ਭਾਰਤ-ਪਾਕਿਸਤਾਨ ਵੰਡ ਨੂੰ ਦਰਸਾਉਂਦੇ ਪਹਿਲੇ ''ਪਾਰਟੀਸ਼ਨ ਮਿਊਜ਼ੀਅਮ'' ਦਾ ਉਦਘਾਟਨ

08/17/2017 9:13:10 PM

ਅੰਮ੍ਰਿਤਸਰ — ਭਾਰਤ-ਪਾਕਿਸਤਾਨ ਵੰਡ ਨੂੰ ਦਰਸਾਉਂਦੇ ਅੰਮ੍ਰਿਤਸਰ 'ਚ ਬਣਾਏ ਗਏ ਪਹਿਲੇ ਮਿਊਜ਼ੀਅਮ ਦਾ ਉਦਘਾਟਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤਾ ਗਿਆ।70 ਸਾਲ ਪਹਿਲਾਂ ਭਾਰਤ-ਪਾਕਿਸਤਾਨ ਦੀ ਵੰਡ ਦੀਆਂ ਕੋੜੀਆਂ ਯਾਦਾਂ ਨੂੰ ਦਰਸਾਉਂਦਾ ਇਹ ਪਾਰਟੀਸ਼ਨ ਮਿਊਜ਼ੀਅਮ ਸੰਸਾਰ ਦਾ ਪਹਿਲਾ ਪਾਰਟੀਸ਼ਨ ਮਿਊਜ਼ੀਅਮ ਹੈ, ਜਿਸ 'ਚ 14 ਗੈਲਰੀਆਂ ਬਣੀਆਂ ਹਨ ਤੇ ਇਨ੍ਹਾਂ 'ਚ ਬਟਵਾਰੇ ਦੀਆਂ ਦੁਰਲਭ ਤਸਵੀਰਾਂ, ਯਾਦਗਾਰਾਂ ਤੇ ਦੋਵੇਂ ਮੁਲਕਾਂ ਦੇ ਵੰਡ ਦੇ ਸਬੂਤ ਹਨ।ਇਸ ਮਿਊਜ਼ੀਅਮ 'ਚ ਕੁਝ ਅਜਿਹੇ ਸਬੂਤ ਤੇ ਵਸਤੂਆਂ ਹਨ, ਜੋ ਭਾਰਤ-ਪਾਕਿ ਦੀ ਵੰਡ ਦੀ ਯਾਦ ਨੂੰ ਤਾਜ਼ਾ ਕਰਦੀਆਂ ਹਨ। ਮੀਡੀਆ ਨਾਲ ਗੱਲ ਕਰਦਿਆਂ ਕੈਪਟਨ ਨੇ ਕਿਹਾ ਕਿ ਅਜਿਹੇ ਅਜਾਇਬ ਘਰ ਇਤਿਹਾਸ ਦੇ ਇੱਕ ਵੱਡੇ ਗਵਾਹ ਹਨ, ਜੋ ਆਉਣ ਵਾਲੀ ਪੀੜੀ ਨੂੰ ਇੱਕ ਸੁਨੇਹਾ ਦੇਣਗੇ। ਉਦਘਾਟਨ ਸਮਾਰੋਹ ਮੌਕੇ ਕਈ ਵੱਡੀਆਂ ਸ਼ਖਸੀਅਤਾਂ ਸ਼ਾਮਿਲ ਹੋਈਆਂ ਤੇ ਪੁਲਸ ਵੱਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਸਨ।