ਕੈਨੇਡਾ ਦਾ ਵਰਕ ਪਰਮਿਟ ਦੇਣ ਦੇ ਨਾਮ ''ਤੇ ਜਾਅਲੀ ਵੀਜ਼ਾ ਦੇ ਕੇ ਠੱਗੇ 70 ਲੱਖ

09/24/2017 3:03:30 AM

ਕਪੂਰਥਲਾ,   (ਭੂਸ਼ਣ)- ਕੈਨੇਡਾ ਦਾ ਵਰਕ ਪਰਮਿਟ ਦੇਣ ਦੇ ਨਾਮ 'ਤੇ ਜਾਅਲੀ ਵੀਜ਼ਾ ਦੇ ਕੇ 70 ਲੱਖ ਰੁਪਏ ਦੀ ਰਕਮ ਠੱਗਣ ਦੇ ਮਾਮਲੇ 'ਚ ਥਾਣਾ ਸਿਟੀ ਕਪੂਰਥਲਾ ਦੀ ਪੁਲਸ ਨੇ 2 ਔਰਤਾਂ ਸਮੇਤ 3 ਮੁਲਜ਼ਮਾਂ ਖਿਲਾਫ ਧਾਰਾ 420, 406, 24 ਇਮੀਗ੍ਰੇਸ਼ਨ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮਾਂ ਦੀ ਤਲਾਸ਼ 'ਚ ਛਾਪਾਮਾਰੀ ਜਾਰੀ ਹੈ। 
ਜਾਣਕਾਰੀ ਅਨੁਸਾਰ ਕੁਲਵੰਤ ਸਿੰਘ ਬਾਜਵਾ ਪੁੱਤਰ ਪਿਆਰਾ ਸਿੰਘ ਬਾਜਵਾ ਵਾਸੀ ਮਕਾਨ ਨੰਬਰ (ਬੀ-100) ਮੁਹੱਲਾ ਮਲਕਾਣਾ ਕਪੂਰਥਲਾ ਨੇ ਐੱਸ. ਐੱਸ. ਪੀ. ਸੰਦੀਪ ਸ਼ਰਮਾ ਨੂੰ ਦਿੱਤੀ ਆਪਣੀ ਸ਼ਿਕਾਇਤ 'ਚ ਦੱਸਿਆ ਸੀ ਕਿ ਉਸ ਦਾ ਲੜਕਾ ਭੁਪਿੰਦਰ ਸਿੰਘ ਬਾਜਵਾ ਅਤੇ ਲੜਕੇ ਦੀ ਪਤਨੀ ਪਰਮਜੀਤ ਸਿੰਘ ਬਾਜਵਾ ਕੈਨੇਡਾ ਜਾਣਾ ਚਾਹੁੰਦੇ ਸਨ। ਉਸ ਦੀ ਨੂੰਹ ਪਰਮਜੀਤ ਕੌਰ ਬਾਜਵਾ ਪਹਿਲਾਂ ਵੀ ਸਾਲ 2011-12 'ਚ ਕੈਨੇਡਾ ਰਹਿ ਚੁੱਕੀ ਹੈ, ਜਿਥੇ ਉਸ ਦੀ ਨੂੰਹ ਦੀ ਤਲਵਿੰਦਰ ਕੌਰ ਸਹੇਲੀ ਸੀ ਅਤੇ ਦੋਵੇਂ ਇਕ ਹੀ ਫਲੈਟ 'ਚ ਰਹਿੰਦੀਆਂ ਸਨ, ਉਸਦੇ ਡੇਢ ਸਾਲ ਬਾਅਦ ਉਸ ਦੀ ਨੂੰਹ ਵਾਪਸ ਭਾਰਤ ਆ ਗਈ। 
ਇਸ ਦੌਰਾਨ ਉਸ ਦੀ ਨੂੰਹ ਦਾ ਤਲਵਿੰਦਰ ਕੌਰ ਦੀ ਮਾਤਾ ਕਮਲਜੀਤ ਕੌਰ ਤੇ ਭਰਾ ਜਸਵਿੰਦਰ ਸਿੰਘ ਦੇ ਘਰ ਆਉਣਾ-ਜਾਣਾ ਬਣ ਗਿਆ। ਜਿਸਦੇ ਦੌਰਾਨ ਕੈਨੇਡਾ ਤੋਂ ਫੋਨ ਕਰਕੇ ਤਲਵਿੰਦਰ ਕੌਰ ਨੇ ਉਸ ਦੀ ਨੂੰਹ ਪਰਮਜੀਤ ਕੌਰ ਨੂੰ ਦੱਸਿਆ ਕਿ ਉਹ ਉਸਨੂੰ ਅਤੇ ਉਸਦੇ ਪਤੀ ਭੁਪਿੰਦਰ ਸਿੰਘ ਬਾਜਵਾ ਨੂੰ ਪੱਕੇ ਤੌਰ 'ਤੇ ਵਰਕ ਪਰਮਿਟ ਵੀਜ਼ਾ ਲਗਵਾ ਸਕਦੀ ਹੈ, ਜਿਸ 'ਤੇ 50 ਲੱਖ ਰੁਪਏ ਦਾ ਖਰਚ ਆਵੇਗਾ। ਜਿਸ 'ਤੇ ਫਰਵਰੀ 2015 'ਚ ਤਲਵਿੰਦਰ ਕੌਰ ਨੇ ਫੋਨ 'ਤੇ ਦੱਸਿਆ ਕਿ ਉਨ੍ਹਾਂ ਦੇ ਕਾਗਜ਼ ਤਿਆਰ ਹਨ ਅਤੇ ਪਾਸਪੋਰਟ ਅਤੇ 9 ਲੱਖ ਰੁਪਏ ਦੀ ਨਕਦੀ ਉਸ ਦੀ ਮਾਤਾ ਕਮਲਜੀਤ ਕੌਰ ਤੇ ਭਰਾ ਜਸਵਿੰਦਰ ਸਿੰਘ ਰਾਏ ਨੂੰ ਦੇ ਦੇਣ। ਜਿਸ 'ਤੇ ਉਨ੍ਹਾਂ ਨੇ 9 ਲੱਖ ਰੁਪਏ ਦੀ ਰਕਮ ਤੇ ਪਾਸਪੋਰਟ ਕਮਲਜੀਤ ਕੌਰ ਤੇ ਜਸਵਿੰਦਰ ਸਿੰਘ ਰਾਏ ਨੂੰ ਦੇ ਦਿੱਤੇ, ਜਿਸਦੇ ਬਾਅਦ 31 ਮਾਰਚ 2015 ਨੂੰ 1.30 ਲੱਖ ਰੁਪਏ ਦੀ ਰਕਮ ਉਸ ਦੀ ਨੂੰਹ ਦੇ ਖਾਤੇ 'ਚੋਂ ਤਲਵਿੰਦਰ ਕੌਰ ਦੇ ਖਾਤੇ 'ਚ ਟਰਾਂਸਫਰ ਕੀਤੀ ਗਈ। ਜਿਸਦੇ ਬਾਅਦ ਤਲਵਿੰਦਰ ਕੌਰ ਨੇ ਉਨ੍ਹਾਂ ਤੋਂ ਕੁੱਲ 15 ਲੱਖ ਰੁਪਏ ਦੀ ਹੋਰ ਰਕਮ ਮੰਗੀ, ਫਿਰ 6 ਅਪ੍ਰੈਲ 2015 ਨੂੰ 6.50 ਲੱਖ ਰੁਪਏ ਅਤੇ 28 ਅਪ੍ਰੈਲ 2015 ਨੂੰ 6 ਲੱਖ ਰੁਪਏ ਬੈਂਕ ਰਾਹੀਂ ਤਲਵਿੰਦਰ ਕੌਰ ਨੂੰ ਭੇਜ ਦਿੱਤੇ। ਜਿਸਦੇ ਬਾਅਦ ਤਲਵਿੰਦਰ ਕੌਰ ਨੇ 10 ਦਿਨਾਂ ਦੇ ਬਾਅਦ ਫਿਰ ਤੋਂ 15 ਲੱਖ ਰੁਪਏ ਦੀ ਮੰਗ ਕੀਤੀ, ਜਦੋਂ ਉਨ੍ਹਾਂ ਨੇ ਇੰਨੀ ਹੋਰ ਰਕਮ ਦੇਣ 'ਚ ਅਸਮਰਥਤਾ ਪ੍ਰਗਟ ਕੀਤੀ ਤਾਂ ਤਲਵਿੰਦਰ ਕੌਰ ਨੇ ਕਿਹਾ ਕਿ ਉਨ੍ਹਾਂ ਦੇ ਬੇਟੇ ਭੁਪਿੰਦਰ ਸਿੰਘ ਬਾਜਵਾ ਦੀ ਸਟੱਡੀ ਘੱਟ ਹੋਣ ਦੇ ਕਾਰਨ 25 ਲੱਖ ਰੁਪਏ ਹੋਰ ਲੱਗਣਗੇ। ਜਿਸਦੇ ਦੌਰਾਨ ਉਨ੍ਹਾਂ ਨੇ 25 ਲੱਖ ਰੁਪਏ ਦੀ ਹੋਰ ਰਕਮ ਮੁਲਜ਼ਮ ਤਲਵਿੰਦਰ ਕੌਰ ਨੂੰ ਦੇ ਦਿੱਤੀ। ਜਿਸ ਤਰ੍ਹਾਂ ਇਨ੍ਹਾਂ ਸਾਰੇ ਮੁਲਜ਼ਮਾਂ ਨੇ ਉਨ੍ਹਾਂ ਤੋਂ 70 ਲੱਖ ਰੁਪਏ ਦੀ ਰਕਮ ਹੜੱਪ ਲਈ । 
ਇਨ੍ਹਾਂ ਮੁਲਜ਼ਮਾਂ ਦੇ ਕਹਿਣ 'ਤੇ ਉਸ ਦੀ ਨੂੰਹ ਪਰਮਜੀਤ ਕੌਰ ਬਾਜਵਾ ਤੇ ਲੜਕੇ ਭੁਪਿੰਦਰ ਸਿੰਘ ਬਾਜਵਾ ਨੇ ਆਪਣਾ ਮੈਡੀਕਲ ਕਰਵਾਇਆ, ਜਿਸਦੇ ਦੌਰਾਨ ਕਮਲਜੀਤ ਕੌਰ ਅਤੇ ਜਸਵਿੰਦਰ ਸਿੰਘ ਰਾਏ ਸਾਡੇ ਘਰ ਆਏ ਅਤੇ ਕਹਿਣ ਲੱਗੇ ਕਿ ਉਨ੍ਹਾਂ ਦਾ ਫਰਵਰੀ 2016 ਨੂੰ ਆਨ ਲਾਈਨ ਵੀਜ਼ਾ ਭੇਜਿਆ ਗਿਆ ਹੈ, ਇਸ ਲਈ ਉਨ੍ਹਾਂ ਨੂੰ 4 ਸਤੰਬਰ 2016 ਤੋਂ ਪਹਿਲਾਂ ਪਾਸਪੋਰਟ ਜਮਾਂ ਕਰਵਾਉਣਾ ਹੈ, ਜਦਕਿ ਪਾਸਪੋਰਟ ਜਮਾਂ ਕਰਵਾਉਣ ਦੀ ਮਿਤੀ ਅਗਸਤ 2016 ਸੀ, ਜਿਸ 'ਤੇ ਤਲਵਿੰਦਰ ਕੌਰ ਨੇ ਸਾਨੂੰ ਟੈਲੀਫੋਨ ਕਰਕੇ ਚੰਡੀਗੜ੍ਹ ਭੇਜਿਆ ਤੇ ਅਸੀਂ ਆਨ ਲਾਈਨ ਵੀਜ਼ੇ ਦੀ ਕਾਪੀ ਆਪਣੇ ਨਾਲ ਲੈ ਗਏ। ਉਥੇ ਜਾ ਕੇ ਉਨ੍ਹਾਂ ਨੇ ਫੋਨ ਕੀਤਾ ਕਿ ਉਨ੍ਹਾਂ ਨੂੰ ਪਾਸਪੋਰਟ ਨਹੀਂ ਮਿਲਣੇ।  
ਇਸ ਦੌਰਾਨ ਉਨ੍ਹਾਂ ਨੂੰ ਦੱਸਿਆ ਗਿਆ ਕਿ ਉਨ੍ਹਾਂ ਦੇ ਪਾਸਪੋਰਟ ਕੋਰੀਅਰ ਕਰਵਾ ਦਿੱਤੇ ਗਏ ਹਨ ਤੇ ਵੀਜ਼ੇ ਗੁਜਰਾਤ ਤੋਂ ਲੱਗਣੇ ਹਨ, ਫਿਰ ਸਾਡੇ ਪਾਸਪੋਰਟ 6 ਮਹੀਨੇ ਉਨ੍ਹਾਂ ਦੇ ਕੋਲ ਰਹੇ। ਜਿਸਦੇ ਬਾਅਦ ਤਿੰਨੋਂ ਮੁਲਜ਼ਮ ਉਨ੍ਹਾਂ ਨੂੰ ਜਲਦੀ ਹੀ ਪਾਸਪੋਰਟ ਆਉਣ ਨੂੰ ਲੈ ਕੇ ਟਾਲਦੇ ਰਹੇ। ਅਸੀਂ ਪਰਮਜੀਤ ਕੌਰ ਦੇ ਕਹਿਣ 'ਤੇ ਗੁਜਰਾਤ ਚਲੇ ਗਏ, ਜਿਥੇ ਸਾਡਾ 3 ਲੱਖ ਰੁਪਏ ਖਰਚ ਆਇਆ । ਜਦੋਂ ਅਸੀਂ ਪਰਮਜੀਤ ਕੌਰ ਦੇ ਕਹਿਣ 'ਤੇ ਗੁਜਰਾਤ ਦੀ ਕੋਰੀਅਰ ਕੰਪਨੀ ਕੋਲ ਗਏ ਤਾਂ ਉਥੇ ਉਨ੍ਹਾਂ ਨੂੰ ਪਾਸਪੋਰਟ ਮਿਲ ਗਏ, ਜਿਨ੍ਹਾਂ 'ਤੇ ਕੋਈ ਵੀਜ਼ਾ ਨਹੀਂ ਲੱਗਾ ਸੀ। ਜਿਸਦੇ ਬਾਅਦ ਉਨ੍ਹਾਂ ਨੇ ਜਲੰਧਰ ਆ ਕੇ ਆਨ ਲਾਈਨ ਵੀਜ਼ਾ ਚੈੱਕ ਕਰਵਾਏ ਤਾਂ ਇਹ ਵੀਜ਼ੇ ਜਾਅਲੀ ਨਿਕਲੇ। ਜਿਸ 'ਤੇ ਜਦੋਂ ਉਸ ਨੇ ਕਮਲਜੀਤ ਕੌਰ ਨੂੰ ਟੈਲੀਫੋਨ ਕੀਤਾ ਤਾਂ ਉਸ ਨੇ ਲਗਾਤਾਰ ਫੋਨ ਨਹੀਂ ਚੁੱਕਿਆ, ਜਿਸ ਦੇ ਬਾਅਦ ਉਸਨੇ ਜਦੋਂ ਤਲਵਿੰਦਰ ਕੌਰ ਦੀ ਮਾਤਾ ਕਮਲਜੀਤ ਕੌਰ ਅਤੇ ਭਰਾ ਜਸਵਿੰਦਰ ਸਿੰਘ ਦੇ ਕੋਲ ਜਾ ਕੇ 70 ਲੱਖ ਰੁਪਏ ਦੀ ਮੰਗ ਕੀਤੀ ਤਾਂ ਉਨ੍ਹਾਂ ਨੇ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਐੱਸ. ਐੱਸ. ਪੀ. ਕਪੂਰਥਲਾ ਨੇ ਪੂਰੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਐੱਸ. ਪੀ. ਡੀ. ਜਗਜੀਤ ਸਿੰਘ ਸਰੋਆ ਨੂੰ ਜਾਂਚ  ਦੇ ਹੁਕਮ ਦਿੱਤੇ । ਜਿਨ੍ਹਾਂ ਨੇ ਜਾਂਚ ਦੇ ਦੌਰਾਨ ਮੁਲਜ਼ਮ ਤਲਵਿੰਦਰ ਕੌਰ, ਕਮਲਜੀਤ ਕੌਰ ਤੇ ਜਸਵਿੰਦਰ ਸਿੰਘ ਦੇ ਖਿਲਾਫ ਲੱਗੇ ਸਾਰੇ ਇਲਜ਼ਾਮ ਠੀਕ ਪਾਏ ਗਏ, ਜਿਸਦੇ ਆਧਾਰ 'ਤੇ ਤਿੰਨਾਂ ਮੁਲਜ਼ਮਾਂ ਦੇ ਖਿਲਾਫ ਥਾਣਾ ਸਿਟੀ ਕਪੂਰਥਲਾ 'ਚ ਮਾਮਲਾ ਦਰਜ ਕਰ ਲਿਆ ਗਿਆ।