ਪੁਰਾਣੀ ਰੰਜਿਸ਼ ਦੇ ਚੱਲਦੇ ਆਟੋ ਚਾਲਕ ਦੀ ਈਟਾਂ ਮਾਰ ਕੇ ਕੀਤੀ ਹੱਤਿਆ

02/24/2018 3:15:38 AM

ਜਲੰਧਰ (ਮ੍ਰਿਦੁਲ ਸ਼ਰਮਾ) -ਬਸਤੀ ਮਿੱਠੂ ਦੇ ਗੁਰੂ ਅਰਜਨ ਨਗਰ 'ਚ ਪੁਰਾਣੀ ਰੰਜਿਸ਼ ਕਾਰਨ ਨਸ਼ੇ ਵਿਚ ਧੁੱਤ 4 ਨੌਜਵਾਨਾਂ ਨੇ ਇਕ 55 ਸਾਲਾ ਵਿਅਕਤੀ ਦੀ ਸਿਰ 'ਚ ਇੱਟ ਮਾਰ ਕੇ ਹੱਤਿਆ ਕਰ ਦਿੱਤੀ।  ਬਸਤੀ ਬਾਵਾ ਖੇਲ ਪੁਲਸ ਨੇ ਇਸ ਸਬੰਧੀ 4 ਨੌਜਵਾਨਾਂ 'ਤੇ ਹੱਤਿਆ ਦਾ ਕੇਸ ਦਰਜ ਕਰ ਲਿਆ ਹੈ। ਜਾਣਕਾਰੀ ਅਨੁਸਾਰ ਗੁਰੂ ਅਰਜਨ ਨਗਰ ਵਿਚ ਦੁਕਾਨ ਕਰਨ ਵਾਲੇ ਅਮਨ ਨੇ ਦੱਸਿਆ ਕਿ ਉਸ ਦਾ ਪਿਤਾ ਬਠਿੰਡਾ ਸਿੰਘ (55) ਆਟੋ ਚਲਾਉਂਦਾ ਸੀ। ਉਸ ਨੇ ਦੋਸ਼ ਲਾਇਆ ਕਿ ਸਾਹਮਣੇ ਰਹਿਣ ਵਾਲੀ ਸੁਰਿੰਦਰ ਕੌਰ ਨਾਲ ਇਕ ਹਫਤਾ ਪਹਿਲਾਂ ਆਟੋ ਖੜ੍ਹਾ ਕਰਨ ਨੂੰ ਲੈ ਕੇ ਸਾਡਾ ਝਗੜਾ ਹੋਇਆ ਸੀ। ਉਦੋਂ ਤੋਂ ਸੁਰਿੰਦਰ ਕੌਰ ਸਾਡੇ ਨਾਲ ਰੰਜਿਸ਼ ਰੱਖਦੀ ਸੀ। ਸ਼ੁੱਕਰਵਾਰ ਨੂੰ ਵੀ ਸੁਰਿੰਦਰ ਕੌਰ ਨੇ ਮੇਰੇ ਅਤੇ ਮੇਰੇ ਛੋਟੇ ਭਰਾ ਸ਼ੰਟੀ ਨਾਲ ਗਾਲੀ-ਗਲੋਚ ਕੀਤੀ। ਇਸ ਤੋਂ ਬਾਅਦ ਇਲਾਕੇ ਦੇ ਲੋਕਾਂ ਨੇ ਰਾਜ਼ੀਨਾਮਾ ਕਰਵਾ ਦਿੱਤਾ। ਉਸ ਨੇ ਦੋਸ਼ ਲਾਇਆ ਕਿ ਸੁਰਿੰਦਰ ਕੌਰ ਨੇ ਰਾਤ ਨੂੰ ਇਲਾਕੇ ਦੇ ਹੀ ਸੰਨੀ, ਲੱਕੀ, ਰਾਜੂ ਸਮੇਤ 4 ਨੌਜਵਾਨਾਂ ਨੂੰ ਉਨ੍ਹਾਂ ਦੇ ਘਰ ਝਗੜੇ ਲਈ ਭੇਜ ਦਿੱਤਾ। ਵਿਰੋਧ ਕਰਨ 'ਤੇ ਉਨ੍ਹਾਂ ਨੌਜਵਾਨਾਂ ਨੇ ਮੈਨੂੰ ਅਤੇ ਮੇਰੇ ਭਰਾ ਸ਼ੰਟੀ ਨੂੰ ਕੁੱਟਿਆ। ਰੌਲਾ ਸੁਣ ਕੇ ਬਚਾਅ ਕਰਨ ਆਏ ਸਾਡੇ ਪਿਤਾ ਨੂੰ ਵੀ ਨੌਜਵਾਨਾਂ ਨੇ ਕੁੱਟਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਉੁਨ੍ਹਾਂ ਨੇ ਇੱਟ ਨਾਲ ਮੇਰੇ ਪਿਤਾ 'ਤੇ ਵੀ ਕਈ ਵਾਰ ਕੀਤੇ। ਲੋਕਾਂ ਨੂੰ ਇਕੱਠੇ ਹੁੰਦੇ ਦੇਖ ਕੇ ਹਮਲਾਵਰ ਭੱਜ ਗਏ। ਉਸ ਨੇ ਦੱਸਿਆ ਕਿ ਜਦੋਂ ਉਹ ਆਪਣੇ ਪਿਤਾ ਨੂੰ ਸਿਵਲ ਹਸਪਤਾਲ ਲੈ ਕੇ ਗਏ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ।



ਹੱਤਿਆ ਦੀ ਜਾਣਕਾਰੀ ਮਿਲਦੇ ਸਾਰ ਹੀ ਏ. ਸੀ. ਪੀ. ਵੈਸਟ ਬਲਵਿੰਦਰ ਸਿੰਘ ਅਤੇ ਬਸਤੀ ਬਾਵਾ ਖੇਲ ਦੀ ਪੁਲਸ ਸਿਵਲ ਹਸਪਤਾਲ ਪਹੁੰਚੀ ਤੇ ਅਮਨ ਦੇ ਬਿਆਨਾਂ 'ਤੇ ਸੰਨੀ, ਲੱਕੀ, ਰਾਜੂ ਅਤੇ ਇਕ ਹੋਰ ਨੌਜਵਾਨ 'ਤੇ ਹੱਤਿਆ ਦਾ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਏ. ਸੀ. ਪੀ. ਬਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਅਮਨ ਮੁਤਾਬਕ ਚਾਰੇ ਦੋਸ਼ੀ ਸੁਰਿੰਦਰ ਕੌਰ ਨੂੰ ਭੂਆ ਕਹਿੰਦੇ ਸਨ, ਜਿਸ ਕਾਰਨ ਸੁਰਿੰਦਰ ਕੌਰ ਨੂੰ ਪੁੱਛਗਿੱਛ ਲਈ ਥਾਣੇ ਬੁਲਾਇਆ ਗਿਆ ਹੈ। ਮੁਲਜ਼ਮਾਂ ਵਿਚੋਂ ਸੰਨੀ ਪ੍ਰਾਈਵੇਟ ਕੰਮ ਕਰਦਾ ਹੈ। ਲੱਕੀ ਸੀ. ਸੀ. ਟੀ. ਵੀ. ਕੈਮਰੇ ਇੰਸਟਾਲ ਕਰਦਾ ਹੈ ਜਦਕਿ ਰਾਜੂ ਮੰਡੀ ਵਿਚ ਸਬਜ਼ੀ ਵੇਚਦਾ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।