ਗਲਤ ਨੋਟਿਸਾਂ ਨਾਲ ਇਨਕਮ ਟੈਕਸ ਵਿਭਾਗ ਨੇ ਫੈਲਾਈ ਦਹਿਸ਼ਤ

07/19/2017 5:34:57 PM

ਅੰਮ੍ਰਿਤਸਰ - ਨੋਟਬੰਦੀ ਦੌਰਾਨ ਬੈਂਕ ਖਾਤਿਆਂ 'ਚ ਲੱਖਾਂ ਰੁਪਏ ਜਮ੍ਹਾ ਕਰਵਾਉਣ ਵਾਲੇ ਲੋਕਾਂ ਨੂੰ ਇਨ੍ਹੀਂ ਦਿਨੀਂ ਸਰਕਾਰ ਦੇ ਆਪ੍ਰੇਸ਼ਨ ਕਲੀਨ ਮਨੀ ਤਹਿਤ ਇਨਕਮ ਟੈਕਸ ਵਿਭਾਗ ਵੱਲੋਂ ਜਾਰੀ ਕੀਤੇ ਜਾ ਰਹੇ ਗਲਤ ਨੋਟਿਸਾਂ ਕਾਰਨ ਦਹਿਸ਼ਤਜ਼ਦਾ ਹੋਣਾ ਪੈ ਰਿਹਾ ਹੈ, ਜਿਸ ਕਰ ਕੇ ਈਮਾਨਦਾਰ ਟੈਕਸਦਾਤਾ ਜਾਂ ਵਪਾਰੀ ਵਰਗ 'ਚ ਡਰ ਦਾ ਮਾਹੌਲ ਨਜ਼ਰ ਆ ਰਿਹਾ ਹੈ ਅਤੇ ਘਬਰਾਏ ਹੋਏ ਲੋਕ ਆਪਣੇ ਸੀ. ਏ. ਅਤੇ ਵਕੀਲਾਂ ਦੇ ਦਫਤਰਾਂ 'ਚ ਚੱਕਰ ਕੱਟਦੇ ਨਜ਼ਰ ਆ ਰਹੇ ਹਨ। ਜਾਣਕਾਰੀ ਅਨੁਸਾਰ ਇਨਕਮ ਟੈਕਸ ਵਿਭਾਗ ਵੱਲੋਂ ਅੰਮ੍ਰਿਤਸਰ ਰੇਂਜ 'ਚ ਹੀ ਲਗਭਗ 2 ਹਜ਼ਾਰ ਤੋਂ ਵੱਧ ਗਲਤ ਨੋਟਿਸ ਭੇਜੇ ਗਏ ਹਨ। ਇਹ ਨੋਟਿਸ ਉਨ੍ਹਾਂ ਲੋਕਾਂ ਨੂੰ ਭੇਜੇ ਜਾ ਰਹੇ ਹਨ ਜਿਨ੍ਹਾਂ ਨੇ ਨੋਟਬੰਦੀ ਦੌਰਾਨ ਆਪਣੇ ਬੈਂਕ ਖਾਤਿਆਂ 'ਚ ਲੱਖਾਂ ਰੁਪਏ ਦੀ ਪੁਰਾਣੀ ਕਰੰਸੀ ਜਮ੍ਹਾ ਕਰਵਾਈ ਸੀ। ਵਿਭਾਗ ਦੇ ਦਿੱਲੀ ਸਥਿਤ ਸੈਂਟਰ ਵੱਲੋਂ ਇਹ ਨੋਟਿਸ ਭੇਜੇ ਜਾ ਰਹੇ ਹਨ ਅਤੇ ਬਾਕਾਇਦਾ ਮੋਬਾਇਲ 'ਤੇ ਐੱਸ. ਐੱਮ. ਐੱਸ. ਵੀ ਆ ਰਿਹਾ ਹੈ।  ਇਹ ਵੇਖ ਕੇ ਹੈਰਾਨੀ ਹੋਵੇਗੀ ਕਿ ਜਿਸ ਵਿਅਕਤੀ ਨੇ ਨੋਟਬੰਦੀ ਦੌਰਾਨ ਆਪਣੇ ਬੈਂਕ ਖਾਤੇ 'ਚ 46 ਲੱਖ ਰੁਪਏ ਜਮ੍ਹਾ ਕਰਵਾਏ ਸਨ, ਵਿਭਾਗ ਨੇ ਉਸ ਨੂੰ 1.80 ਕਰੋੜ ਰੁਪਏ ਦਾ ਨੋਟਿਸ ਭੇਜ ਦਿੱਤਾ ਹੈ ਅਤੇ ਇਨਕਮ ਸੋਰਸ ਦੀ ਜਾਣਕਾਰੀ ਮੰਗੀ ਹੈ। ਸੰਬੰਧਿਤ ਵਿਅਕਤੀ ਤੋਂ 46 ਲੱਖ ਰੁਪਏ ਦੀ ਬਜਾਏ 1.80 ਕਰੋੜ ਰੁਪਏ ਦੀ ਕਮਾਈ ਦਾ ਸੋਮਾ ਪੁੱਛਿਆ ਗਿਆ ਹੈ। ਇਸ ਲੜੀ 'ਚ ਇਕ ਟੈਕਸਦਾਤਾ ਜਿਸ ਨੇ ਆਪਣੇ ਬੈਂਕ ਖਾਤੇ ਵਿਚ 8 ਲੱਖ ਰੁਪਏ ਦੀ ਪੁਰਾਣੀ ਕਰੰਸੀ ਜਮ੍ਹਾ ਕਰਵਾਈ ਸੀ, ਨੂੰ 72 ਲੱਖ ਰੁਪਏ ਦਾ ਨੋਟਿਸ ਜਾਰੀ ਕਰ ਦਿੱਤਾ ਹੈ, ਜਿਸ ਨਾਲ ਸੰਬੰਧਿਤ ਟੈਕਸਦਾਤਾ ਬੁਰੀ ਤਰ੍ਹਾਂ ਡਰਿਆ ਹੋਇਆ ਹੈ ਅਤੇ ਆਪਣੇ ਲੀਗਲ ਕੌਂਸਲ ਸੀ. ਏ. ਅਤੇ ਵਕੀਲਾਂ ਨਾਲ ਸੰਪਰਕ ਕਰ ਰਿਹਾ ਹੈ। ਇਸ ਤਰ੍ਹਾਂ ਇਕ ਵਿਅਕਤੀ ਜਿਸ ਨੇ ਆਪਣੇ ਬੈਂਕ ਖਾਤੇ 'ਚ 10 ਲੱਖ ਰੁਪਏ ਦੀ ਪੁਰਾਣੀ ਕਰੰਸੀ ਨੂੰ ਜਮ੍ਹਾ ਕਰਵਾਇਆ ਸੀ, ਉਸ ਨੂੰ 80 ਲੱਖ ਰੁਪਏ ਦਾ ਨੋਟਿਸ ਆ ਗਿਆ ਹੈ।  ਵਿਭਾਗ ਦੀ ਇਸ ਲਾਪ੍ਰਵਾਹੀ ਕਾਰਨ ਉਨ੍ਹਾਂ ਈਮਾਨਦਾਰ ਟੈਕਸਦਾਤਾਵਾਂ ਜਿਨ੍ਹਾਂ 'ਚ ਵਪਾਰੀ ਵਰਗ, ਆਮ ਆਦਮੀ, ਘਰੇਲੂ ਔਰਤਾਂ, ਦੁਕਾਨਦਾਰ, ਕਾਰ ਡੀਲਰ, ਪੈਟਰੋਲ ਪੰਪ ਮਾਲਕ ਤੇ ਹੋਰ ਟੈਕਸਦਾਤਾਵਾਂ ਨੂੰ ਭਾਰੀ ਪ੍ਰੇਸ਼ਾਨੀ ਆ ਰਹੀ ਹੈ ਅਤੇ ਕੁਝ ਲੋਕਾਂ ਦੀ ਤਾਂ ਰਾਤਾਂ ਦੀ ਨੀਂਦ ਹਰਾਮ ਹੋ ਗਈ ਹੈ। ਇਕ ਦਿਲ ਦੀ ਬੀਮਾਰੀ ਦੇ ਮਰੀਜ਼ ਨੂੰ ਜਦੋਂ ਇਸ ਤਰ੍ਹਾਂ ਦਾ ਗਲਤ ਨੋਟਿਸ ਮਿਲਿਆ ਤਾਂ ਉਸ ਦੀ ਸਿਹਤ ਖ਼ਰਾਬ ਹੋ ਗਈ ਅਤੇ ਹਸਪਤਾਲ 'ਚ ਜਾਣਾ ਪਿਆ। ਇਸ ਤਰ੍ਹਾਂ ਦੇ ਗਲਤ ਨੋਟਿਸ ਕਿਸ ਲਈ ਤੇ ਕਿਉਂ ਜਾਰੀ ਕੀਤੇ ਜਾ ਰਹੇ ਹਨ, ਅਜੇ ਤੱਕ ਅਧਿਕਾਰੀਆਂ ਕੋਲ ਵੀ ਇਸ ਦਾ ਜਵਾਬ ਨਹੀਂ ਹੈ।
ਗਲਤ ਕਮਾਂਡ ਕਾਰਨ ਹੋ ਸਕਦੀ ਹੈ ਇਹ ਗੜਬੜੀ
ਬੈਂਕ ਖਾਤਿਆਂ ਵਿਚ ਪੁਰਾਣੀ ਕਰੰਸੀ ਜਮ੍ਹਾ ਕਰਵਾਉਣ ਵਾਲੇ ਲੋਕਾਂ ਨੂੰ ਇਸ ਤਰ੍ਹਾਂ ਦੇ ਗਲਤ ਨੋਟਿਸਾਂ ਸਬੰਧੀ ਇਨਕਮ ਟੈਕਸ ਵਿਭਾਗ ਦੇ ਕਾਨੂੰਨੀ ਮਾਹਿਰਾਂ ਦਾ ਮੰਨਣਾ ਹੈ ਕਿ ਵਿਭਾਗ ਦੇ ਦਿੱਲੀ ਸਥਿਤ ਸੁਪਰ ਕੰਪਿਊਟਰ ਵਿਚ ਕਿਸੇ ਅਧਿਕਾਰੀ ਵੱਲੋਂ ਗਲਤ ਕਮਾਂਡ ਦਬਾ ਦਿੱਤੀ ਗਈ ਹੋ ਸਕਦੀ ਹੈ, ਜਿਸ ਕਰ ਕੇ ਇਸ ਤਰ੍ਹਾਂ ਦੇ ਗਲਤ ਨੋਟਿਸ ਆ ਰਹੇ ਹਨ। ਮੰਨ ਲਿਆ ਜਾਵੇ ਕਿ ਜੇਕਰ ਪਰਮਪ੍ਰੀਤ ਨਾਂ ਦੇ ਵਿਅਕਤੀ ਨੇ ਆਪਣੇ ਬੈਂਕ ਖਾਤੇ ਵਿਚ ਨੋਟਬੰਦੀ ਦੌਰਾਨ 5 ਲੱਖ ਰੁਪਏ ਦੀ ਪੁਰਾਣੀ ਕਰੰਸੀ ਨੂੰ ਜਮ੍ਹਾ ਕਰਵਾਇਆ ਹੈ ਤਾਂ ਉਸ ਦੀ ਬੈਂਕ ਪਾਸ ਬੁੱਕ ਵਿਚ 5 ਲੱਖ ਰੁਪਇਆ ਹੀ ਸ਼ੋਅ ਕਰੇਗਾ ਅਤੇ ਇੰਨਾ ਖਾਤਾਧਾਰਕ ਨੂੰ ਵੀ ਯਾਦ ਰਹਿੰਦਾ ਹੈ ਕਿ ਉਸ ਨੇ ਕਿੰਨਾ ਰੁਪਇਆ ਜਮ੍ਹਾ ਕਰਵਾਇਆ ਸੀ ਪਰ ਵਿਭਾਗ ਕਿਸ ਕਾਨੂੰਨੀ ਪ੍ਰਕਿਰਿਆ ਤਹਿਤ ਇਸ ਤਰ੍ਹਾਂ ਦੇ ਨੋਟਿਸ ਜਾਰੀ ਕਰ ਰਿਹਾ ਹੈ। ਇਸ ਵਿਚ ਕੋਈ ਨਾ ਕੋਈ ਵੱਡੀ ਤਕਨੀਕੀ ਕਮੀ ਨਜ਼ਰ ਆ ਰਹੀ ਹੈ, ਜਿਸ ਨਾਲ ਵਿਭਾਗੀ ਅਧਿਕਾਰੀਆਂ ਨੂੰ ਮਾਣਹਾਨੀ ਜਿਹੇ ਨੋਟਿਸਾਂ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ। 
2 ਲੱਖ ਤੋਂ ਉਪਰ ਵਾਲਿਆਂ ਨੂੰ ਵੀ ਨੋਟਿਸ ਜਾਰੀ
ਨੋਟਬੰਦੀ ਦੌਰਾਨ ਵਿੱਤ ਮੰਤਰੀ ਨੇ ਐਲਾਨ ਕੀਤਾ ਸੀ ਕਿ 2.50 ਲੱਖ ਰੁਪਏ ਤੱਕ ਦੀ ਰਾਸ਼ੀ ਜਮ੍ਹਾ ਕਰਵਾਉਣ ਵਾਲਿਆਂ ਨੂੰ ਕੁਝ ਨਹੀਂ ਕਿਹਾ ਜਾਵੇਗਾ ਪਰ ਨੋਟਬੰਦੀ ਦੌਰਾਨ ਅਜਿਹੇ ਵੱਡੇ ਨੇਤਾਵਾਂ ਨੇ ਵੀ ਹਰ ਰੋਜ਼ ਬਿਆਨ ਬਦਲਣੇ ਸ਼ੁਰੂ ਕਰ ਦਿੱਤੇ। ਅੱਜ ਵਿਭਾਗ ਵੱਲੋਂ 2 ਲੱਖ ਰੁਪਏ ਤੋਂ ਵੱਧ ਰਕਮ ਜਮ੍ਹਾ ਕਰਵਾਉਣ ਵਾਲੇ ਲੋਕਾਂ ਨੂੰ ਵੀ ਨੋਟਿਸ ਭੇਜੇ ਜਾ ਰਹੇ ਹਨ ਅਤੇ ਬੈਂਕਾਂ ਤੋਂ ਉਨ੍ਹਾਂ ਲੋਕਾਂ ਦੀ ਡਿਟੇਲ ਮੰਗਵਾਈ ਜਾ ਰਹੀ ਹੈ ਜਿਨ੍ਹਾਂ ਨੇ 2 ਲੱਖ ਰੁਪਏ ਤੋਂ ਵੱਧ ਦੀ ਰਕਮ ਨੂੰ ਆਪਣੇ ਖਾਤਿਆਂ 'ਚ ਜਮ੍ਹਾ ਕਰਵਾਇਆ ਹੈ। ਅਜਿਹੇ ਲੋਕ ਆਪਣੇ-ਆਪ ਨੂੰ ਠੱਗਿਆ ਜਿਹਾ ਮਹਿਸੂਸ ਕਰ ਰਹੇ ਹਨ ਅਤੇ ਸਰਕਾਰ ਨੂੰ ਕੋਸ ਰਹੇ ਹਨ।