ਸਹੁਰਾ ਪਰਿਵਾਰ ਨੇ ਨੂੰਹ ਨੂੰ ਦਿੱਤੀ ਦਰਦਨਾਕ ਮੌਤ

04/06/2018 2:34:34 PM

ਬਟਾਲਾ, ਅਲੀਵਾਲ (ਸੈਂਡੀ/ਸ਼ਰਮਾ) : ਬੀਤੀ ਰਾਤ ਨਜ਼ਦੀਕੀ ਪਿੰਡ ਡੁੱਲਟ ਵਿਖੇ ਇਕ ਵਿਆਹੁਤਾ ਨੂੰ ਉਸ ਦੇ ਸਹੁਰਿਆਂ ਪਰਿਵਾਰ ਵਲੋਂ ਕਰੰਟ ਲੱਗਾ ਕੇ ਮਾਰ ਦੇਣ ਦਾ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆ ਮ੍ਰਿਤਕ ਲੜਕੀ ਦੇ ਪਿਤਾ ਜਸਬੀਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਬਾਂਗੋਵਾਣੀ ਨੇ ਕਥਿਤ ਤੌਰ 'ਤੇ ਦੱਸਿਆ ਕਿ ਮੇਰੀ ਲੜਕੀ ਰਾਜਵਿੰਦਰ ਕੌਰ ਦਾ ਵਿਆਹ ਪਿੰਡ ਡੁੱਲਟ ਦੇ ਕੈਪਟਨ ਪੁੱਤਰ ਕਪੂਰ ਸਿੰਘ ਨਾਲ ਹੋਈ ਸੀ ਤੇ ਉਸ ਦੇ ਦੋ ਬੱਚੇ ਹਨ। ਉਨ੍ਹਾਂ ਦੱਸਿਆ ਕਿ ਸਾਡੀ ਲੜਕੀ ਨੂੰ ਉਸ ਦੇ ਸਹੁਰੇ ਪਰਿਵਾਰ ਵਾਲੇ ਪਿਛਲੇ ਲੰਮੇ ਸਮੇਂ ਤੋਂ ਤੰਗ-ਪ੍ਰੇਸ਼ਾਨ ਤੇ ਮਾਰਕੁੱਟਾਈ ਕਰਦੇ ਸਨ ਅਤੇ ਕਈ ਵਾਰ ਦੋ ਪਿੰਡਾਂ ਦੀ ਪੰਚਾਇਤਾ ਵਿਚ ਬੈਠ ਕੇ ਇਸ ਗੱਲ ਦਾ ਸਮਝੌਤਾ ਵੀ ਹੋਇਆ ਪਰ ਮੇਰੀ ਲੜਕੀ ਦੇ ਸਹੁਰੇ ਪਰਿਵਾਰ ਵਾਲੇ ਆਪਣੀਆਂ ਹਰਕਤਾਂ ਤੋਂ ਬਾਝ ਨਾ ਆਏੇ। ਵੀਰਵਾਰ ਸ਼ਾਮ ਸਾਨੂੰ ਫੋਨ ਆਇਆ ਕਿ ਸਾਡੀ ਲੜਕੀ ਦੀ ਸਿਹਤ ਖਰਾਬ ਹੈ। ਅਸੀਂ ਤੁਰੰਤ ਲੜਕੇ ਦੇ ਸਹੁਰੇ ਘਰ ਪਹੁੰਚੇ ਤਾਂ ਉਥੇ ਦੇਖਿਆ ਕਿ ਸਾਡੀ ਲੜਕੀ ਦੀ ਮੌਤ ਹੋ ਚੁੱਕੀ ਸੀ ਅਤੇ ਉਸ ਦਾ ਸਾਰਾ ਸਰੀਰ ਸੜਿਆ ਹੋਇਆ ਸੀ। ਉਕਤ ਪਿਤਾ ਰੋਂਦੇ ਹੋਏ ਕਥਿਤ ਤੌਰ 'ਤੇ ਦੱਸਿਆ ਕਿ ਮੇਰੀ ਲੜਕੀ ਨੂੰ ਉਸ ਦੇ ਸਹੁਰਿਆਂ ਨੇ ਕਰੰਟ ਲੱਗਾ ਕੇ ਸਾੜ ਕੇ ਮਾਰ ਦਿੱਤਾ ਹੈ। 
ਇਸ ਸੰਬੰਧੀ ਜਦ ਥਾਣਾ ਅਲੀਵਾਲ ਦੇ ਐੱਸ. ਐੱਚ. ਓ ਮੁਖਤਾਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਤੇ ਲੜਕੀ ਦੇ ਪਿਤਾ ਦੇ ਬਿਆਨਾਂ ਤੇ ਪਤੀ ਕੈਪਟਨ, ਸੱਸ ਵੀਰੋ, ਸਹੁਰਾ ਕਪੂਰ ਸਿੰਘ, ਜੇਠ ਮੇਜਰ ਸਿੰਘ ਅਤੇ ਜਠਾਣੀ ਪਰਮਜੀਤ ਕੌਰ ਦੇ ਖਿਲਾਫ ਧਾਰਾ 302 ਤਹਿਤ ਕੇਸ ਦਰਜ ਕਰ ਦਿੱਤਾ ਹੈ ਅਤੇ ਦੋਸ਼ੀਆਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।