ਫਾਜ਼ਿਲਕਾ-ਫਿਰੋਜ਼ਪੁਰ ਮਾਰਗ 'ਤੇ ਵਾਪਰਿਆ ਹਾਦਸਾ, 1 ਦੀ ਮੌਤ 3 ਜ਼ਖਮੀ

07/30/2018 9:10:04 PM

ਜਲਾਲਾਬਾਦ (ਨਿਖੰਜ)— ਫਾਜ਼ਿਲਕਾ-ਫਿਰੋਜ਼ਪੁਰ ਮਾਰਗ 'ਤੇ ਬਣੇ ਟੋਲ ਟੈਕਸ ਦੇ ਕੋਲ ਕਾਰ, ਮੋਟਰਸਾਈਕਲ ਅਤੇ ਐਕਟੀਵਾ ਦੀ ਟੱਕਰ 'ਚ 1 ਦੀ ਮੌਤ ਅਤੇ 3 ਵਿਅਕਤੀਆਂ ਦੇ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮੌਜੂਦਾ ਜਾਣਕਾਰੀ ਅਨੁਸਾਰ ਇਕ ਕਾਰ ਫਿਰੋਜ਼ਪੁਰ ਤੋਂ ਫਾਜ਼ਿਲਕਾ ਨੂੰ ਆ ਰਹੀ ਸੀ ਤਾਂ ਜਦੋਂ ਉਹ ਪਿੰਡ ਰਹਿਮੇਸ਼ਾਹ ਦੇ ਮੋੜ ਕੋਲ ਪੁੱਜੀ ਤਾਂ ਅਚਾਨਕ ਉਸ ਦਾ ਸੰਤੁਲਨ ਵਿਗੜ ਗਿਆ ਜਿਸ ਕਾਰਨ ਕਾਰ ਸੜਕ ਦੇ ਕਿਨਾਰੇ ਖੜ੍ਹੀ ਐਕਟੀਵਾ ਸਕੂਟਰੀ ਨਾਲ ਜਾ ਟਕਰਾਈ ਅਤੇ ਉਸ ਤੋਂ ਅੱਗੇ ਜਾ ਰਹੇ ਇਕ ਮੋਟਰਸਾਈਕਲ ਨੂੰ ਆਪਣੀ ਲਪੇਟ 'ਚ ਲੈ ਲਿਆ। ਟੱਕਰ ਹੋਣ ਤੋਂ ਬਾਅਦ ਕਾਰ ਕਾਫੀ ਦੂਰ ਜਾ ਕੇ ਪਲਟ ਗਈ।

ਇਸ ਸਬੰਧੀ ਥਾਣਾ ਅਮੀਰ ਖਾਸ ਦੇ ਐਸ.ਐਚ.ਓ. ਇਕਬਾਲ ਖਾਨ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ  ਮੋਟਰਸਾਈਕਲ ਸਵਾਰ ਵਿਅਕਤੀ ਮਹਿੰਦਰ ਸਿੰਘ ਵਾਸੀ ਸ਼ਮਸਦੀਨ ਚਿਸਤੀ ਦੀ ਮੌਕੇ 'ਤੇ ਮੌਤ ਹੋ ਗਈ ਅਤੇ 1 ਨਾਬਾਲਿਗ ਲੜਕੀ ਸਮੇਤ 3 ਲੋਕ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਐਂਬੂਲੈਸ ਦੀ ਸਹਾਇਤਾ ਨਾਲ ਲੱਗਦੇ ਹਸਪਤਾਲ ਵਿਖੇ ਲਿਜਾਇਆ ਗਿਆ। ਖਬਰ ਲਿਖੇ ਜਾਣ ਤੱਕ ਜ਼ਖਮੀ ਵਿਅਕਤੀਆਂ ਦੀ ਪਛਾਣ ਨਹੀ ਹੋ ਸਕੀ।