ਇਮਰਾਨ ਅਤੇ ਸਿੱਧੂ ਦੇ ''ਕੰਫਰਟ ਲੈਵਲ'' ਨਾਲ ਕਈ ਸੰਭਾਵਨਾਵਾਂ

08/15/2018 6:27:56 AM

ਜਲੰਧਰ,   (ਖੁਰਾਨਾ)-  ਗੁਆਂਢੀ ਦੇਸ਼ ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਰੋਹ 'ਚ ਕੁਝ ਦਿਨ ਹੀ ਬਾਕੀ ਹਨ। ਅਜਿਹੇ ਵਿਚ ਜਿਥੇ ਪੂਰੇ ਵਿਸ਼ਵ ਦੀਆਂ ਨਜ਼ਰਾਂ ਪਾਕਿਸਤਾਨ ਦੀ ਨਵੀਂ ਸਰਕਾਰ ਅਤੇ ਉਸ ਦੀ ਨੀਤੀ 'ਤੇ ਲੱਗੀਆਂ ਹੋਈਆਂ ਹਨ, ਉਥੇ ਹੀ ਭਾਰਤ ਵਿਚ ਵੀ ਇਮਰਾਨ ਸਰਕਾਰ ਲੈ ਕੇ ਕਈ ਤਰ੍ਹਾਂ ਦੀਆਂ ਸੰਭਾਵਨਾਵਾਂ 'ਤੇ ਵਿਚਾਰ ਚਰਚਾ ਚੱਲ ਰਹੀ ਹੈ। ਜ਼ਿਆਦਾਤਰ ਕੂਟਨੀਤਿਕ ਮਾਹਿਰ ਪਾਕਿਸਤਾਨ ਦੀ ਨਵੀਂ ਸਰਕਾਰ ਨੂੰ ਭਾਰਤ ਲਈ ਹਾਂਪੱਖੀ ਨਜ਼ਰ ਨਾਲ ਦੇਖ ਰਹੇ ਹਨ।
ਮਸ਼ਹੂਰ ਕ੍ਰਿਕਟਰ ਰਹੇ ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਭਾਰਤੀ ਕ੍ਰਿਕਟ ਟੀਮ ਦੇ ਸਿਤਾਰੇ ਰਹੇ ਅਤੇ ਮੌਜੂਦਾ ਸਮੇਂ ਵਿਚ ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਆਪਣੇ ਸਹੁੰ ਚੁੱਕ ਸਮਾਗਮ ਵਿਚ ਸੱਦ ਕੇ ਜਿਥੇ ਪੁਰਾਣੀ ਦੋਸਤੀ ਦਾ ਹਵਾਲਾ ਦਿੱਤਾ ਹੈ, ਉਥੇ ਹੀ ਇਸ ਸੱਦੇ ਵਿਚ ਇਮਰਾਨ ਖਾਨ ਦੀ ਸਪੋਰਟਸਮੈਨ ਸਪਿਰਟ ਵੀ ਲੁਕੀ ਹੋਈ ਹੈ। ਮੰਨਿਆ ਜਾ ਰਿਹਾ ਹੈ ਕਿ ਜੇ ਇਮਰਾਨ ਦੀ ਇਹੀ ਸਪੋਰਟਸਮੈਨਸ਼ਿਪ ਸਰਕਾਰ ਚਲਾਉਣ ਵਿਚ ਪ੍ਰਭਾਵੀ ਰਹੀ ਤਾਂ ਭਾਰਤ ਸਮੇਤ ਹੋਰ ਦੇਸ਼ਾਂ ਨਾਲ ਪਾਕਿਸਤਾਨ ਦੇ ਸੰਬੰਧ ਸੁਧਰ ਸਕਦੇ ਹਨ।
ਨਵਜੋਤ ਸਿੱਧੂ ਦੀ ਗੱਲ ਕਰੀਏ ਤਾਂ ਉਹ ਵੀ ਇਸ ਸੱਦੇ ਨੂੰ ਆਪਣੇ 35 ਸਾਲ ਪੁਰਾਣੇ ਦੋਸਤ ਵਲੋਂ ਭੇਜੇ ਗਏ ਸੱਦਾ ਪੱਤਰ ਦੇ ਤੌਰ 'ਤੇ ਦੇਖ ਰਹੇ ਹਨ। ਨਵਜੋਤ ਸਿੱਧੂ ਇਸ ਸੰਭਾਵਿਤ ਮੁਲਾਕਾਤ ਨੂੰ ਲੈ ਕੇ ਕਾਫੀ ਆਸਵੰਦ ਹਨ ਅਤੇ ਉਨ੍ਹਾਂ ਦਾ ਮੰਨਣਾ ਹੈ ਕਿ ਜੇ ਦੋਹਾਂ ਦੇਸ਼ਾਂ ਦਰਮਿਆਨ ਸਿਰਫ ਬਾਰਡਰ ਖੁੱਲ੍ਹ ਜਾਣ ਤਾਂ 6 ਮਹੀਨਿਆਂ ਵਿਚ ਹੀ 60 ਸਾਲਾਂ ਦੀ ਤਰੱਕੀ ਹੋ ਸਕਦੀ ਹੈ। ਨਵਜੋਤ ਸਿੱਧੂ ਦੀ ਮੰਨੀਏ ਤਾਂ ਇਸ ਮੁਲਾਕਾਤ ਦਾ ਮਕਸਦ ਦੂਰੀਆਂ ਨੂੰ ਘੱਟ ਕਰਨਾ, ਪੁਲ ਬਣਨਾ, ਲੋਕਾਂ ਨੂੰ ਜੋੜਨਾ ਤੇ ਅਮਨ ਅਮਾਨ ਕਾਇਮ ਕਰਨਾ ਹੋਵੇਗਾ। ਕੂਟਨੀਤਿਕ ਮਾਹਿਰ ਮੰਨਦੇ ਹਨ ਕਿ ਇਮਰਾਨ ਖਾਨ ਅਤੇ ਨਵਜੋਤ ਸਿੱਧੂ ਦਰਮਿਆਨ ਬਤੌਰ ਉੱਚ ਸ਼੍ਰੇਣੀ ਦੇ ਕ੍ਰਿਕਟ ਖਿਡਾਰੀ, ਜੋ ਕੰਫਰਟ ਲੈਵਲ ਬਣਿਆ ਹੋਇਆ ਹੈ, ਦਾ ਲਾਭ ਅਪ੍ਰਤੱਖ ਰੂਪ ਨਾਲ ਦੋਹਾਂ ਦੇਸ਼ਾਂ ਨੂੰ ਮਿਲ ਸਕਦਾ ਹੈ ਕਿਉਂਕਿ ਬਤੌਰ ਇਕ ਦੋਸਤ ਨਵਜੋਤ ਸਿੱਧੂ ਜਿਸ ਭਾਸ਼ਾ ਵਿਚ ਇਮਰਾਨ ਨਾਲ ਗੱਲ ਕਰ ਸਕਦੇ ਹਨ, ਉਸ ਭਾਸ਼ਾ ਵਿਚ ਸ਼ਾਇਦ ਕੋਈ ਹੋਰ ਸਿਆਸਤਦਾਨ ਜਾਂ ਉੱਚ ਨੇਤਾ ਨਾ ਕਰ ਸਕਣ। ਦੋਹਾਂ ਦੇਸ਼ਾਂ ਦਰਮਿਆਨ ਜੇ ਸਬੰਧ ਸੁਧਰਦੇ ਹਨ ਤਾਂ ਜਿਥੇ ਪਾਕਿਸਤਾਨ ਨੂੰ ਆਰਥਿਕ ਅਤੇ ਸਿਆਸੀ ਦ੍ਰਿਸ਼ਟੀ ਨਾਲ ਫਾਇਦਾ ਹੋਵੇਗਾ, ਉਥੇ ਹੀ ਭਾਰਤ ਨੂੰ ਵੀ ਪਾਕਿਸਤਾਨ ਰਾਹੀਂ ਯੂਰਪ ਤੱਕ ਜਾਣ ਦਾ ਰਸਤਾ ਮਿਲ ਸਕਦਾ ਹੈ।
ਫਿਲਹਾਲ ਇਮਰਾਨ ਦੇ ਸਹੁੰ ਚੁੱਕ ਸਮਾਗਮ ਅਤੇ ਨਵੀਂ ਸਰਕਾਰ ਦੇ ਦ੍ਰਿਸ਼ਟੀਕੋਣ 'ਤੇ ਭਾਰਤ-ਪਾਕਿਸਤਾਨ ਤੋਂ ਇਲਾਵਾ ਅਮਰੀਕਾ, ਚੀਨ ਅਤੇ ਰੂਸ ਦੀਆਂ ਨੀਤੀਆਂ ਵੀ ਟਿਕੀਆਂ ਹੋਈਆਂ ਹਨ।