ 24 ਘੰਟੇ ਕੰਮ ਕਰੇਗਾ, ਜੋ ਕਿ ਚੋਣ ਜ਼ਾਬਤਾ ਲਾਗੂ ਰਹਿਣ ਤੱਕ ਜਾਰੀ ਰਹੇਗਾ।

Deepak Kumar

This news is Content Editor Deepak Kumar