ਫਾਈਨਲ ਮੈਚ ''ਚ ਰੁੜਕਾ ਕਲਾਂ ਨੇ ਘੱਲ ਕਲਾਂ ਨੂੰ ਹਰਾਇਆ

12/30/2017 3:30:36 AM

ਭਗਤਾ ਭਾਈ (ਜ. ਬ.)- ਬਾਬਾ ਕੌਲ ਸਾਹਿਬ ਕਲੱਬ ਕੋਠਾ ਗੁਰੂ (ਬਠਿੰਡਾ) ਵੱਲੋਂ ਨਗਰ ਨਿਵਾਸੀਆਂ ਅਤੇ ਪ੍ਰਵਾਸੀ ਪੰਜਾਬੀਆਂ ਦੇ ਸਹਿਯੋਗ ਨਾਲ 39ਵਾਂ ਸਾਲਾਨਾ ਤਿੰਨ ਰੋਜ਼ਾ ਕਬੱਡੀ ਕੱਪ ਸ੍ਰੀ ਗੁਰੂ ਗੋਬਿੰਦ ਸਿੰਘ ਖੇਡ ਸਟੇਡੀਅਮ ਕੋਠਾ ਗੁਰੂ ਵਿਖੇ ਸ਼ਾਨੋ-ਸ਼ੌਕਤ ਨਾਲ ਕਰਵਾਇਆ ਗਿਆ। ਇਸ ਕਬੱਡੀ ਕੱਪ ਦੌਰਾਨ ਸੁਰਜਨ ਸਿੰਘ ਚੱਠਾ ਦੀ ਅਗਵਾਈ 'ਚ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਦੀਆਂ ਅੱਠ ਟੀਮਾਂ ਦੇ ਮੁਕਾਬਲੇ ਦਰਸ਼ਕਾਂ ਦੀ ਖਿੱਚ ਦਾ ਵਿਸ਼ੇਸ਼ ਕੇਂਦਰ ਬਣੇ ਰਹੇ, ਜਿਸ ਦੌਰਾਨ ਕਬੱਡੀ ਖੇਡ ਜਗਤ ਦੇ 50 ਤੋਂ ਵੱਧ ਸੁਪਰਸਟਾਰ ਖਿਡਾਰੀਆਂ ਨੇ ਵੱਡੀ ਗਿਣਤੀ 'ਚ ਪਹੁੰਚੇ ਦਰਸ਼ਕਾਂ ਨੂੰ ਆਪਣੀ ਕਲਾ ਦੇ ਜੌਹਰ ਦਿਖਾਏ। ਕਬੱਡੀ ਕੱਪ ਦਾ ਉਦਘਾਟਨ 'ਆਪ' ਦੇ ਮੈਂਬਰ ਪਾਰਲੀਮੈਂਟ ਪ੍ਰੋ. ਸਾਧੂ ਸਿੰਘ ਨੇ ਰਿਬਨ ਕੱਟ ਕੇ ਕੀਤਾ।
ਦੂਸਰੇ ਦਿਨ ਦੇ ਮੁੱਖ ਮਹਿਮਾਨ ਨੌਜਵਾਨ ਕਾਂਗਰਸੀ ਆਗੂ ਹਰਮਨਵੀਰ ਸਿੰਘ ਜੈਸੀ ਕਾਂਗੜ ਸਨ। ਉਨ੍ਹਾਂ ਕਲੱਬ ਨੂੰ 51 ਹਜ਼ਾਰ ਰੁਪਏ ਆਰਥਕ ਸਹਾਇਤਾ ਵਜੋਂ ਦਿੱਤੇ। ਕਲੱਬ ਦੇ ਪ੍ਰਧਾਨ ਬਲਵੀਰ ਸਿੰਘ ਗਿੱਲ ਅਤੇ ਗੁਰਸ਼ਾਂਤ ਸਿੰਘ ਸਿੱਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਬੱਡੀ 53 ਕਿਲੋਗ੍ਰਾਮ ਵਿਚ ਕੋਠਾ ਗੁਰੂ ਤੇ ਚੋਟੀਆਂ, 60 ਕਿਲੋਗ੍ਰਾਮ 'ਚ ਕਰਾੜਵਾਲਾ ਤੇ ਕੋਠਾ ਗੁਰੂ ਅਤੇ ਕਬੱਡੀ ਓਪਨ 'ਚ ਚੱਕ ਭਾਈਕਾ ਤੇ ਭਗਤਾ ਭਾਈ ਨੇ ਕ੍ਰਮਵਾਰ ਪਹਿਲਾ ਅਤੇ ਦੂਸਰਾ ਸਥਾਨ ਹਾਸਲ ਕੀਤਾ। ਅਕੈਡਮੀਆਂ ਦੇ ਫਾਈਨਲ ਮੈਚ ਦੌਰਾਨ ਬਾਬਾ ਭਾਈ ਸਾਧੂ ਕਬੱਡੀ ਕਲੱਬ ਰੁੜਕਾ ਕਲਾਂ ਦੀ ਟੀਮ ਨੇ ਆਜ਼ਾਦ ਕਬੱਡੀ ਕਲੱਬ ਫਰਿਜ਼ਨੋ ਕੈਨੇਡਾ ਘੱਲ ਕਲਾਂ ਦੀ ਟੀਮ ਨੂੰ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ। ਕਲੱਬ ਵੱਲੋਂ ਅਕੈਡਮੀ ਮੈਚਾਂ ਦੀ ਜੇਤੂ ਟੀਮ ਨੂੰ ਡੇਢ ਲੱਖ ਅਤੇ ਓਪ ਜੇਤੂ ਨੂੰ ਇਕ ਲੱਖ ਰੁਪਏ ਨਕਦ ਅਤੇ ਕੱਪ ਨਾਲ ਸਨਮਾਨਿਤ ਕੀਤਾ ਗਿਆ। ਇਨ੍ਹਾਂ ਮੁਕਾਬਲਿਆਂ ਦੌਰਾਨ ਸੰਦੀਪ ਦੋਦਾ ਵਧੀਆ ਧਾਵੀ ਅਤੇ ਬਿੱਟੂ ਪੁਰਹੀਰਾਂ ਵਧੀਆ ਜਾਫੀ ਚੁਣਿਆ ਗਿਆ। ਅੰਤਿਮ ਦਿਨ ਇਨਾਮਾਂ ਦੀ ਵੰਡ ਹਲਕਾ ਰਾਮਪੁਰਾ ਫੂਲ ਦੇ ਵਿਧਾਇਕ ਗੁਰਪ੍ਰੀਤ ਸਿੰਘ ਕਾਂਗੜ ਨੇ ਕੀਤੀ। ਕਾਂਗੜ ਨੇ ਕਲੱਬ ਨੂੰ ਇਕ ਲੱਖ ਰੁਪਏ ਦੀ ਨਕਦ ਸਹਾਇਤਾ ਦਿੰਦਿਆਂ ਪਿੰਡ ਵਿਚ ਨਵਾਂ ਖੇਡ ਸਟੇਡੀਅਮ ਬਣਾਉਣ, ਬੁਰਜ ਥਰੋੜ-ਡੋਡ ਸੜਕ ਦਾ ਰਹਿੰਦਾ ਹਿੱਸਾ ਬਣਾਉਣ ਅਤੇ ਪਿੰਡ ਤੇ ਖੇਤਾਂ ਵਾਲੇ ਸਾਰੇ ਰਸਤੇ ਜਲਦ ਪੱਕੇ ਕਰਨ ਦਾ ਭਰੋਸਾ ਦਿੱਤਾ।
ਇਸ ਮੌਕੇ ਪ੍ਰਬੰਧਕਾਂ ਵੱਲੋਂ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਸੁਰਜਨ ਸਿੰਘ ਚੱਠਾ, ਕਬੱਡੀ ਖਿਡਾਰੀ ਮਾ. ਗੁਲਜ਼ਾਰ ਸਿੰਘ ਭਾਈਰੂਪਾ, ਸੰਦੀਪ ਨੰਗਲ ਅੰਬੀਆਂ, ਬਲਵੀਰ ਬਿੱਟੂ, ਸੁੱਖੀ ਬਰਾੜ, ਕੁਮੈਂਟੇਟਰ ਰੁਪਿੰਦਰ ਜਲਾਲ ਸਮੇਤ ਪ੍ਰਮੁੱਖ ਸ਼ਖਸੀਅਤਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਕੱਪ ਦੌਰਾਨ ਰੁਪਿੰਦਰ ਜਲਾਲ, ਅਮਨ ਲੋਪੋ, ਬਸੰਤ ਬਾਜ਼ਖਾਨਾ, ਅਮਰੀਕ ਖੋਸਾ ਅਤੇ ਅਸ਼ਰਫ ਦਿਆਲਪੁਰਾ ਨੇ ਮੈਚਾਂ ਦੀ ਕੁਮੈਂਟਰੀ ਕਰ ਕੇ ਖੂਬ ਰੰਗ ਬੰਨ੍ਹਿਆ। ਅੰਤ 'ਚ ਕਲੱਬ ਪ੍ਰਧਾਨ ਬਲਵੀਰ ਸਿੰਘ ਗਿੱਲ ਨੇ ਪਹੁੰਚੀਆਂ ਅਤੇ ਸਹਿਯੋਗ ਦੇਣ ਵਾਲੀਆਂ ਸ਼ਖਸੀਅਤਾਂ ਦਾ ਧੰਨਵਾਦ ਕੀਤਾ। ਇਨਾਮ ਵੰਡ ਸਮਾਗਮ ਮੌਕੇ ਕਲੱਬ ਦੇ ਸਮੂਹ ਅਹੁਦੇਦਾਰ ਅਤੇ ਮੈਂਬਰ ਹਾਜ਼ਰ ਸਨ।