ਇੱਕੋ ਰਾਤ ''ਚ 2 ਦੁਕਾਨਾਂ ਸੜ ਕੇ ਸੁਆਹ, ਲੱਖਾਂ ਦਾ ਨੁਕਸਾਨ

11/20/2017 11:47:03 PM

ਤਲਵਾੜਾ, (ਜ.ਬ.)- ਬੈਰੀਅਰ (ਚੈੱਕ ਪੋਸਟ ਨੰ. 2) 'ਤੇ ਅੱਜ 2 ਦੁਕਾਨਾਂ ਸੜਨ ਦਾ ਸਮਾਚਾਰ ਮਿਲਿਆ ਹੈ। ਦੁਕਾਨ ਦੇ ਮਾਲਕ ਕਲਿਆਣ ਚੰਦ ਅਤੇ ਅਸ਼ਵਨੀ ਕੁਮਾਰ ਵਾਸੀ ਸ਼੍ਰੀ ਪੰਡਾਇਣ ਨੇ ਦੱਸਿਆ ਕਿ ਰਾਤ 12 ਵਜੇ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦੀਆਂ ਦੁਕਾਨਾਂ ਸੜ ਰਹੀਆਂ ਹਨ। ਦੋਵੇਂ ਜਦੋਂ ਮੌਕੇ 'ਤੇ ਪਹੁੰਚੇ ਤਾਂ ਦੁਕਾਨਾਂ ਵਿਚ ਭਿਆਨਕ ਅੱਗ ਲੱਗੀ ਹੋਈ ਸੀ। ਉਨ੍ਹਾਂ ਉਸੇ ਸਮੇਂ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਪਰ ਅੱਗ ਬੁੱਝਣ ਤੱਕ ਸਭ ਕੁਝ ਸੜ ਕੇ ਸੁਆਹ ਹੋ ਚੁੱਕਿਆ ਸੀ। ਕਲਿਆਣ ਚੰਦ ਦੀ ਪੂਰੀ ਦੁਕਾਨ ਸਬਜ਼ੀ ਨਾਲ ਭਰੀ ਪਈ ਸੀ ਅਤੇ ਕੱਲ ਹੀ ਸੇਬਾਂ ਦੀ ਗੱਡੀ ਉਤਾਰੀ ਸੀ। 
ਇਸ ਤੋਂ ਇਲਾਵਾ ਨਕਦੀ, ਕਾਗਜ਼ ਪੱਤਰ, ਆਧਾਰ ਕਾਰਡ, ਪੈਨ ਕਾਰਡ ਆਦਿ ਵੀ ਗੱਲੇ 'ਚ ਸਨ, ਜੋ ਸਭ ਅੱਗ ਦੀ ਭੇਟ ਚੜ੍ਹ ਗਏ। ਉਨ੍ਹਾਂ ਦੱਸਿਆ ਕਿ ਕਰੀਬ ਡੇਢ ਲੱਖ ਰੁਪਏ ਦਾ ਸਾਮਾਨ ਅਤੇ ਜੋ ਨਕਦੀ ਸੀ, ਸਭ ਅੱਗ ਦੀ ਭੇਟ ਚੜ੍ਹ ਗਏ। 


ਇਸੇ ਤਰ੍ਹਾਂ ਅਸ਼ਵਨੀ ਕੁਮਾਰ, ਜੋ ਕਲਿਆਣ ਚੰਦ ਦਾ ਛੋਟਾ ਭਰਾ ਸੀ, ਨਾਲ ਹੀ ਫਰਨੀਚਰ ਦਾ ਕੰਮ ਕਰਦਾ ਸੀ। ਉਸ ਦੀ ਸਾਰੀ ਮਹਿੰਗੀ ਲੱਕੜੀ, ਔਜ਼ਾਰ, ਬੈਂਚ ਆਦਿ ਅੱਗ ਦੀ ਭੇਟ ਚੜ੍ਹ ਗਏ। 
ਇੰਝ ਲੱਗ ਰਿਹਾ ਸੀ ਕਿ ਜਿਵੇਂ ਚੋਰਾਂ ਨੇ ਪੈਟਰੋਲ ਛਿੜਕ ਕੇ ਕਿਸੇ ਰੰਜਿਸ਼ 'ਚ ਅੱਗ ਲਾਈ ਹੋਵੇ। ਦੋਵਾਂ ਭਰਾਵਾਂ ਨੇ ਇਸ ਸਬੰਧੀ ਥਾਣਾ ਹਾਜੀਪੁਰ ਨੂੰ ਸੂਚਿਤ ਕਰ ਦਿੱਤਾ ਹੈ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਘਟਨਾ ਦੀ ਜਾਂਚ ਉਪਰੰਤ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।