ਜ਼ਿਲੇ ''ਚ ਦੁੱਧ ਦੇ ਨਾਂ ''ਤੇ  ਪਿਆਇਆ ਜਾ ਰਿਹੈ ਜ਼ਹਿਰ

02/23/2018 11:14:06 PM

ਗੁਰਦਾਸਪੁਰ, (ਵਿਨੋਦ)- ਜਿਵੇਂ-ਜਿਵੇਂ ਗਰਮੀ ਦਾ ਮੌਸਮ ਨਜ਼ਦੀਕ ਆ ਰਿਹਾ ਹੈ, ਉਸ ਦੇ ਨਾਲ ਹੀ ਗੁਰਦਾਸਪੁਰ 'ਚੋਂ ਗੁੱਜਰ ਫਿਰਕੇ ਦੇ ਲੋਕਾਂ ਦੇ ਵਾਪਸ ਜੰਮੂ-ਕਸ਼ਮੀਰ ਤੇ ਹਿਮਾਚਲ ਪ੍ਰਦੇਸ਼ ਜਾਣ ਨਾਲ ਦੁੱਧ ਦਾ ਉਤਪਾਦਨ ਘੱਟ ਹੋਣਾ ਸੰਭਾਵਿਤ ਹੈ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਦੁੱਧ ਦਾ ਉਤਪਾਦਨ ਅੱਧ ਤੋਂ ਵੀ ਘੱਟ ਹੋ ਜਾਣ ਦੇ ਬਾਵਜੂਦ ਦੁੱਧ ਤੇ ਦੁੱਧ ਤੋਂ ਬਣੇ ਉਤਪਾਦਨਾਂ ਦੀ ਸਪਲਾਈ ਪਹਿਲਾਂ ਦੀ ਤਰ੍ਹਾਂ ਬਣੀ ਰਹਿੰਦੀ ਹੈ।   ਜਾਣਕਾਰੀ ਅਨੁਸਾਰ ਸਰਦੀ ਦਾ ਮੌਸਮ ਸ਼ੁਰੂ ਹੁੰਦੇ ਹੀ ਪਹਾੜਾਂ ਤੋਂ ਹਜ਼ਾਰਾਂ ਦੀ ਗਿਣਤੀ 'ਚ ਗੁੱਜਰ ਫਿਰਕੇ ਦੇ ਲੋਕ ਡੰਗਰ ਲੈ ਕੇ ਮੈਦਾਨੀ ਇਲਾਕਿਆਂ 'ਚ ਆ ਜਾਂਦੇ ਹਨ, ਪੂਰੇ ਸਰਦੀ ਦੇ ਮੌਸਮ 'ਚ ਇਹ ਗੁੱਜਰ ਪਰਿਵਾਰ ਮੈਦਾਨੀ ਇਲਾਕਿਆਂ 'ਚ ਰਹਿ ਕੇ ਦੁੱਧ ਦਾ ਕਾਰੋਬਾਰ ਕਰਦੇ ਹਨ, ਜਿਸ ਕਾਰਨ ਸਰਦੀ ਦੇ ਮੌਸਮ 'ਚ ਗੁਰਦਾਸਪੁਰ 'ਚ ਦੁੱਧ ਦੀ ਕਮੀ ਨਹੀਂ ਰਹਿੰਦੀ ਪਰ ਜਿਵੇਂ ਹੀ ਸਰਦੀ ਘੱਟ ਹੁੰਦੀ ਹੈ ਤਾਂ ਫਰਵਰੀ ਦੇ ਸ਼ੁਰੂ 'ਚ ਹੀ ਇਹ ਗੁੱਜਰ ਪਰਿਵਾਰ ਵਾਪਸ ਪਹਾੜਾਂ 'ਚ ਜਾਣਾ ਸ਼ੁਰੂ ਕਰ ਦਿੰਦੇ ਹਨ ਤੇ ਆਪਣੇ ਡੰਗਰ ਵੀ ਆਪਣੇ ਨਾਲ ਲੈ ਜਾਂਦੇ ਹਨ। ਇਨ੍ਹਾਂ ਗੁੱਜਰ ਪਰਿਵਾਰਾਂ ਦੇ ਵਾਪਸ ਚਲੇ ਜਾਣ ਦੇ ਬਾਵਜੂਦ ਜ਼ਿਲੇ 'ਚ ਦੁੱਧ ਦੀ ਸਪਲਾਈ ਪਹਿਲਾਂ ਦੀ ਤਰ੍ਹਾਂ ਬਣੀ ਹੋਈ ਹੈ ਪਰ ਗੁੱਜਰ ਪਰਿਵਾਰਾਂ ਦੇ ਵਾਪਸ ਚਲੇ ਜਾਣ ਦੇ ਬਾਵਜੂਦ ਦੁੱਧ ਦੀ ਸਪਲਾਈ ਮੰਗ ਅਨੁਸਾਰ ਕਿਵੇਂ ਬਣੀ ਰਹਿੰਦੀ ਹੈ, ਇਸ ਸਬੰਧੀ ਨਾ ਤਾਂ ਸਿਹਤ ਵਿਭਾਗ ਕੋਲ ਕੋਈ ਜਵਾਬ ਹੈ ਅਤੇ ਨਾ ਹੀ ਆਮ ਜਨਤਾ ਕੋਲ। ਦੂਜੇ ਪਾਸੇ ਰੇਹੜੀ ਵਾਲੇ ਇਸ ਦੁੱਧ ਨੂੰ ਕਈ ਤਰ੍ਹਾਂ ਦੇ ਨਾਂ ਦੇ ਕੇ ਵੇਚਦੇ ਹਨ, ਜਦਕਿ ਸਭ ਜਾਣਦੇ ਹਨ ਕਿ ਇਨ੍ਹਾਂ ਦੁੱਧ ਵੇਚਣ ਵਾਲੇ ਰੇਹੜੀ ਚਾਲਕਾਂ ਕੋਲ ਇਕ ਵੀ ਪਸ਼ੂ ਨਹੀਂ ਹੈ। ਇਹ ਸਿੰਥੈਟਿਕ ਦੁੱਧ ਜੋ ਯੂਰੀਆ ਖਾਦ ਤੋਂ ਤਿਆਰ ਕੀਤਾ ਜਾਂਦਾ ਹੈ, ਪੀਣ 'ਚ ਤਾਂ ਸਵਾਦ ਜ਼ਰੂਰ ਹੁੰਦਾ ਹੈ ਪਰ ਕਿਸੇ ਜ਼ਹਿਰ ਤੋਂ ਘੱਟ ਨਹੀਂ ਹੈ।
ਸਰਕਾਰ ਦੀ ਨੀਤੀ ਨੂੰ ਸਿਹਤ ਵਿਭਾਗ ਨੇ ਕੀਤਾ ਅਸਫਲ
ਦੂਜੇ ਪਾਸੇ ਪੰਜਾਬ ਸਰਕਾਰ ਨੇ ਇਸ ਸਮੱਸਿਆ ਦਾ ਹੱਲ ਕੱਢਣ ਲਈ ਸਾਰੇ ਦੁੱਧ ਵੇਚਣ ਵਾਲਿਆਂ ਦੇ ਕਾਰਡ ਬਣਾਉਣ ਦੀ ਇਕ ਯੋਜਨਾ ਲਗਭਗ 10 ਸਾਲ ਪਹਿਲਾਂ ਤਿਆਰ ਕੀਤੀ ਸੀ, ਜਿਸ ਅਧੀਨ ਹਰ ਵਿਅਕਤੀ, ਜੋ ਦੁੱਧ ਵੇਚਣ ਦਾ ਕੰਮ ਕਰਦਾ ਹੈ, ਉਸ ਦਾ ਪੰਜੀਕਰਨ ਕਰ ਕੇ ਉਸ ਨੂੰ ਕਾਰਡ ਬਣਾ ਕੇ ਦਿੱਤਾ ਜਾਵੇਗਾ। ਜਿਸ ਵਿਅਕਤੀ ਕੋਲ ਇਹ ਕਾਰਡ ਹੋਵੇਗਾ, ਉਹੀ ਵਿਅਕਤੀ ਦੁਕਾਨਾਂ ਤੇ ਘਰਾਂ 'ਚ ਜਾ ਕੇ ਦੁੱਧ ਵੇਚ ਸਕੇਗਾ। ਅੱਜ ਤੱਕ ਸਿਹਤ ਵਿਭਾਗ ਇਕ ਵੀ ਕਾਰਡ ਨਹੀਂ ਬਣਾ ਸਕਿਆ ਹੈ। ਇਹੀ ਕਾਰਨ ਹੈ ਕਿ ਅੱਜ ਵੀ ਘਟੀਆ ਕੁਆਲਿਟੀ ਦਾ ਦੁੱਧ ਬਾਜ਼ਾਰ ਤੇ ਘਰਾਂ ਵਿਚ ਵਿਕ ਰਿਹਾ ਹੈ। ਦੂਜਾ ਰੇਹੜੀਆਂ 'ਤੇ ਦੁੱਧ ਦੇ ਨਾਂ 'ਤੇ ਵਿਕ ਰਹੇ ਜ਼ਹਿਰ ਸਬੰਧੀ ਵੀ ਪੰਜਾਬ ਸਰਕਾਰ ਤੇ ਸਿਹਤ ਵਿਭਾਗ ਨੂੰ ਆਪਣੀ ਬਣਦੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਸਖ਼ਤ ਕਦਮ ਚੁੱਕਣੇ ਹੋਣਗੇ।
ਕੀ ਕਹਿੰਦੇ ਹਨ ਜ਼ਿਲਾ ਸਿਹਤ ਅਧਿਕਾਰੀ 
ਇਸ ਸਬੰਧੀ ਜਦ ਜ਼ਿਲਾ ਸਿਹਤ ਅਧਿਕਾਰੀ ਡਾ. ਸੁਧੀਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਹ ਠੀਕ ਹੈ ਕਿ ਲਗਭਗ 10 ਸਾਲ ਪਹਿਲਾਂ ਕੇਂਦਰ ਸਰਕਾਰ ਨੇ ਪੂਰੇ ਦੇਸ਼ ਦੇ ਲੋਕਾਂ ਨੂੰ ਦੁੱਧ ਸਮੇਤ ਹੋਰ ਖਾਣ ਪੀਣ ਵਾਲੀਆਂ ਚੀਜ਼ਾਂ ਨੂੰ ਵੇਚਣ ਵਾਲਿਆਂ ਦਾ ਪੰਜੀਕਰਨ ਕਰਨ ਦਾ ਆਦੇਸ਼ ਦਿੱਤਾ ਸੀ। ਦੁਕਾਨਦਾਰਾਂ ਵੱਲੋਂ ਤਾਂ ਆਪਣਾ ਪੰਜੀਕਰਨ ਕਰਵਾ ਲਿਆ ਗਿਆ ਅਤੇ ਅੱਗੇ ਵੀ ਕਰਵਾਇਆ ਜਾ ਰਿਹਾ ਹੈ ਪਰ ਰੇਹੜੀ ਵਾਲਿਆਂ ਤੇ ਸਾਈਕਲਾਂ-ਮੋਟਰਸਾਈਕਲਾਂ 'ਤੇ ਦੁੱਧ ਵੇਚਣ ਵਾਲੇ ਆਪਣਾ ਪੰਜੀਕਰਨ ਨਹੀਂ ਕਰਵਾਉਂਦੇ ਹਨ। ਅਸੀਂ ਕਈ ਵਾਰ ਇਨ੍ਹਾਂ ਲੋਕਾਂ ਦਾ ਪੰਜੀਕਰਨ ਕਰਨ ਦੀ ਕੋਸ਼ਿਸ਼ ਵੀ ਕੀਤੀ ਸੀ ਪਰ ਸਫ਼ਲਤਾ ਨਹੀਂ ਮਿਲੀ। ਇਹ ਲੋਕ ਆਪਣਾ ਗਲਤ ਨਾਂ ਆਦਿ ਲਿਖਵਾ ਦਿੰਦੇ ਹਨ, ਜਿਸ ਕਾਰਨ ਜ਼ਿਲਾ ਗੁਰਦਾਸਪੁਰ 'ਚ ਇਨ੍ਹਾਂ ਦੁੱਧ ਵੇਚਣ ਵਾਲਿਆਂ ਦਾ ਪੰਜੀਕਰਨ ਨਹੀਂ ਹੋ ਸਕਿਆ।   ਉਨ੍ਹਾਂ ਕਿਹਾ ਕਿ ਕੁਝ ਸਮਾਂ ਪਹਿਲਾਂ ਪੰਜਾਬ ਪੱਧਰ 'ਤੇ ਸਾਰੇ ਜ਼ਿਲਿਆਂ ਦੇ ਸਿਹਤ ਅਧਿਕਾਰੀਆਂ ਦੀ ਮੀਟਿੰਗ 'ਚ ਇਹ ਮਸਲਾ ਉਠਿਆ ਸੀ। ਉੱਚ ਅਧਿਕਾਰੀਆਂ ਨੇ ਆਦੇਸ਼ ਦਿੱਤਾ ਸੀ ਕਿ ਹਰ ਹਾਲਤ ਵਿਚ ਇਨ੍ਹਾਂ ਦੁੱਧ ਵੇਚਣ ਵਾਲਿਆਂ ਦਾ ਪੰਜੀਕਰਨ ਕੀਤਾ ਜਾਵੇ। ਇਸ ਕੰਮ ਲਈ ਪੁਲਸ ਦੀ ਮਦਦ ਵੀ ਲੈਣੀ ਪਈ ਤਾਂ ਲਈ ਜਾਵੇਗੀ। ਜਲਦ ਹੀ ਇਸ ਸਬੰਧੀ ਵਿਸ਼ੇਸ਼ ਅਭਿਆਨ ਚਲਾਇਆ ਜਾਵੇਗਾ।