ਗ੍ਰੰਥੀ ਸਿੰਘ ਦਾ ਕਾਰਾ, ਨਾਬਾਲਗਾਂ ਸਣੇ ਭੈਣ-ਭਰਾ ਲੱਗਦੇ 100 ਤੋਂ ਵੱਧ ਜੋੜਿਆਂ ਦੇ ਕਰਵਾ 'ਤੇ ਫਰਜ਼ੀ ਵਿਆਹ

10/06/2023 3:37:32 PM

ਬਠਿੰਡਾ (ਬਿਊਰੋ) : ਬਠਿੰਡਾ ਤੋਂ ਇਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਵੱਲੋਂ ਪੈਸੇ ਦੇ ਲਾਲਚ 'ਚ ਆ ਕੇ 100 ਤੋਂ ਵੀ ਵੱਧ ਨਕਲੀ ਵਿਆਹ ਕਰਵਾ ਦਿੱਤੇ ਗਏ। ਦਰਅਸਲ ਜੋੜਿਆਂ ਦੇ ਵਿਆਹ ਤਾਂ ਉਸ ਗੁਰਦੁਆਰਾ ਸਾਹਿਬ ਕਰਵਾਏ ਜਿੱਥੇ ਉਹ ਖ਼ੁਦ ਸੇਵਾ ਨਿਭਾਅ ਰਿਹਾ ਸੀ ਪਰ ਜੋੜਿਆਂ ਦੇ ਮੈਰਿਜ ਸਰਟੀਫ਼ਿਕੇਟ ਕਿਸੇ ਹੋਰ ਪਿੰਡ ਦੇ ਗੁਰਦੁਆਰੇ ਦੇ ਨਕਲੀ ਲੈਟਰਪੈਡ 'ਤੇ ਬਣਾ ਕੇ ਦਿੰਦਾ ਸੀ। ਗ੍ਰੰਥੀ ਨੂੰ ਪੈਸਿਆਂ ਦਾ ਇੰਨਾ ਲਾਲਚ ਸੀ ਕਿ ਨਾਬਾਲਗਾਂ ਸਮੇਤ ਰਿਸ਼ਤੇ 'ਚ ਭੈਣ-ਭਰਾ ਲੱਗਦੇ ਜੋੜਿਆਂ ਦੇ ਵੀ ਵਿਆਹ ਕਰਵਾ ਦਿੰਦਾ ਸੀ।

ਇਹ ਵੀ ਪੜ੍ਹੋ :  ਕੈਨੇਡਾ 'ਚ ਨੌਕਰੀ ਦੇ ਚਾਹਵਾਨਾਂ ਲਈ ਬੁਰੀ ਖ਼ਬਰ, ਪਰੇਸ਼ਾਨ ਕਰੇਗੀ ਤਾਜ਼ਾ 'ਤਸਵੀਰ'

ਇਨ੍ਹਾਂ ਕਰਵਾਏ ਗਏ ਵਿਆਹਾਂ 'ਚੋਂ ਜ਼ਿਆਦਾਤਰ ਵਿਦੇਸ਼ ਜਾਣ ਲਈ ਕੀਤੀ ਜਾਣ ਵਾਲੀ ਕਾਂਟਰੈਕਟ ਮੈਰਿਜ ਸੀ। ਜਦੋਂ ਇਸ ਮਾਮਲੇ ਦੀ ਜਾਣਕਾਰੀ ਸ਼੍ਰੋਮਣੀ ਪੰਥਕ ਅਕਾਲੀ ਬੁੱਢਾ ਦਲ ਨੂੰ ਮਿਲੀ ਤਾਂ ਉਹ ਗੁਰਦੁਆਰੇ ਵਿਖੇ ਪਹੁੰਚ ਗਏ।  ਉਨ੍ਹਾਂ ਦੇ ਪਹੁੰਚਣ ਤੋਂ ਪਹਿਲਾਂ ਹੀ ਗ੍ਰੰਥੀ ਸਿੰਘ ਉੱਥੋਂ ਫ਼ਰਾਰ ਹੋ ਗਿਆ।  ਮੁਲਜ਼ਮ ਗ੍ਰੰਥੀ ਨੇ ਦੂਜੇ ਗੁਰਦੁਆਰਿਆਂ ਦੇ ਨਾਂ 'ਤੇ ਲੈਟਰ ਪੈਡ ਬਣਵਾਏ ਹੋਏ ਸਨ। ਵਿਆਹ ਕਰਵਾ ਕੇ ਲੈਟਰ ਪੈਡ 'ਤੇ ਸਾਈਨ ਵੀ ਉਸ ਨੇ ਆਪਣੇ ਹੀ ਕੀਤੇ ਸਨ।

ਇਹ ਵੀ ਪੜ੍ਹੋ : ਪ੍ਰਾਇਮਰੀ ਤੇ ਹਾਈ ਸਕੂਲਾਂ ਨੂੰ ਲੈ ਕੇ ਐਕਸ਼ਨ 'ਚ ਸਿੱਖਿਆ ਵਿਭਾਗ, ਸਖ਼ਤ ਆਦੇਸ਼ ਜਾਰੀ

ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਰਾਜਸਥਾਨ ਦਾ ਇਕ ਪਰਿਵਾਰ ਵਿਆਹ ਕਰਵਾਉਣ ਲਈ ਇਸ ਗੁਰਦੁਆਰਾ ਸਾਹਿਬ ਬਾਰੇ ਪੁੱਛ ਰਿਹਾ ਸੀ। ਉਦੋਂ ਪਤਾ ਲੱਗਾ ਸੀ ਕਿ ਗ੍ਰੰਥੀ ਨੇ ਕੁਝ ਦਿਨ ਪਹਿਲਾਂ ਹੀ ਇਕ ਮੁੰਡੇ ਦਾ ਵਿਆਹ ਉਸ ਦੀ ਮਾਸੀ ਦੀ ਕੁੜੀ ਨਾਲ ਹੀ ਕਰਵਾ ਦਿੱਤਾ ਸੀ। ਲੋਕਾਂ ਅਨੁਸਾਰ ਗ੍ਰੰਥੀ ਨੇ ਧਾਰਮਿਕ ਹੀ ਨਹੀਂ, ਸਗੋਂ ਨਾਬਾਲਗਾਂ ਦੇ ਵਿਆਹ ਕਰਵਾ ਕੇ ਕਾਨੂੰਨ ਦੀ ਵੀ ਉਲੰਘਣਾ ਕੀਤੀ ਹੈ। ਬੁੱਢਾ ਦਲ ਨੇ ਇਸ ਮਾਮਲੇ ਦੀ ਸ਼ਿਕਾਇਤ ਐੱਸ. ਐੱਸ. ਪੀ. ਬਠਿੰਡਾ ਨੂੰ ਦੇ ਦਿੱਤੀ ਹੈ। ਜਾਣਕਾਰੀ ਮੁਤਾਬਕ ਮਾਮਲਾ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਵੀ ਪਹੁੰਚ ਚੁੱਕਾ ਹੈ।

ਇਹ ਵੀ ਪੜ੍ਹੋ : SYL ਵਿਵਾਦ ਦੌਰਾਨ PM ਮੋਦੀ ਦਾ ਆਇਆ ਬਿਆਨ, ਉਦਾਹਰਣ ਰਾਹੀਂ ਕਹਿ ਗਏ ਵੱਡੀ ਗੱਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Harnek Seechewal

This news is Content Editor Harnek Seechewal