ਕੈਂਟ ਇਲਾਕੇ ''ਚ ਸਾਬਕਾ ਫੌਜੀ ਦਾ ਬੇਰਹਿਮੀ ਨਾਲ ਕਤਲ

08/21/2019 1:21:00 AM

ਜਲੰਧਰ (ਮਹੇਸ਼)-ਆਰਮੀ ਏਰੀਆ ਜਲੰਧਰ ਕੈਂਟ 'ਚ ਲੋਕਾਂ ਨੂੰ ਵਿਆਜ 'ਤੇ ਪੈਸੇ ਦੇਣ ਵਾਲੇ ਕੈਂਟ ਬੋਰਡ ਸੀਨੀਅਰ ਸੈਕੰਡਰੀ ਸਕੂਲ ਦੇ ਰਿਟਾਇਰ ਟੀਚਰ ਦੀ ਮੰਗਲਵਾਰ ਰਾਤ ਨੂੰ ਹੱਤਿਆ ਕਰ ਦਿੱਤੀ ਗਈ। ਹਤਿਆਰਿਆਂ ਨੇ ਉਸ ਦੇ ਪੂਰੇ ਸਰੀਰ 'ਤੇ ਚਾਕੂ ਨਾਲ 10 ਤੋਂ 12 ਵਾਰ ਕੀਤੇ। ਮਿਲਟਰੀ ਹਸਪਤਾਲ ਜਲੰਧਰ ਕੈਂਟ ਦੀ ਬੈਕਸਾਈਡ 'ਤੇ ਸਥਿਤ ਐਡਸਨ ਲਾਈਨ ਤੋਂ ਸੋਫੀ ਪਿੰਡ ਨੂੰ ਜਾਂਦੇ ਕੱਚੇ ਰਸਤੇ 'ਤੇ ਖੂਨ ਨਾਲ ਲਥਪਥ ਹਾਲਤ ਵਿਚ ਪਏ ਹੋਏ ਪੰਚਸ਼ੀਲ ਐਵੇਨਿਊ ਦੀਪ ਨਗਰ ਦੇ ਰਹਿਣ ਵਾਲੇ ਰਿਟਾਇਰਡ ਟੀਚਰ ਤਰਸੇਮ ਲਾਲ ਅਗਰਵਾਲ ਪੁੱਤਰ ਚੰਨਣ ਰਾਮ ਅਗਰਵਾਲ ਨੂੰ ਮਿਲਟਰੀ ਹਸਪਤਾਲ ਲਿਆਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਉਸ ਦੀ ਉਮਰ 75 ਤੋਂ 80 ਸਾਲ ਦੱਸੀ ਜਾ ਰਹੀ ਹੈ ਪਰ ਇਸਦੇ ਬਾਵਜੂਦ ਵੀ ਉਹ ਪੂਰਾ ਐਕਟਿਵ ਸੀ।

ਜਾਣਕਾਰੀ ਅਨੁਸਾਰ ਮ੍ਰਿਤਕ ਤਰਸੇਮ ਲਾਲ ਅਗਰਵਾਲ ਲੋਕਾਂ ਨੂੰ ਵਿਆਜ 'ਤੇ ਪੈਸੇ ਦਿੰਦਾ ਸੀ ਅਤੇ ਇਸੇ ਸਿਲਸਿਲੇ ਵਿਚ ਉਹ ਦੇਰ ਸ਼ਾਮ ਨੂੰ ਆਪਣੀ ਐਕਟਿਵਾ 'ਤੇ ਘਰੋਂ ਨਿਕਲਿਆ ਸੀ। ਹੱਤਿਆ ਦੀ ਸੂਚਨਾ ਮਿਲਦੇ ਹੀ ਏ. ਡੀ. ਸੀ. ਪੀ. ਸਿਟੀ-1 ਪਰਮਿੰਦਰ ਸਿੰਘ ਭੰਡਾਲ ਅਤੇ ਏ. ਸੀ. ਪੀ. ਜਲੰਧਰ ਕੈਂਟ ਰਵਿੰਦਰ ਸਿੰਘ ਅਤੇ ਥਾਣਾ ਕੈਂਟ ਦੇ ਐੱਸ. ਐੱਚ. ਓ. ਕੁਲਵੀਰ ਸਿੰਘ ਸੰਧੂ ਮੌਕੇ 'ਤੇ ਪਹੁੰਚੇ ਅਤੇ ਮ੍ਰਿਤਕ ਤਰਸੇਮ ਲਾਲ ਅਗਰਵਾਲ ਦੀ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕੀਤੀ। ਪੁਲਸ ਅਧਿਕਾਰੀ ਪਹਿਲਾਂ ਹਸਪਤਾਲ ਅਤੇ ਫਿਰ ਘਟਨਾ ਸਥਾਨ 'ਤੇ ਕਾਫੀ ਦੇਰ ਤੱਕ ਜਾਂਚ ਕਰਦੇ ਰਹੇ ਪਰ ਦੇਰ ਰਾਤ ਤੱਕ ਹਤਿਆਰਿਆਂ ਦਾ ਕੋਈ ਵੀ ਸੁਰਾਗ ਪੁਲਸ ਦੇ ਹੱਥ ਨਹੀਂ ਲੱਗਾ ਸੀ।

ਥਾਣਾ ਕੈਂਟ ਵਿਚ ਹੱਤਿਆ ਦਾ ਕੇਸ ਦਰਜ
ਰਿਟਾਇਰਡ ਟੀਚਰ ਤਰਸੇਮ ਲਾਲ ਅਗਰਵਾਲ ਦੀ ਹੱਤਿਆ ਸਬੰਧੀ ਥਾਣਾ ਕੈਂਟ ਵਿਚ ਪੁਲਸ ਨੇ ਕੇਸ ਦਰਜ ਕਰ ਲਿਆ ਹੈ, ਜਿਸ ਦੀ ਪੁਸ਼ਟੀ ਏ. ਸੀ. ਪੀ. ਰਵਿੰਦਰ ਸਿੰਘ ਨੇ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪੁਲਸ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕ ਤਰਸੇਮ ਅਗਰਵਾਲ ਦੇ ਮੋਬਾਇਲ ਫੋਨ ਦੀ ਕਾਲ ਡਿਟੇਲ ਵੀ ਕਢਵਾਈ ਜਾ ਰਹੀ ਹੈ ਅਤੇ ਹੱਤਿਆਰਿਆਂ ਤਕ ਪਹੁੰਚਣ ਲਈ ਕੈਂਟ ਖੇਤਰ ਵਿਚ ਪੁਲਸ ਦੀ ਨਾਕਾਬੰਦੀ ਵੀ ਵਧਾ ਦਿੱਤੀ ਸੀ।

ਪਤਨੀ ਦੀ ਹੋ ਚੁੱਕੀ ਹੈ ਮੌਤ, ਲੜਕਾ-ਲੜਕੀ ਅਮਰੀਕਾ 'ਚ
ਕਤਲ ਕੀਤੇ ਗਏ ਤਰਸੇਮ ਲਾਲ ਅਗਰਵਾਲ ਦੀ ਪਤਨੀ ਦੀ ਮੌਤ ਹੋ ਚੁੱਕੀ ਹੈ ਅਤੇ ਲੜਕਾ-ਲੜਕੀ ਅਮਰੀਕਾ ਵਿਚ ਰਹਿੰਦੇ ਹਨ। ਉਨ੍ਹਾਂ ਨੂੰ ਉਨ੍ਹਾਂ ਦੇ ਪਿਤਾ ਦੀ ਮੌਤ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ। ਤਰਸੇਮ ਲਾਲ ਪੰਚਸ਼ੀਲ ਐਵੇਨਿਊ ਵਿਚ ਇਕੱਲਾ ਹੀ ਰਹਿੰਦਾ ਸੀ। ਘਰ ਵਿਚ ਕਿਰਾਏਦਾਰ ਰੱਖੇ ਹੋਏ ਹਨ। ਪੁਲਸ ਉਨ੍ਹਾਂ ਤੋਂ ਵੀ ਪੁੱਛਗਿੱੱਛ ਕਰ ਰਹੀ ਹੈ। ਉਹ ਵੀ ਘਰ ਦੇ ਮਾਲਕ ਦੀ ਹੱਤਿਆ ਕਾਰਣ ਕਾਫੀ ਹੈਰਾਨ ਦਿਸ ਰਹੇ ਹਨ।

ਹੱਤਿਆਰਿਆਂ ਨੂੰ ਆਰਮੀ ਅਤੇ ਪੰਜਾਬ ਪੁਲਸ ਦਾ ਨਹੀਂ ਸੀ ਖੌਫ
ਕੈਂਟ ਆਰਮੀ ਵਿਚ ਬੇਰਹਿਮੀ ਨਾਲ ਤਰਸੇਮ ਲਾਲ ਅਗਰਵਾਲ ਦੀ ਹੱਤਿਆ ਕੀਤੇ ਜਾਣ ਤੋਂ ਸਾਫ ਹੁੰਦਾ ਹੈ ਕਿ ਹਤਿਆਰਿਆਂ ਨੂੰ ਇਸ ਗੱਲ ਦਾ ਕੋਈ ਡਰ ਨਹੀਂ ਸੀ ਕਿ ਜਿਸ ਜਗ੍ਹਾ ਉਹ ਵਾਰਦਾਤ ਨੂੰ ਅੰਜਾਮ ਦੇ ਰਹੇ ਹਨ, ਉਥੇ ਹਰ ਸਮੇਂ ਆਰਮੀ ਨਾਕਾ ਰਹਿੰਦਾ ਹੈ, ਪੰਜਾਬ ਪੁਲਸ ਦਾ ਥਾਣਾ ਅਤੇ ਏ. ਸੀ. ਪੀ. ਦਾ ਦਫਤਰ ਵੀ ਨਜ਼ਦੀਕ ਹੀ ਪੈਂਦਾ ਹੈ। ਉਨ੍ਹਾਂ ਨੇ ਬੇਖੌਫ ਹੋ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਚਾਕੂ ਨਾਲ ਕੀਤੇ ਗਏ ਕਈ ਵਾਰ ਦੱਸ ਰਹੇ ਹਨ ਕਿ ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰਣ ਲਈ ਹਤਿਆਰਿਆਂ ਨੂੰ ਕਾਫੀ ਸਮਾਂ ਲੱਗਾ ਹੋਵੇਗਾ।

ਕੌਣ ਹੋ ਸਕਦੇ ਹਨ ਹਤਿਆਰੇ
ਇਸ ਗੱਲ ਦੀ ਚਰਚਾ ਪੂਰੀ ਰਾਤ ਕੈਂਟ ਵਿਚ ਹੁੰਦੀ ਰਹੀ ਕਿ ਆਖਿਰਕਾਰ ਤਰਸੇਮ ਲਾਲ ਦੇ ਹੱਤਿਆਰੇ ਕੌਣ ਹੋ ਸਕਦੇ ਹਨ। ਪੁਲਸ ਨੂੰ ਸ਼ੱਕ ਹੈ ਕਿ ਉਨ੍ਹਾਂ ਨੂੰ ਮਾਰਨ ਵਾਲੇ ਲੋਕਾਂ ਨੇ ਤਰਸੇਮ ਲਾਲ ਤੋਂ ਵਿਆਜ 'ਤੇ ਪੈਸੇ ਵੀ ਲਏ ਹੋ ਸਕਦੇ ਹਨ, ਜੋ ਕਿ ਉਹ ਨਾ ਵਾਪਸ ਕਰ ਸਕਦੇ ਹੋਣ, ਜਿਸ ਕਾਰਣ ਉਨ੍ਹਾਂ ਨੇ ਉਸ ਦੀ ਜਾਨ ਲੈ ਲਈ। ਇਸ ਤੋਂ ਇਲਾਵਾ ਇਹ ਮਾਮਲਾ ਲੁੱਟ ਨਾਲ ਵੀ ਜੁੜਿਆ ਹੋ ਸਕਦਾ ਹੈ ਕਿਉਂਕਿ ਉਹ ਘਰੋਂ ਵਿਆਜ 'ਤੇ ਦਿੱਤੇ ਪੈਸਿਆਂ ਦੇ ਲੈਣ-ਦੇਣ ਸਬੰਧੀ ਹੀ ਨਿਕਲੇ ਸੀ। ਏ. ਸੀ. ਪੀ. ਰਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਤਰਸੇਮ ਲਾਲ ਦੀ ਲਾਸ਼ ਨੂੰ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ ਅਤੇ ਬੁੱਧਵਾਰ ਸਵੇਰੇ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਜਾਵੇਗੀ, ਜਦਕਿ ਅੰਤਿਮ ਸੰਸਕਾਰ ਲੜਕਾ-ਲੜਕੀ ਦੇ ਅਮਰੀਕਾ ਤੋਂ ਆਉਣ ਦੇ ਬਾਅਦ ਹੋਵੇਗਾ।

Karan Kumar

This news is Content Editor Karan Kumar