ਨੌਕਰ ਦੇ ਕਤਲ ਦੇ ਮਾਮਲੇ ''ਚ 5 ''ਤੇ ਕੇਸ ਦਰਜ

09/18/2017 7:08:11 AM

ਸੁਲਤਾਨਪੁਰ ਲੋਧੀ, (ਧੀਰ)- ਥਾਣਾ ਸੁਲਤਾਨਪੁਰ ਲੋਧੀ ਦੀ ਪੁਲਸ ਨੇ ਇਕ ਕਤਲ ਦੇ ਮਾਮਲੇ 'ਚ 5 ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ. ਐੱਚ. ਓ. ਸਰਬਜੀਤ ਸਿੰਘ ਨੇ ਦੱਸਿਆ ਕਿ ਸ਼ਿੰਗਾਰਾ ਸਿੰਘ ਪੁੱਤਰ ਗੁਰਦਿੱਤਾ ਸਿੰਘ ਵਾਸੀ ਖੈੜਾ ਦੋਨਾ ਕਾਲੋਨੀਆਂ ਜਰਨੈਲ ਸਿੰਘ ਕੋਲ ਨੌਕਰ ਦਾ ਕੰਮ ਕਰਦਾ ਸੀ। ਉਹ ਪਹਿਲਾਂ ਵੀ 15 ਸਾਲ ਜਰਨੈਲ ਦੇ ਕੋਲ ਨੌਕਰੀ ਕਰ ਚੁੱਕਾ ਸੀ। 
ਉਨ੍ਹਾਂ ਦੱਸਿਆ ਕਿ ਸ਼ਿੰਗਾਰਾ ਕੰਮ ਤੋਂ ਦੁਬਾਰਾ ਹਟਣਾ ਚਾਹੁੰਦਾ ਸੀ ਪਰ ਜਰਨੈਲ ਉਸ ਨੂੰ ਨੌਕਰੀ ਤੋਂ ਜਵਾਬ ਨਹੀਂ ਦੇ ਰਿਹਾ ਸੀ। ਬੀਤੀ ਰਾਤ ਕਰੀਬ ਢਾਈ ਵਜੇ ਜਰਨੈਲ ਤੇ ਉਸ ਦੇ ਨਾਲ ਹੋਰ 5 ਵਿਅਕਤੀਆਂ ਨੇ ਸ਼ਿੰਗਾਰਾ ਸਿੰਘ ਨੂੰ ਆਪਣੀ ਮਹਿੰਦਰਾ ਜੀਪ 'ਚ ਪਾ ਕੇ ਉਸ ਨੂੰ ਉਸ ਦੇ ਘਰ ਸੁੱਟ ਆਏ ਤੇ ਉਸ ਦੇ ਘਰ ਦੇ ਮੈਂਬਰਾਂ ਨੂੰ ਕਿਹਾ ਕਿ ਇਹ ਬੇਹੋਸ਼ ਹੋ ਗਿਆ ਹੈ। 
ਉਨ੍ਹਾਂ ਦੱਸਿਆ ਕਿ ਉਸ ਦੇ ਪੁੱਤਰ ਮਲਕੀਤ ਸਿੰਘ ਤੇ ਉਸ ਦੀ ਪਤਨੀ ਨੇ ਉਨ੍ਹਾਂ ਨੂੰ ਆਵਾਜ਼ਾਂ ਮਾਰੀਆਂ ਪਰ ਉਹ ਗੱਡੀ ਦੌੜਾ ਕੇ ਲੈ ਗਏ। ਉਨ੍ਹਾਂ ਵੇਖਿਆ ਕਿ ਸ਼ਿੰਗਾਰਾ ਸਿੰਘ ਨੂੰ ਸੱਟਾਂ ਕਾਫੀ ਲੱਗੀਆਂ ਹੋਈਆਂ ਹਨ ਤੇ ਉਹ ਕੁੱਝ ਬੋਲ ਵੀ ਨਹੀਂ ਰਿਹਾ ਸੀ ਤਾਂ ਉਨ੍ਹਾਂ ਤੁਰੰਤ ਪੁਲਸ ਕੰਟਰੋਲ ਰੂਮ ਫੋਨ ਕਰ ਕੇ ਜਾਣਕਾਰੀ ਦਿੱਤੀ। ਕੰਟਰੋਲ ਰੂਮ ਤੋਂ ਮੈਸੇਜ ਆਉਣ ਉਪਰੰਤ ਪੁਲਸ ਟੀਮ ਤੁਰੰਤ ਘਟਨਾ ਵਾਲੀ ਸਥਾਨ 'ਤੇ ਪੁੱਜੀ ਤੇ ਸ਼ਿੰਗਾਰਾ ਸਿੰਘ ਨੂੰ ਤੁਰੰਤ ਸਿਵਲ ਹਸਪਤਾਲ ਲਿਆਂਦਾ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।
ਥਾਣਾ ਮੁਖੀ ਸਰਬਜੀਤ ਸਿੰਘ ਨੇ ਦੱਸਿਆ ਕਿ ਉਕਤ ਕਤਲ ਦੇ ਲੋੜੀਂਦੇ ਸਾਰੇ ਮੁਲਜ਼ਮ ਨਾਮਜ਼ਦ ਕਰ ਲਏ ਗਏ ਹਨ ਤੇ ਪੁਲਸ ਨੇ ਇਸ ਕਤਲ ਦੇ ਸਬੰਧ 'ਚ ਇਕਬਾਲ ਸਿੰਘ ਉਰਫ ਕਾਲੀ ਪੁੱਤਰ ਜਰਨੈਲ ਸਿੰਘ, ਇਕਬਾਲ ਸਿੰਘ ਉਰਫ ਕਾਲਾ, ਜਗਜੀਤ ਸਿੰਘ, ਬੂਟਾ ਉਰਫ ਮਧੂ, ਪੱਪੂ ਦੇ ਖਿਲਾਫ ਧਾਰਾ 302 ਦੇ ਤਹਿਤ ਕੇਸ ਦਰਜ ਕਰ ਕੇ ਮ੍ਰਿਤਕ ਸ਼ਿੰਗਾਰਾ ਸਿੰਘ ਦੀ ਲਾਸ਼ ਨੂੰ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਵਿਖੇ ਪੋਸਟਮਾਰਟਮ ਲਈ ਰੱਖ ਦਿੱਤਾ ਤੇ ਇਸ ਕੇਸ ਦੇ ਸਬੰਧ 'ਚ ਦੋਸ਼ੀਆਂ ਦੀ ਭਾਲ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਜਲਦੀ ਹੀ ਉਕਤ ਸਾਰੇ ਮੁਲਜ਼ਮ ਗ੍ਰਿਫਤਾਰ ਕਰ ਲਏ ਜਾਣਗੇ।