ਮੌਜੂਦਾ ਹਾਲਾਤਾਂ 'ਚ ਰਿਸ਼ਤਿਆਂ ਦੀ ਅਪਣੱਤ ਹੋਈ ਤਾਰ-ਤਾਰ, ਭਾਈਚਾਰਕ ਸਾਂਝ ਹੋਈ ਉਡਣ-ਛੂ

10/23/2023 1:53:25 PM

ਮੋਹਾਲੀ (ਪਰਦੀਪ) : ਮੌਜੂਦਾ ਦੌਰ 'ਚ ਬੇਸ਼ੱਕ ਪੱਛਮੀ ਸੱਭਿਆਚਾਰ ਦਾ ਪ੍ਰਭਾਵ ਸਾਫ ਵੇਖਿਆ ਜਾ ਸਕਦਾ ਹੈ ਤੇ ਕਮਰਸ਼ੀਅਲਾਈਜ਼ੇਸ਼ਨ ਦੇ ਇਸ ਯੁੱਗ ਵਿੱਚ ਭਾਈਚਾਰਕ ਸਾਂਝ ਖੰਭ ਲਗਾ ਕੇ ਕਿਧਰੇ ਹੀ ਉਡਣ-ਛੂ ਹੋ ਚੁੱਕੀ ਹੈ। ਜਿਹੜੇ ਰਿਸ਼ਤੇ ਸਮਾਜਿਕ ਕਦਰਾਂ ਕੀਮਤਾਂ ਦੀ ਗਵਾਹੀ ਦਿੰਦੇ ਸਨ, ਉਨ੍ਹਾਂ 'ਚੋਂ ਭਾਈਚਾਰਕ ਸਾਂਝ ਪਤਾ ਨਹੀਂ ਕਿੱਧਰ ਗਾਇਬ ਹੋ ਚੁੱਕੀ ਹੈ। ਪਿੰਡਾਂ 'ਚ ਜਦੋਂ ਕਿਸੇ ਦੇ ਘਰ ਕੋਈ ਵੀ ਖੁਸ਼ੀ ਦਾ ਸਮਾਗਮ ਹੋਣਾਹੁੰਦਾ ਸੀ ਤਾਂ ਆਂਡੀ-ਗੁਆਂਢੀ, ਰਿਸ਼ਤੇਦਾਰ, ਸਕੇ-ਸਬੰਧੀਆਂ 'ਚੋਂ ਕੁਝ ਮੈਂਬਰ ਵਿਆਹ ਸਮਾਗਮ ਤੋਂ ਕਈ ਦਿਨ ਪਹਿਲਾਂ ਹੀ ਘਰ ਦੇ ਕੰਮਕਾਰ ਦੇ ਵਿੱਚ ਹੱਥ ਵਟਾਉਣ ਦੇ ਲਈ ਪੁੱਜ ਜਾਂਦੇ ਸਨ, ਜਿਵੇਂ ਲੱਡੂ ਵੱਟਣਾ, ਜਾਗੋ ਕੱਢਣੀ, ਲਾੜੇ ਜਾਂ ਵਿਆਹ ਵਾਲੀ ਕੁੜੀ ਨੂੰ ਵੱਟਣਾ ਲਗਾਉਣਾ, ਦਾਜ-ਦਹੇਜ 'ਚ ਦੇਣ ਵਾਲੀਆਂ ਦਰੀਆਂ, ਚਾਦਰਾਂ ਦੀ ਕੜਾਈ ਕਰਨੀ ਅਤੇ ਪੱਖੀਆਂ ਤਿਆਰ ਕਰਨੀਆਂ, ਰਿਸ਼ਤੇਦਾਰਾਂ ਦੇ ਲਈ ਨਾਲ ਲੱਗਦੇ ਘਰਾਂ ਵਿੱਚੋਂ ਮੰਜੇ ਅਤੇ ਬਿਸਤਰੇ ਇਕੱਠੇ ਕਰਨਾ, ਕਈ-ਕਈ ਦਿਨ ਵਿਆਹ ਦੇ ਗੀਤ ਇਕੱਠੇ ਹੋ ਕੇ ਸਖੀਆਂ-ਸਹੇਲੀਆਂ ਦੇ ਵੱਲੋਂ ਗਾਏ ਅਤੇ ਸੁਣਾਏ ਜਾਂਦੇ ਸਨ ਅਤੇ ਇਹਨਾਂ ਸਾਰੀਆਂ ਰਸਮਾਂ ਦੇ ਚੱਲਦਿਆਂ ਵਿਆਹ ਵਾਲੇ ਘਰ ਦੇ ਵਿੱਚ ਪੂਰਾ ਮਾਹੌਲ ਖੁਸ਼ੀਆਂ ਅਤੇ ਖੇੜਿਆਂ ਭਰਿਆ ਅਤੇ ਉਮਰ ਭਰ ਦੇ ਲਈ ਇੱਕ ਅਹਿਮ ਯਾਦਗਾਰ ਵਜੋਂ ਬਣਿਆ ਰਹਿੰਦਾ ਸੀ।

ਘਰ 'ਚ ਪੂਜਾ-ਪਾਠ ਵੇਲੇ ਸਭ ਮਿਲ ਕੇ ਸੇਵਾ ਕਰਦੇ ਸਨ ਅਤੇ ਸ੍ਰੀ ਅਖੰਡ ਪਾਠ ਸਾਹਿਬ ਦੇ ਆਰੰਭ ਹੋਣ ਵੇਲੇ ਅਤੇ ਮੱਧ ਦੇ ਭੋਗ ਵੇਲੇ ਵੀ ਆਂਢੀ-ਗੁਆਂਢੀ, ਸਕੇ ਸਬੰਧੀ ਵਿਆਹ ਵਾਲੇ ਘਰ ਪਹੁੰਚਦੇ ਸਨ ਅਤੇ ਫਿਰ ਭੋਗ ਵੇਲੇ ਵੱਡਾ ਇਕੱਠ ਹੁੰਦਾ ਸੀ, ਪ੍ਰੰਤੂ ਮੌਜੂਦਾ ਦੌਰ ਦੇ ਵਿੱਚ ਅਤੇ ਵੱਧ ਪੈਸੇ ਕਮਾਉਣ ਦੀ ਦੌੜ ਦੇ ਚੱਲਦਿਆਂ ਸਕੇ-ਸਬੰਧੀ ਅਤੇ ਖਾਸਮ-ਖਾਸ ਵੀ ਭੋਗ ਵਾਲੇ ਦਿਨ, ਉਹ ਵੀ ਠੀਕ ਭੋਗ ਪੈਣ ਦੇ ਸਮੇਂ ਹੀ ਅੱਪੜਦੇ ਹਨ, ਤਾਂ ਕਿ ਉਹਨਾਂ ਦਾ ਸਮਾਂ ਖ਼ਰਾਬ ਨਾ ਹੋ ਸਕੇ, ਇਹਨਾਂ ਸਭ ਦਿਨਾਂ ਦੇ ਦੌਰਾਨ ਸਭ ਮਿਲ ਕੇ ਇਕੱਠੇ ਸੇਵਾ ਕਰਦੇ ਸਨ ਅਤੇ ਅਖੰਡ ਪਾਠ ਸਾਹਿਬ ਦੇ ਕਰਨ ਵਾਲੇ ਪਾਠੀ ਸਿੰਘਾਂ ਨੂੰ ਪ੍ਰਸ਼ਾਦਾ ਇਕੱਠੇ ਛਕਾਇਆ ਜਾਂਦਾ ਸੀ। ਇਸ ਸਭ ਦੇ ਚੱਲਦਿਆਂ ਹੀ ਰਿਸ਼ਤਿਆਂ ਦੇ ਵਿੱਚ ਆਪਸੀ ਭਾਈਚਾਰਕ ਸਾਂਝ ਹਮੇਸ਼ਾ ਬਣੀ ਰਹਿੰਦੀ ਸੀ। ਉਸ ਦੌਰ 'ਚ ਹਰ ਇੱਕ ਵਿਅਕਤੀ ਪੂਰੀ ਇਮਾਨਦਾਰੀ, ਸਿਦਕਦਿਲੀ ਅਤੇ ਪੂਰੀ ਅਪਣੱਤ ਦੇ ਨਾਲ ਵਿਚਰਦਾ ਸੀ, ਅਤੇ ਅੱਜ ਦੇ ਦੌਰ ਵਿੱਚ ਇਹਨਾਂ ਸਭ ਗੱਲਾਂ ਅਤੇ ਰਿਸ਼ਤਿਆਂ ਦੀ ਸਾਂਝ ਪੂਰੀ ਤਰ੍ਹਾਂ ਸੁੰਘੜ ਚੁੱਕੀ ਹੈ। 

ਸਮਾਜਿਕ ਤਾਣੇ-ਬਾਣੇ ਵਿੱਚੋਂ ਕਿਸਾਨ ਅਤੇ ਆੜ੍ਹਤੀਏ ਦਾ ਰਿਸ਼ਤਾ ਨਾਦਾਰਦ
ਪਹਿਲਾਂ-ਪਹਿਲ ਕਿਸਾਨ ਅਤੇ ਆੜ੍ਹਤੀ ਵਿਚਾਲੇ ਜੋ ਰਿਸ਼ਤਾ ਸੀ, ਉਹ ਪੂਰੀ ਤਰ੍ਹਾਂ ਨਾਦਾਰਦ ਹੋ ਚੁੱਕਾ ਹੈ। ਪਹਿਲਾਂ ਕਿਸਾਨ ਵੱਲੋਂ ਆਪਣੇ ਘਰ ਦੇ ਵਿੱਚ ਕੋਈ ਵੀ ਖੁਸ਼ੀ ਵਾਲਾ ਵੱਡਾ ਸਮਾਗਮ ਕਰਵਾਉਣ ਦੇ ਲਈ ਆੜ੍ਹਤੀਏ ਕੋਲੋਂ ਪਰਚੀ ਰਾਹੀਂ ਹੀ ਵੱਡੀ ਰਕਮ ਉਧਾਰ ਲੈ ਲੈਂਦਾ ਸੀ ਅਤੇ ਆਪਣੀ ਫਸਲ ਨੂੰ ਵੇਚਣ ਤੋਂ ਬਾਅਦ 6 ਮਹੀਨੇ ਜਾਂ ਇੱਕ ਵਰ੍ਹੇ ਤੱਕ ਉਹ ਆੜ੍ਹਤੀਆਂ ਨੂੰ ਵਾਪਸ ਪੈਸੇ ਦਿੰਦਾ ਸੀ। ਅੱਜ ਦੇ ਦੌਰ ਵਿੱਚ ਕੋਈ ਵੀ ਇੱਕ-ਦੂਸਰੇ ਨੂੰ ਉਧਾਰ ਇੱਕ ਦਿਨ ਵਾਸਤੇ ਵੀ ਦੇਣ ਤੋਂ ਗੁਰੇਜ਼ ਕਰਦਾ ਹੈ ਅਤੇ ਤਰ੍ਹਾਂ-ਤਰ੍ਹਾਂ ਦੇ ਬਹਾਨੇ ਲਗਾ ਕੇ ਟਲਦਾ ਸਾਫ ਵੇਖਿਆ ਜਾ ਸਕਦਾ ਹੈ, ਜੋ ਕਿ ਦੋਵੇਂ ਰਿਸ਼ਤਿਆਂ ਦੇ ਵਿੱਚ ਆਪਸੀ ਵਿਸ਼ਵਾਸ ਦੀ ਘਾਟ ਦੇ ਕਾਰਨ ਹੀ ਹੋ ਰਿਹਾ ਹੈ। ਪਹਿਲਾਂ-ਪਹਿਲ ਕਿਸਾਨ ਅਤੇ ਆੜ੍ਹਤੀਏ ਨੂੰ ਸਿਰਫ ਜੁਬਾਨ ਅਤੇ ਆਪਸੀ ਭਾਈਚਾਰਕ ਸਾਂਝ ਦੀ ਕਦਰ ਹੁੰਦੀ ਸੀ। ਇਸ ਸਭ ਲੈਣ-ਦੇਣ ਦੇ ਚਲਦੇ ਆੜਤੀਏ ਅਤੇ ਕਿਸਾਨ ਦੇ ਪਰਿਵਾਰਿਕ ਸਬੰਧ ਵੀ ਬਣੇ ਰਹਿੰਦੇ ਸਨ ਅਤੇ ਉਹ ਇੱਕ ਦੂਸਰੇ ਦੇ ਨਾਲ ਹਰ ਦੁੱਖ-ਸੁੱਖ ਵਿੱਚ ਸ਼ਰੀਕ ਹੁੰਦੇ ਸਨ। 


ਪਿੰਡਾਂ ਵਿਚਲੀ ਸੱਥ ਗਾਇਬ, ਨੌਜਵਾਨ ਪੀੜ੍ਹੀ ਪਹੁੰਚੀ ਵਿਦੇਸ਼ ਅਤੇ ਬਜ਼ੁਰਗ ਪਹੁੰਚੇ ਬਿਰਧ-ਘਰਾਂ 'ਚ
ਇਸ ਵਿੱਚ ਵੀ ਕੋਈ ਦੋ-ਰਾਏ ਨਹੀਂ ਕਿ ਪੈਸਾ ਜ਼ਿੰਦਗੀ ਜਿਉਣ ਲਈ ਬਹੁਤ ਜਰੂਰੀ ਹੈ, ਪਰੰਤੂ ਅੱਜ ਮੁਕਾਬਲੇ ਦੇ ਅਤੀ ਘਿਨੌਣੇ ਯੁੱਗ 'ਚ ਅੱਗੇ ਵਧਣ ਦੀ ਦੌੜ ਦੇ ਚਲਦਿਆਂ ਦੂਸਰੇ ਦਾ ਕਿੰਨਾ ਨੁਕਸਾਨ ਹੋਵੇਗਾ ਜਾਂ ਉਸ ਦੇ ਜਜ਼ਬਾਤਾਂ ਦਾ ਧਿਆਨ ਰੱਖੇ ਜਾਣ ਦੀ ਲੋੜ ਤੱਕ ਮਹਿਸੂਸ ਨਹੀਂ ਕੀਤੀ ਜਾਂਦੀ। ਪਿੰਡਾਂ ਵਿੱਚ ਬਰੋਟੇ ਦੇ ਇਰਦ-ਗਿਰਦ ਬੈਠ ਕੇ ਸੱਥ ਦੇ ਰੂਪ ਵਿੱਚ ਬਜ਼ੁਰਗ ਆਪਣੇ ਦੁੱਖ-ਸੁੱਖ ਫਰੋਲਦੇ ਸਨ ਅਤੇ ਆਪਣਾ ਕੰਮ ਕਰਨ ਦੇ ਵਿੱਚ ਕੋਈ ਸੰਗ-ਸ਼ਰਮ ਮਹਿਸੂਸ ਨਹੀਂ ਕਰਦੇ ਸਨ। ਪ੍ਰੰਤੂ ਵਿਦੇਸ਼ ਜਾਣ ਦੀ ਦੌੜ ਵਿੱਚ ਅੱਜ ਜ਼ਿਆਦਾਤਰ ਨੌਜਵਾਨ ਪੀੜੀ ਉਚੇਰੀ ਸਿੱਖਿਆ ਹਾਸਿਲ ਕਰਨ ਦੇ ਲਈ ਅਤੇ ਸੈਟਲ ਹੋਣ ਲਈ ਵਿਦੇਸ਼ ਵਿੱਚ ਪਹੁੰਚ ਚੁੱਕੀ ਹੈ, ਜਦ ਕਿ ਪਿੱਛੇ ਰਹਿ ਗਏ ਹੋਰਨਾਂ ਸੀਨੀਅਰ ਸਿਟੀਜਨ ਮੈਂਬਰਾਂ ਨੂੰ ਜ਼ਰੂਰਤ ਦੇ ਹਿਸਾਬ ਨਾਲ ਜਾਂ ਤਾਂ ਭਾਰਤ ਵਿਚਲੇ ਘਰ ਦੀ ਜਾਂ ਫਿਰ ਵਿਦੇਸ਼ ਵਿਚਲੇ ਘਰ ਦੀ ਨਿਗਰਾਨੀ ਲਈ ਰੱਖਿਆ ਜਾਂਦਾ ਹੈ, ਜਦਕਿ ਬਜ਼ੁਰਗਾਂ ਦੀ ਸਲਾਹ ਮੰਨਣ ਦੀ ਥਾਂ ਇੰਟਰਨੈੱਟ ਦੇ ਜ਼ਰੀਏ ਹੀ ਅਪਡੇਟ ਕਰ ਲਿਆ ਜਾਂਦਾ ਹੈ। ਨੌਜਵਾਨ ਪੀੜ੍ਹੀ ਵੱਲੋਂ ਆਪਣੀ ਇਸ ਅਪਡੇਸ਼ਨ ਦਾ ਨਾਲ ਬੈਠੇ ਬਜ਼ੁਰਗ ਨੂੰ ਬੋਲ ਕੇ ਵੀ ਦੱਸਣਾ ਜ਼ਰੂਰੀ ਨਹੀਂ ਸਮਝਿਆ ਜਾਂਦਾ। ਨੌਜਵਾਨ ਪੀੜੀ ਘਰ ਬੈਠੇ ਬਜ਼ੁਰਗ ਦੇ ਨਾਲ ਗੱਲ ਕਰਨ ਦੀ ਥਾਂ ਸੋਸ਼ਲ ਮੀਡੀਆ 'ਤੇ ਰਹਿਣਾ ਹੀ ਪਸੰਦ ਕਰਦਾ ਹੈ।

ਭਾਵੇਂ ਕੁਝ ਵੀ ਹੋਵੇ ਪ੍ਰੰਤੂ ਸਮਾਜਿਕ ਰਿਸ਼ਤਿਆਂ ਦੇ ਵਿੱਚ ਆ ਚੁੱਕੀ ਖਟਾਸ ਨੂੰ ਘਟਾਏ ਜਾਣਾ ਅਤੀ ਲੋੜੀਂਦਾ ਹੈ, ਜਿਸ ਦੇ ਲਈ ਆਮ ਲੋਕਾਂ ਨੂੰ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਸਮੇਂ ਦੀਆਂ ਸਰਕਾਰਾਂ ਦੇ ਨਾਲ ਮਿਲ ਕੇ ਸਾਂਝੇ ਤੌਰ ਤੇ ਪ੍ਰੋਗਰਾਮ ਵਿੱਢਣ ਦੀ ਲੋੜ ਹੈ ਤਾਂ ਕਿ ਆਪਸੀ ਭਾਈਚਾਰਕ ਸਾਂਝ ਫਿਰ ਹਰ ਇੱਕ ਪੰਜਾਬੀ ਦੀਆਂ ਬਰੂਹਾਂ 'ਤੇ ਅੱਪੜ ਸਕੇ।
 

Anuradha

This news is Content Editor Anuradha