ਸਬਜ਼ੀ ਮੰਡੀ ''ਚ 8 ਦੁਕਾਨਾਂ ਸੜ ਕੇ ਸੁਆਹ

04/24/2018 6:14:06 AM

ਕਪੂਰਥਲਾ, (ਮੱਲ੍ਹੀ, ਸ਼ਰਮਾ)- ਐਤਵਾਰ ਦੀ ਰਾਤ ਸਥਾਨਕ ਸਬਜ਼ੀ ਮੰਡੀ ਦੇ ਸਬਜ਼ੀ ਤੇ ਫਲ ਵਿਕਰੇਤਾ ਦੁਕਾਨਦਾਰਾਂ ਲਈ ਆਫਤ ਬਣ ਕੇ ਬਹੁੜੀ। ਜਿਸ ਨੇ 8 ਤੋਂ ਵੱਧ ਦੁਕਾਨਦਾਰਾਂ ਦੀਆਂ ਦੁਕਾਨਾਂ ਨੂੰ ਸਾੜ ਕੇ ਸੁਆਹ 'ਚ ਬਦਲ ਦਿੱਤਾ। ਫਲ ਤੇ ਸਬਜ਼ੀਆਂ ਵੇਚ ਕੇ ਆਪਣਾ ਤੇ ਆਪਣੇ ਪਰਿਵਾਰ ਦਾ ਪੇਟ ਪਾਲ ਰਹੇ ਪ੍ਰਭਾਵਿਤ ਦੁਕਾਨਦਾਰਾਂ ਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਦਾ ਰੋ-ਰੋ ਬੁਰਾ ਹਾਲ ਹੋ ਰਿਹਾ ਹੈ ਕਿਉਂਕਿ ਅੱਗ ਦੀਆਂ ਲਪਟਾਂ ਨਾਲ ਉਨ੍ਹਾਂ ਦਾ ਲੱਖਾਂ ਰੁਪਏ ਦਾ ਸਾਮਾਨ ਤੇ ਹੋਰ ਨੁਕਸਾਨ ਹੋ ਗਿਆ ਹੈ। 
ਕਰਜ਼ੇ ਲੈ ਕੇ ਚਲਾਏ ਸੀ ਕਾਰੋਬਾਰ, ਅਚਾਨਕ ਲੱਗੀ ਅੱਗ ਨੇ ਸਭ ਚੌਪਟ ਕਰ ਦਿੱਤੈ : ਦੁਕਾਨਦਾਰ
ਪ੍ਰਭਾਵਿਤ ਦੁਕਾਨਦਾਰਾਂ ਤੇ ਮੌਕੇ 'ਤੇ ਹਾਜ਼ਰ ਸਬਜ਼ੀ ਮੰਡੀ ਆੜ੍ਹਤੀ ਐਸੋਸੀਏਸ਼ਨ ਆਗੂ ਦੀਪਕ ਮਦਾਨ, ਬਲਬੀਰ ਸਿੰਘ ਬੀਰਾ, ਜਸਵੰਤ ਲਾਡੀ, ਅਸ਼ੋਕ ਮਹਾਜਨ, ਦਲੀਪ ਆਨੰਦ, ਰਾਜੇਸ਼ ਕੁਮਾਰ, ਓਮ ਪ੍ਰਕਾਸ਼, ਕੇਵਲ ਸਿੰਘ, ਦਵਿੰਦਰ ਜੀਤ ਸਿੰਘ, ਕਮਲ ਕੁਮਾਰ ਆਦਿ ਨੇ ਪੰਜਾਬ ਸਰਕਾਰ ਤੇ ਜ਼ਿਲਾ ਪ੍ਰਸ਼ਾਸਨ ਪਾਸੋਂ ਅੱਗ ਨਾਲ ਯਤੀਮ ਹੋਏ ਦੁਕਾਨਦਾਰਾਂ ਦੇ ਹੋਏ ਲੱਖਾਂ ਰੁਪਏ ਦੇ ਨੁਕਸਾਨ ਦਾ ਯੋਗ ਮੁਆਵਜ਼ਾ ਦੇਣ ਦੀ ਮੰਗ ਕਰਦਿਆਂ ਅੱਗ ਲੱਗਣ ਦੇ ਕਾਰਨਾਂ ਦੀ ਵੀ ਜਾਂਚ ਕਰਨ ਦੀ ਵੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਕਾਰੋਬਾਰ ਪੱਖੋਂ ਯਤੀਮ ਹੋਏ ਦੁਕਾਨਦਾਰਾਂ ਨੂੰ ਮੁੜ ਪੈਰੀਂ ਖੜ੍ਹੇ ਹੋਣ ਲਈ ਜ਼ਿਲਾ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਪਾਸੋਂ ਆਰਥਿਕ ਸਹਾਇਤਾ ਦੀ ਬੜੀ ਆਸ ਹੈ। ਮਸਾਂ ਕਰਜ਼ੇ ਲੈ ਕੇ ਆਪਣੇ ਕਾਰੋਬਾਰ ਚਲਾਏ ਸਨ ਜੋ ਅਚਾਨਕ ਲੱਗੀ ਅੱਗ ਨੇ ਸਭ ਚੌਪਟ ਕਰ ਦਿੱਤਾ ਹੈ। 
ਇਨ੍ਹਾਂ ਦੁਕਾਨਦਾਰਾਂ ਦਾ ਹੋਇਆ ਲੱਖਾਂ ਦਾ ਨੁਕਸਾਨ : ਲਕਸ਼ਮੀ ਗੁਪਤਾ ਫਰੂਟ ਵਾਲਾ, ਗੁੱਡੂ ਫਰੂਟ ਵਾਲੀ, ਸੁਸ਼ੀਲ ਕੁਮਾਰ ਸਬਜ਼ੀ ਤੇ ਫਰੂਟ ਵਿਕਰੇਤਾ, ਅਸ਼ੋਕ ਕੁਮਾਰ, ਜਸਵੰਤ ਲਾਡੀ ਫਰੂਟ ਵਿਕਰੇਤਾ, ਰਮਾਂਕਾਤ ਫਰੂਟ, ਵਰੁਣ ਕੁਮਾਰ, ਵਿਕਾਸ ਕੁਮਾਰ, ਹੈਪੀ ਕਲਾਕਾਰ। ਪ੍ਰਭਾਵਿਤ ਦੁਕਾਨਦਾਰਾਂ ਨੇ ਕਿਹਾ ਕਿ ਉਨ੍ਹਾਂ ਦੀਆਂ ਦੁਕਾਨਾਂ 'ਚ ਫਲ, ਸਬਜ਼ੀਆਂ ਤੋਂ ਇਲਾਵਾ, ਰੇਹੜੀਆਂ, ਟਰੰਕ, ਪੇਟੀਆਂ, ਫਰਿੱਜਾਂ, ਹੋਰ ਸਾਜ਼ੋ ਸਮਾਨ ਤੋਂ ਇਲਾਵਾ ਨਕਦੀ ਆਦਿ ਵੀ ਸੜ ਗਈ ਹੈ ਤੇ ਹੁਣ ਸਾਡੇ ਕੋਲ ਤਨ ਢੱਕਣ ਤੋਂ ਇਲਾਵਾ ਹੋਰ ਕੁਝ ਨਹੀਂ ਬਚਿਆ।
ਅੱਗ ਲੱਗਣ ਦਾ ਕਾਰਨ ਬਣਿਆ ਬੁਝਾਰਤ
ਅੱਗ ਲੱਗਣ ਦਾ ਅਸਲ ਕਾਰਨ ਕਿਸੇ ਨੂੰ ਵੀ ਨਹੀਂ ਪਤਾ ਹੈ, ਜੋ ਬੁਝਾਰਤ ਬਣਿਆ ਹੋਇਆ ਹੈ। ਜਾਣਕਾਰੀ ਅਨੁਸਾਰ ਕਪੂਰਥਲਾ, ਆਰ. ਸੀ. ਐੱਫ. ਤੇ ਕਰਤਾਰਪੁਰ ਤੋਂ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਜਦੋਂ ਤਕ ਪਹੁੰਚ ਕੇ ਅੱਗ ਉਪਰ ਕਾਬੂ ਪਾਇਆ, ਉਦੋਂ ਤਕ ਅੱਗ ਨੇ ਆਪਣਾ ਅਸਲੀ ਭਿਆਨਕ ਰੂਪ ਵਿਖਾਉਂਦਿਆਂ 8 ਸਬਜ਼ੀ ਤੇ ਫਲ ਵਿਕਰੇਤਾਵਾਂ ਦੇ ਸੁਪਨੇ ਚਕਨਾਚੂਰ ਕਰ ਦਿੱਤੇ ਸਨ। ਸਵੇਰੇ ਮੌਕੇ 'ਤੇ ਜਾ ਕੇ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਪ੍ਰਭਾਵਿਤ ਸਬਜ਼ੀ ਤੇ ਫਲ ਵਿਕਰੇਤਾ ਹੈਪੀ ਕਲਾਕਾਰ, ਵਰੁਣ ਕੁਮਾਰ ਕਲਾਕਾਰ, ਵਿਕਾਸ ਕੁਮਾਰ, ਜਸਵੰਤ ਲਾਡੀ, ਲਕਸ਼ਮੀ ਗੁਪਤਾ, ਸੁਸ਼ੀਲ ਕੁਮਾਰ ਸ਼ੀਲਾ, ਗੁੱਡੂ ਫਰੂਟ ਵਾਲਾ, ਅਸ਼ੋਕ ਕੁਮਾਰ ਤੇ ਰਮਾਂਕਾਤ ਨੇ ਦੁਖੀ ਮਨ ਨਾਲ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਆਪੋ-ਆਪਣੀਆਂ ਦੁਕਾਨਾਂ ਨੂੰ ਸਮੇਟ ਕੇ ਉਹ ਰਾਤੀਂ ਆਪੋ-ਆਪਣੇ ਘਰੀਂ ਚਲੇ ਗਏ ਸਨ । ਫਿਰ ਸਾਨੂੰ ਰਾਤੀਂ 12 ਵਜੇ ਤੋਂ ਬਾਅਦ ਮੋਬਾਇਲ ਫੋਨਾਂ ਰਾਹੀਂ ਸਬਜ਼ੀ ਮੰਡੀ 'ਚ ਅੱਗ ਲੱਗਣ ਦਾ ਸਮਾਚਾਰ ਮਿਲਿਆ। ਅਸੀਂ ਆਪਣੀਆਂ ਦੁਕਾਨਾਂ ਵੱਲ ਨੂੰ ਘਰਾਂ ਤੋਂ ਦੌੜੇ। ਪ੍ਰਭਾਵਿਤ ਦੁਕਾਨਦਾਰਾਂ ਨੇ ਦੱਸਿਆ ਕਿ ਅੱਗ ਦੀਆਂ ਤੇਜ਼ ਲਪਟਾਂ ਨੂੰ ਕਾਬੂ ਕਰਨ ਲਈ ਡੀ. ਐੱਸ. ਪੀ. ਗੁਰਮੀਤ ਸਿੰਘ, ਥਾਣਾ ਸਿਟੀ ਦੇ ਇੰਸ: ਗੱਬਰ ਸਿੰਘ ਤੇ ਪੀ. ਸੀ. ਆਰ. ਇੰਚਾਰਜ ਭੁਪਿੰਦਰ ਸਿੰਘ ਆਪਣੇ ਪੁਲਸ ਜਵਾਨਾਂ ਦੀ ਸਹਾਇਤਾ ਨਾਲ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੰਗਵਾ ਕੇ ਲੋੜੀਂਦੇ ਯਤਨ ਕਰ ਰਹੇ ਸਨ ਪਰ ਅੱਗ ਨੇ ਵੇਖਦਿਆਂ ਹੀ ਵੇਖਦਿਆਂ ਸਾਡੀਆਂ ਸਾਮਾਨ ਨਾਲ ਭਰੀਆਂ ਦੁਕਾਨਾਂ ਨੂੰ ਸੁਆਹ 'ਚ ਬਦਲ ਦਿੱਤਾ।