ਪੈਟਰੋਲ ਪੰਪ ’ਤੋਂ 5 ਹਜ਼ਾਰ ਰੁਪਏ ਦਾ ਤੇਲ ਪੁਆ ਕੇ ਰਫੂਚੱਕਰ ਹੋਏ ਸ਼ੱਕੀ

12/26/2023 1:42:56 PM

ਲੁਧਿਆਣਾ (ਖੁਰਾਣਾ) : ਚੰਡੀਗੜ੍ਹ ਰੋਡ 'ਤੇ ਰਾਮਗੜ੍ਹ ਇਲਾਕੇ 'ਚ ਇੰਡੀਅਨ ਆਇਲ ਕੰਪਨੀ ਨਾਲ ਸਬੰਧਿਤ ਸੁਰਜੀਤ ਪਾਵਰ ਪੁਆਇੰਟ ਨਾਂ ਦੇ ਪੈਟਰੋਲ ਪੰਪ 'ਤੇ ਦੇਰ ਰਾਤ ਇਕ ਇਨੋਵਾ ਕਾਰ 'ਚ ਸਵਾਰ ਸ਼ੱਕੀ ਨੌਜਵਾਨਾਂ ਨੇ ਕਾਰ 'ਚ 5 ਹਜ਼ਾਰ ਰੁਪਏ ਦਾ ਡੀਜ਼ਲ ਭਰਵਾਇਆ ਤੇ ਰਫੂਚੱਕਰ ਹੋ ਗਏ, ਜਿਸ ਕਾਰਨ ਪੈਟਰੋਲੀਅਮ ਕਾਰੋਬਾਰੀਆਂ ਤੇ ਮੁਲਾਜ਼ਮਾਂ 'ਚ ਸਹਿਮ ਦਾ ਮਾਹੌਲ ਹੈ। ਨੌਜਵਾਨਾਂ ਦੀ ਇਹ ਮਾੜੀ ਹਰਕਤ ਪੈਟਰੋਲ ਪੰਪ 'ਤੇ ਲੱਗੇ ਸੀ. ਸੀ. ਟੀ. ਵੀ ਕੈਮਰੇ 'ਚ ਕੈਦ ਹੋ ਗਈ ਹੈ।

ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਪੈਟਰੋਲ ਪੰਪ ਦੇ ਸੰਚਾਲਕ ਤਜਿੰਦਰ ਪਾਲ ਸਿੰਘ ਨੇ ਦੱਸਿਆ ਕਿ ਨੌਜਵਾਨਾਂ ਨੇ ਇਨੋਵਾ ਕਾਰ ਦੀ ਨੰਬਰ ਪਲੇਟ ਨੂੰ ਜਾਣਬੁੱਝ ਕੇ ਲੁਕਾ ਦਿੱਤਾ ਸੀ ਤਾਂ ਜੋ ਕਾਰ ਦਾ ਨੰਬਰ ਨਾ ਦੇਖਿਆ ਜਾ ਸਕੇ, ਉਕਤ ਨੌਜਵਾਨਾਂ ਨੇ ਬੜੀ ਹੁਸ਼ਿਆਰੀ ਨਾਲ ਕਾਰ ਅੰਦਰ ਬੈਠ ਕੇ ਹੀ ਡੀਜ਼ਲ ਪੁਆ ਲਿਆ ਅਤੇ ਬਾਅਦ ਵਿਚ ਪੰਪ 'ਤੇ ਤਾਇਨਾਤ ਮੁਲਾਜ਼ਮ ਨੂੰ ਚਕਮਾ ਦੇ ਕੇ ਫ਼ਰਾਰ ਹੋ ਗਏ। ਇਸ ਸਬੰਧੀ ਸੀ. ਸੀ. ਟੀ. ਵੀ. ਦੀ ਫੁਟੇਜ ਸਬੰਧਿਤ ਥਾਣੇ ਨੂੰ ਭੇਜ ਦਿੱਤੀ ਗਈ ਹੈ।

ਅੱਗੇ ਜਾਣਕਾਰੀ ਦਿੰਦਿਆ ਦੱਸਿਆ ਗਿਆ ਹੈ ਕਿ ਜਲਦੀ ਹੀ ਲੁਧਿਆਣਾ ਪੈਟਰੋਲੀਅਮ ਡੀਲਰਜ਼ ਐਸੋਸੀਏਸ਼ਨ ਇਸ ਗੰਭੀਰ ਮੁੱਦੇ ਸਬੰਧੀ ਪੁਲਸ ਕਮਿਸ਼ਨਰ ਕੁਲਦੀਪ ਚਾਹਲ ਨਾਲ ਮੀਟਿੰਗ ਕਰ ਕੇ ਪੈਟਰੋਲ ਪੰਪਾਂ ’ਤੇ ਪੁਲਸ ਗਸ਼ਤ ਵਧਾਉਣ ਦੀ ਮੰਗ ਕਰੇਗੀ ਤਾਂ ਜੋ ਰਾਤ ਨੂੰ ਹਾਈਵੇਅ 'ਤੇ ਪੈਟਰੋਲੀਅਮ ਵਪਾਰੀ ਬਿਨਾਂ ਕਿਸੇ ਡਰ ਦੇ ਆਪਣਾ ਕਾਰੋਬਾਰ ਚਲਾ ਸਕਣ।

ਤਜਿੰਦਰਪਾਲ ਸਿੰਘ ਨੇ ਦੱਸਿਆ ਹੈ ਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਸ਼ੱਕੀ ਨੌਜਵਾਨ ਪੈਟਰੋਲ ਪੰਪਾਂ ਤੋਂ ਬਿਨਾਂ ਰੁਪਏ ਦਿਤੇ ਵਾਹਨਾਂ 'ਚ ਤੇਲ ਪਵਾ ਕੇ ਫ਼ਰਾਰ ਹੋ ਚੁੱਕੇ ਹਨ ਅਤੇ ਕਈ ਵਾਰ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਵੀ ਦੇ ਚੁੱਕੇ ਹਨ, ਜਿਸ ਕਾਰਨ ਰਾਤ ਸਮੇਂ ਪੈਟਰੋਲ ਪੰਪਾਂ 'ਤੇ ਕੰਮ ਕਰਦੇ ਕਰਮਚਾਰੀ ਡਰੇ ਹੋਏ ਹਨ। ਉਨ੍ਹਾਂ ਨੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸ਼ਹਿਰ ਵਾਸੀਆਂ ਲਈ ਖਤਰਾ ਬਣ ਰਹੇ ਅਜਿਹੇ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ।

Babita

This news is Content Editor Babita