ਸ੍ਰੀ ਮੁਕਤਸਰ ਸਾਹਿਬ ਵਿਖੇ ਵੀ ਹੋਈ ਗੁਰੂ ਨਾਨਕ ਮੋਦੀਖਾਨੇ ਦੀ ਸ਼ੁਰੂਆਤ

07/04/2020 5:02:28 PM

ਸ੍ਰੀ ਮੁਕਤਸਰ ਸਾਹਿਬ - ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਲੋੜਵੰਦ ਪਰਿਵਾਰਾਂ ਦੀ ਮਦਦ ਲਈ ਸਥਾਨਕ ਸਟੱਡੀ ਸਰਕਲ ਦੇ ਖੇਤਰੀ ਦਫ਼ਤਰ ਵਿਖੇ 'ਗੁਰੂ ਨਾਨਕ ਮੋਦੀਖਾਨੇ'  ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਇਸ ਸਬੰਧੀ ਹੋਏ ਪਲੇਠੇ ਪ੍ਰੋਗਰਾਮ ਵਿਚ ਇਸ ਪ੍ਰੋਜੈਕਟ ਨੂੰ ਚਲਾਉਣ ਸਬੰਧੀ ਵਿਚਾਰਾਂ ਕੀਤੀਆਂ ਗਈਆਂ। ਸ਼ੁਰੂਆਤ ਵਿਚ ਗਗਨਦੀਪ ਸਿੰਘ ਦੇ ਕੀਰਤਨੀ ਜੱਥੇ ਨੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ। ਉਪਰੰਤ ਜ਼ੋਨਲ ਦਫ਼ਤਰ ਕੋਟਕਪੂਰਾ ਤੋਂ ਵਿਸ਼ੇਸ਼ ਤੌਰ 'ਤੇ ਪਹੁੰਚੇ ਡਾ.ਅਵੀਨਿੰਦਰਪਾਲ ਸਿੰਘ, ਨਵਨੀਤ ਸਿੰਘ ਜ਼ੋਨਲ ਸਕੱਤਰ, ਹਰਪ੍ਰੀਤ ਸਿੰਘ ਕੋਆਰਡੀਨੇਟਰ ਗੁਰੂ ਨਾਨਕ ਮੋਦੀਖਾਨਾ ਕੋਟਕਪੂਰਾ, ਜਗਮੋਹਨ ਸਿੰਘ ਖੇਤਰ ਸਕੱਤਰ ਨੇ ਸੰਬੋਧਨ ਕੀਤਾ।

ਇਸ ਮੌਕੇ ਹਰਬੰਸ ਸਿੰਘ ਨੂੰ ਮੋਦੀਖਾਨਾ ਪ੍ਰੋਜੈਕਟ ਦਾ ਸਰਪ੍ਰਸਤ ਅਤੇ ਅਮਰਿੰਦਰ ਸਿੰਘ ਨੂੰ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ। ਉਪਰੰਤ ਪ੍ਰੋ. ਗੁਰਪ੍ਰੀਤ ਸਿੰਘ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਮੋਦੀਖਾਨੇ ਵਿਚ ਲੋੜਵੰਦ ਪਰਿਵਾਰਾਂ ਦੀ ਮਦਦ ਲਈ ਹਰ ਤਰ੍ਹਾਂ ਦੀ  ਸੇਵਾ ਜਿਵੇਂ ਵਿਦਿਆਰਥੀਆਂ ਲਈ ਬੁੱਕ ਬੈਂਕ ਅਤੇ ਸ਼ਟੇਸ਼ਨਰੀ, ਸੁੱਕੇ ਰਾਸ਼ਨ ਦੀ ਸੇਵਾ, ਵਧੀਆ ਹਾਲਤ ਦੇ ਕੱਪੜੇ, ਬੂਟ, ਜੁਰਾਬਾਂ, ਬਿਮਾਰ ਵਿਅਕਤੀਆਂ ਦੇ ਇਲਾਜ ਲਈ ਸੰਭਵ ਯਤਨ ਕਰਨੇ, ਜ਼ਰੂਰਤ ਵਾਲੇ ਮਰੀਜ਼ਾਂ ਲਈ ਸਹਾਇਕ ਉਪਕਰਨ ਮੁਫਤ ਮੁਹੱਈਆ ਕਰਵਾਏ ਜਾਣਗੇ। 

ਇਸ ਤੋਂ ਇਲਾਵਾ ਮਰੀਜ਼ਾਂ ਦੇ ਰਿਆਇਤੀ ਮੁੱਲਾਂ 'ਤੇ ਅਲਟਰਾਸਾਊਂਡ ਟੈਸਟ, ਬਲੱਡ ਟੈਸਟ ਕਰਵਾਉਣ ਦਾ ਪ੍ਰਬੰਧ ਵੀ ਕੀਤਾ ਜਾਵੇਗਾ। ਹਰਪ੍ਰੀਤ ਸਿੰਘ ਕੋਆਰਡੀਨੇਟਰ ਕੋਟਕਪੂਰਾ ਨੇ ਕਿਹਾ ਕਿ ਸਾਡੇ ਘਰਾਂ ਅੰਦਰ ਬੇਅੰਤ ਚੀਜ਼ਾਂ/ਵਸਤੂਆਂ ਵਾਧੂ ਪਈਆਂ-ਪਈਆਂ ਖਰਾਬ ਹੋ ਜਾਂਦੀਆਂ ਹਨ, ਜਦਕਿ ਅਸੀਂ ਇਹ ਵਸਤਾਂ ਲੋੜਵੰਦ ਵਿਅਕਤੀਆਂ ਨੂੰ ਦੇ ਕੇ ਇਸ ਸੇਵਾ ਵਿਚ  ਵੱਡਾ ਹਿੱਸਾ ਪਾ ਸਕਦੇ ਹਾਂ। ਅਮਰਿੰਦਰ ਸਿੰਘ ਨੇ ਆਖਿਆ ਕਿ ਆਉਣ ਵਾਲੇ ਸਮੇਂ ਵਿਚ  ਗੁਰੂ ਨਾਨਕ ਸਾਹਿਬ ਦੇ ਵੰਡ ਛਕੋ ਦੇ ਸਿਧਾਂਤ ਨੂੰ ਸਮਰਪਿਤ ਮੋਦੀਖਾਨਾ ਪ੍ਰੋਜੈਕਟ ਸਮੂਹ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਲੋੜਵੰਦਾਂ ਲਈ ਵੱਡਾ ਆਸਰਾ ਬਣੇਗਾ।

ਇਸ ਮੌਕੇ ਪ੍ਰੋ.  ਪ੍ਰੀਤਇੰਦਰ ਸਿੰਘ ਬਾਜਵਾ, ਰਾਜਪ੍ਰੀਤ ਸਿੰਘ ਚੱਕ ਸ਼ੇਰੇਵਾਲਾ, ਖੇਤਰ ਪ੍ਰਧਾਨ ਗੁਰਵਿੰਦਰ  ਸਿੰਘ, ਮੇਜਰ ਗੁਰਜੰਟ ਸਿੰਘ, ਮਨਜਿੰਦਰ ਸਿੰਘ ਉੜਾਂਗ, ਅਮਰੀਕ ਸਿੰਘ ਐਡਵੋਕੇਟ,   ਅੰਮ੍ਰਿਤਪਾਲ ਸਿੰਘ ਧੀਰ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।

Harinder Kaur

This news is Content Editor Harinder Kaur