ਜਲੰਧਰ: ਸ਼ਾਪਿੰਗ ਮਾਲ ’ਚ ਖੁੱਲ੍ਹੇ ਸਪਾ ਸੈਂਟਰ 'ਚ ਵਿਦੇਸ਼ੀ ਕੁੜੀਆਂ ਤੋਂ ਕਰਵਾਇਆ ਜਾ ਰਿਹਾ ਜਿਸਮਫਰੋਸ਼ੀ ਦਾ ਧੰਦਾ

04/29/2023 6:08:53 PM

ਜਲੰਧਰ (ਵਰੁਣ)–ਮੋਗਾ ਤੋਂ ਟਰਾਂਸਫਰ ਹੋ ਕੇ ਜਲੰਧਰ ਕਮਿਸ਼ਨਰੇਟ ਵਿਚ ਬਤੌਰ ਐੱਸ. ਐੱਚ. ਓ. ਤਾਇਨਾਤ ਹੋਏ ਐੱਸ. ਆਈ. ਥਾਣਾ ਨਵੀਂ ਬਾਰਾਦਰੀ ਦੇ ਇੰਚਾਰਜ ਤੋਂ ਐੱਸ. ਐੱਚ. ਓ. ਦੀ ਕੁਰਸੀ ਨਹੀਂ ਸੰਭਲ ਰਹੀ। ਹੈਰਾਨੀ ਦੀ ਗੱਲ ਹੈ ਕਿ ਥਾਣਾ ਨਵੀਂ ਬਾਰਾਦਰੀ ਦੀ ਪੁਲਸ ਦੀ ਛਤਰ-ਛਾਇਆ ਵਿਚ ਇਕ ਸ਼ਾਪਿੰਗ ਮਾਲ ਦੀ ਤੀਜੀ ਮੰਜ਼ਿਲ ’ਤੇ ਖੁੱਲ੍ਹੇ ਸਪਾ ਸੈਂਟਰ ਵਿਚ ਵਿਦੇਸ਼ੀ ਅਤੇ ਨਾਰਥ ਈਸਟ ਦੀਆਂ ਕੁੜੀਆਂ ਤੋਂ ਜਿਸਮਫਰੋਸ਼ੀ ਦਾ ਧੰਦਾ ਕਰਵਾਇਆ ਜਾ ਰਿਹਾ ਹੈ। ਜਿਸਮਫਰੋਸ਼ੀ ਦਾ ਧੰਦਾ ਚਲਾਉਣ ਲਈ ਪੁਲਸ ਵਿਭਾਗ ਦੀਆਂ ਕੁਝ ਕਾਲੀਆਂ ਭੇਡਾਂ ਨੂੰ ਮਹੀਨੇ ਵਜੋਂ ਹਿੱਸਾ ਪਹੁੰਚਾ ਦਿੱਤਾ ਜਾਂਦਾ ਹੈ ਤਾਂ ਕਿ ਇਹ ਧੰਦਾ ਬਿਨਾਂ ਕਿਸੇ ਰੋਕ-ਟੋਕ ਦੇ ਚੱਲਦਾ ਰਹੇ, ਹਾਲਾਂਕਿ ਸ਼ਾਪਿੰਗ ਮਾਲ ਦੇ ਪ੍ਰਬੰਧਕਾਂ ਨੂੰ ਵੀ ਸਪਾ ਸੈਂਟਰ ਵੱਲੋਂ ਝੂਠ ਕਿਹਾ ਗਿਆ ਹੈ ਕਿ ਅੰਦਰ ਸਪਾ ਹੀ ਕਰਵਾਇਆ ਜਾਂਦਾ ਹੈ, ਜਿਸ ਕਾਰਨ ਇਹ ਵੀ ਜਿਸਮਫਰੋਸ਼ੀ ਦੇ ਧੰਦੇ ਤੋਂ ਬੇਖਬਰ ਹਨ।

ਹੈਰਾਨੀ ਦੀ ਗੱਲ ਹੈ ਕਿ ਸ਼ਾਪਿੰਗ ਮਾਲ ’ਚ ਪਰਿਵਾਰਾਂ, ਔਰਤਾਂ ਅਤੇ ਲੜਕੀਆਂ ਦਾ ਵੀ ਆਉਣਾ-ਜਾਣਾ ਹੈ ਪਰ ਇਸ ਦੇ ਬਾਵਜੂਦ ਪੁਲਸ ਅੱਖਾਂ ਬੰਦ ਕਰੀ ਬੈਠੀ ਹੈ। ਇਸੇ ਤਰ੍ਹਾਂ ਬੀ. ਐੱਸ. ਐੱਫ਼. ਚੌਂਕ, ਲਾਡੋਵਾਲੀ ਰੋਡ ਆਦਿ ’ਤੇ ਦੜੇ-ਸੱਟੇ ਦਾ ਕੰਮ ਕੀਤਾ ਜਾ ਰਿਹਾ ਹੈ। ਹਾਲਾਂਕਿ ਉਥੇ ਜੇਕਰ ਰੇਡ ਵੀ ਕਰਦੀਆਂ ਹਨ ਤਾਂ ਉਹ ਸੀ. ਆਈ. ਏ. ਸਟਾਫ਼ ਜਾਂ ਐੱਸ. ਓ. ਯੂ. ਦੀਆਂ ਟੀਮਾਂ ਹੀ ਕਰਦੀਆਂ ਹਨ ਪਰ ਥਾਣਾ ਪੱਧਰ ’ਤੇ ਗਿਣੇ-ਚੁਣੇ ਹੀ ਅਜਿਹੇ ਕੇਸ ਦਰਜ ਕੀਤੇ ਹੋਣਗੇ, ਜਿਸ ਵਿਚ ਦੜਾ-ਸੱਟਾ ਲਾਉਣ ਵਾਲਿਆਂ ’ਤੇ ਸ਼ਿਕੰਜਾ ਕੱਸਿਆ ਹੋਵੇ। ਮੁਹੱਲਾ ਗੋਬਿੰਦਗੜ੍ਹ ਦੇ ਆਲੇ-ਦੁਆਲੇ ਸ਼ਰਾਬ ਸਮੱਗਲਰਾਂ ਨੇ ਵੀ ਦਹਿਸ਼ਤ ਮਚਾਈ ਹੋਈ ਹੈ ਪਰ ਥਾਣਾ ਨਵੀਂ ਬਾਰਾਦਰੀ ਦੀ ਪੁਲਸ ਸਮੱਗਲਰਾਂ ’ਤੇ ਵੀ ਮਿਹਰਬਾਨ ਬਣੀ ਹੋਈ ਹੈ। ਨਾ ਤਾਂ ਥਾਣੇ ਵਿਚ ਲੋਕਾਂ ਦਾ ਕੰਮ ਸਮੇਂ ’ਤੇ ਹੋ ਰਿਹਾ ਹੈ ਅਤੇ ਨਾ ਹੀ ਐੱਸ. ਐੱਚ. ਓ. ਸਾਹਿਬ ਜਨਤਾ ਦੇ ਕੰਮ ਨਿਪਟਾਉਣ ਲਈ ਕੋਈ ਦਿਲਚਸਪੀ ਹੀ ਵਿਖਾ ਰਹੇ ਹਨ। ਇਸੇ ਲਾਪ੍ਰਵਾਹੀ ਕਾਰਨ ਹਾਲਾਤ ਇਹ ਬਣੇ ਹੋਏ ਹਨ ਕਿ ਥਾਣਾ ਨਵੀਂ ਬਾਰਾਦਰੀ ਦੇ ਇਲਾਕਿਆਂ ਵਿਚ ਖ਼ੁਦ ਪੁਲਸ ਕਰਮਚਾਰੀ ਹੀ ਸੁਰੱਖਿਅਤ ਨਹੀਂ ਹਨ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿ ਕਿਉਂਕਿ ਇਸੇ ਮਹੀਨੇ ਚਾਲੀ ਕੁਆਰਟਰ ਚੌਂਕ ਤੋਂ ਆਰ. ਪੀ. ਐੱਫ਼. ਵਿਚ ਤਾਇਨਾਤ ਇਕ ਮਹਿਲਾ ਪੁਲਸ ਕਰਮਚਾਰੀ ਦਾ ਸਨੈਚਰ ਸ਼ਰੇਆਮ ਦਿਨ-ਦਿਹਾੜੇ ਮੋਬਾਇਲ ਖੋਹ ਕੇ ਫ਼ਰਾਰ ਹੋ ਗਏ ਅਤੇ ਮੁਲਜ਼ਮਾਂ ਦਾ ਅਜੇ ਤੱਕ ਪੁਲਸ ਪਤਾ ਨਹੀਂ ਲਾ ਸਕੀ। ਕਿਤੇ ਨਾ ਕਿਤੇ ਅਜਿਹਾ ਜਾਪਦਾ ਹੈ ਕਿ ਐੱਸ. ਐੱਚ. ਓ. ਸਮਾਂ ਬਤੀਤ ਕਰਨ ਵਿਚ ਭਰੋਸਾ ਰੱਖ ਰਹੇ ਹਨ। ਉਨ੍ਹਾਂ ਨੂੰ ਵੀ ਪਤਾ ਹੈ ਕਿ ਚੋਣਾਂ ਤੋਂ ਬਾਅਦ ਉਨ੍ਹਾਂ ਵਾਪਸ ਆਪਣੇ ਜ਼ਿਲ੍ਹੇ ਵਿਚ ਜਾਣਾ ਹੈ ਪਰ ਇਹ ਸੋਚ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਖ਼ਰਾਬ ਕਰ ਰਹੀ ਹੈ।

ਇਹ ਵੀ ਪੜ੍ਹੋ : ਪੰਜਾਬ ’ਚ ਅਕਾਲੀ-ਭਾਜਪਾ ਦੇ ਗਠਜੋੜ ਨੂੰ ਲੈ ਕੇ ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਦਿੱਤਾ ਇਹ ਬਿਆਨ

ਸੈਂਸ ਸਪਾ ਸੈਂਟਰ ਨੂੰ ਫੰਡਿੰਗ ਕਰਨ ਵਾਲੇ ਫਾਈਨਾਂਸਰ ਦੀ ਜਾਂਚ ਸ਼ੁਰੂ
ਗੜ੍ਹਾ ਰੋਡ ’ਤੇ ਸਥਿਤ ਸੈਂਸ ਸਪਾ ਸੈਂਟਰ ਵਿਚ ਹੋਈ ਰੇਡ ਦੌਰਾਨ ਫੜੀ ਦੀ ਸੰਚਾਲਿਕਾ ਨੂੰ ਪੈਸੇ ਫਾਈਨਾਂਸ ਕਰਨ ਵਾਲੇ ਫਾਈਨਾਂਸਰ ਹੈਪੀ ਦੀ ਜਾਂਚ ਸ਼ੁਰੂ ਹੋ ਗਈ ਹੈ। ਜਲਦ ਹੈਪੀ ਖ਼ਿਲਾਫ਼ ਕੇਸ ਦਰਜ ਹੋ ਸਕਦਾ ਹੈ। ਉਥੇ ਹੀ, ਇਸ ਰੇਡ ਤੋਂ ਬਾਅਦ ਅਰਬਨ ਅਸਟੇਟ ਸਾਈਡ ’ਤੇ ਚੱਲ ਰਹੇ ਸਪਾ ਸੈਂਟਰ ਬੰਦ ਕਰ ਦਿੱਤੇ ਗਏ ਹਨ ਪਰ ਸ਼ਹਿਰ ਦੇ ਹੋਰ ਕਾਫ਼ੀ ਸਪਾ ਸੈਂਟਰਾਂ ਵਿਚ ਜਿਸਮਫਰੋਸ਼ੀ ਦਾ ਧੰਦਾ ਚਲਾਇਆ ਜਾ ਰਿਹਾ ਹੈ। ਉਥੇ ਹੀ, ਸੈਂਸ ਸਪਾ ਸੈਂਟਰ ਦੀ ਸੰਚਾਲਿਕਾ ਦੀ ਸਿਹਤ ਖ਼ਰਾਬ ਹੋਣ ਕਾਰਨ ਪੁਲਸ ਨੂੰ ਉਸ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਉਣਾ ਪਿਆ। ਸਿਹਤ ਵਿਚ ਸੁਧਾਰ ਆਉਣ ਤੋਂ ਬਾਅਦ ਉਸ ਨੂੰ ਜੇਲ੍ਹੇ ਭੇਜ ਦਿੱਤਾ ਜਾਵੇਗਾ।

ਪੁਲਸ ਅਧਿਕਾਰੀ ਲੈਣ ਸਖ਼ਤ ਐਕਸ਼ਨ : ਕਿਸ਼ਨ ਲਾਲ ਸ਼ਰਮਾ
ਦੀਨਦਿਆਲ ਉਪਾਧਿਆਏ ਸਮ੍ਰਿਤੀ ਮੰਚ ਦੇ ਪੰਜਾਬ ਪ੍ਰਧਾਨ ਕਿਸ਼ਨ ਲਾਲ ਸ਼ਰਮਾ ਨੇ ਇਸ ਮਾਮਲੇ ਨੂੰ ਲੈ ਕੇ ਚਿੰਤਾ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਸ਼ਰੇਆਮ ਪੁਲਸ ਦੀ ਨੱਕ ਹੇਠਾਂ ਜਿਸਮਫਰੋਸ਼ੀ ਦਾ ਧੰਦਾ ਚੱਲ ਰਿਹਾ ਹੈ ਅਤੇ ਪੁਲਸ ਅਧਿਕਾਰੀ ਚੁੱਪ ਹਨ। ਪੁਲਸ ਅਧਿਕਾਰੀਆਂ ਨੂੰ ਚਾਹੀਦਾ ਹੈ ਕਿ ਉਹ ਕਿਸੇ ਹੋਰ ਥਾਣੇ, ਸੀ. ਆਈ. ਏ. ਸਟਾਫ ਜਾਂ ਫਿਰ ਐੱਸ. ਓ. ਯੂ. ਦੀਆਂ ਸਪੈਸ਼ਲ ਟੀਮਾਂ ਬਣਾ ਕੇ ਥਾਣਾ ਨਵੀਂ ਬਾਰਾਦਰੀ ਇਲਾਕੇ ਵਿਚ ਚੱਲਣ ਵਾਲੇ ਸਪਾ ਸੈਂਟਰਾਂ, ਦੜੇ-ਸੱਟੇ ਦੇ ਅੱਡਿਆਂ, ਨਸ਼ਾ ਅਤੇ ਸ਼ਰਾਬ ਸਮੱਗਲਰਾਂ ’ਤੇ ਰੇਡ ਕਰਵਾਉਣ। ਉਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਇਹ ਵੀ ਪੁੱਛਿਆ ਜਾਵੇ ਕਿ ਕਿਹੜਾ-ਕਿਹੜਾ ਪੁਲਸ ਵਾਲਾ ਮਹੀਨਾ ਲੈਂਦਾ ਹੈ ਅਤੇ ਉਨ੍ਹਾਂ ’ਤੇ ਵੀ ਕਾਰਵਾਈ ਕਰ ਕੇ ਡਿਸਮਿਸ ਕੀਤਾ ਜਾਵੇ। ਸ਼ਰਮਾ ਨੇ ਕਿਹਾ ਕਿ ਸ਼ਹਿਰ ਵਿਚ ਲਾਅ ਐਂਡ ਆਰਡਰ ਦੀ ਸਥਿਤੀ ਲਗਾਤਾਰ ਵਿਗੜਦੀ ਜਾ ਰਹੀ ਹੈ ਅਤੇ ਸਥਿਤੀ ਨੂੰ ਖਰਾਬ ਕਰਨ ਵਾਲਿਆਂ ਵਿਚ ਪੁਲਸ ਵਿਭਾਗ ਦੀਆਂ ਕਾਲੀਆਂ ਭੇਡਾਂ ਵੀ ਸ਼ਾਮਲ ਹਨ।

ਇਹ ਵੀ ਪੜ੍ਹੋ : ਭ੍ਰਿਸ਼ਟਾਚਾਰੀਆਂ 'ਤੇ ਨਕੇਲ ਕੱਸਣ ਲਈ ਵੱਡੇ ਐਕਸ਼ਨ ਦੀ ਤਿਆਰੀ 'ਚ ਮਾਨ ਸਰਕਾਰ

ਆਖਿਰ ਕਿਉਂ ਕਦਮ ਨਹੀਂ ਚੁੱਕ ਰਹੇ ਪੁਲਸ ਕਮਿਸ਼ਨਰ : ਹਨੀ ਕੰਬੋਜ
ਬੀ. ਜੇ. ਪੀ. ਦੇ ਯੂਥ ਆਗੂ ਅਤੇ ਐਡਵੋਕੇਟ ਹਨੀ ਕੰਬੋਜ ਨੇ ਕਿਹਾ ਕਿ ਪੁਲਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਆਖਿਰ ਕਿਉਂ ਨਹੀਂ ਅਜਿਹੇ ਪੁਲਸ ਵਾਲਿਆਂ ’ਤੇ ਐਕਸ਼ਨ ਲੈ ਰਹੇ, ਜਿਨ੍ਹਾਂ ਕਾਰਨ ਪੁਲਸ ਵਿਭਾਗ ਦੀ ਕਿਰਕਿਰੀ ਹੋ ਰਹੀ ਹੈ। ਜਨਤਕ ਸਥਾਨਾਂ ’ਤੇ ਜਿਸਮਫਰੋਸ਼ੀ ਦਾ ਧੰਦਾ ਚਲਾਉਣ ਦੀ ਕਥਿਤ ਮਨਜ਼ੂਰੀ ਦੇਣਾ ਵੀ ਜੁਰਮ ਹੈ। ਸੀ. ਪੀ. ਥਾਣਿਆਂ ਵਿਚ ਅਜਿਹਾ ਕੋਈ ਐੱਸ. ਐੱਚ. ਓ. ਤਾਇਨਾਤ ਨਾ ਕਰਨ, ਜਿਹੜਾ ਡਿਊਟੀ ਨੂੰ ਟਾਈਮ ਪਾਸ ਕਰਨਾ ਸਮਝਦਾ ਹੈ। ਕੰਬੋਜ ਨੇ ਕਿਹਾ ਕਿ ਉਹ ਇਸ ਸਬੰਧੀ ਡੀ. ਜੀ. ਪੀ. ਨੂੰ ਵੀ ਸ਼ਿਕਾਇਤ ਦੇਣਗੇ ਕਿ ਸ਼ਰੇਆਮ ਕੁਝ ਪੁਲਸ ਵਾਲੇ 2 ਨੰਬਰ ਦੇ ਕੰਮ ਕਰਨ ਵਾਲੇ ਲੋਕਾਂ ਦਾ ਸਾਥ ਦੇ ਕੇ ਆਪਣੀਆਂ ਜੇਬਾਂ ਭਰ ਰਹੇ ਹਨ।

ਇਹ ਵੀ ਪੜ੍ਹੋ : ਵ੍ਹੀਲ ਚੇਅਰ 'ਤੇ ਰਹਿਦੀ ਹੈ ਦਿਵਿਆਂਗ ਦਿਵਿਆ, ਮੁਸ਼ਕਿਲ ਨਾਲ ਫੜਦੀ ਹੈ ਪੈੱਨ, ਹਾਸਲ ਕੀਤਾ ਵੱਡਾ ਮੁਕਾਮ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ

shivani attri

This news is Content Editor shivani attri