ਇਮਰਾਨ ਖਾਨ ਨੇ ਗਲਤ ਮਹੂਰਤ ''ਚ ਸਹੁੰ ਚੁੱਕੀ, ਅਸਥਿਰਤਾ ਵਧੇਗੀ!

08/19/2018 7:22:31 AM

ਜਲੰਧਰ, (ਧਵਨ)— ਪਾਕਿਸਤਾਨ 'ਚ ਅੱਜ ਇਮਰਾਨ ਖਾਨ ਵਲੋਂ ਪ੍ਰਧਾਨ ਮੰਤਰੀ ਅਹੁਦੇ ਲਈ ਸਹੁੰ ਸਵੇਰੇ 10.20 ਮਿੰਟ 'ਤੇ ਇਸਲਾਮਾਬਾਦ 'ਚ ਚੁੱਕ ਲਈ ਗਈ। 
ਪਾਕਿਸਤਾਨ 'ਚ 25 ਜੁਲਾਈ ਨੂੰ ਚੋਣਾਂ ਹੋਈਆ ਸਨ ਅਤੇ ਉਨ੍ਹਾਂ ਵਿਚੋਂ ਇਮਰਾਨ ਖਾਨ ਦੀ ਪਾਰਟੀ 116 ਸੀਟਾਂ ਜਿੱਤ ਕੇ ਸਭ ਤੋਂ ਵੱਡੀ ਪਾਰਟੀ ਵਜੋਂ ਉਭਰ ਕੇ ਸਾਹਮਣੇ ਆਈ ਸੀ। ਪਾਕਿਸਤਾਨ ਮੁਸਲਿਮ ਲੀਗ ਨੇ 64 ਸੀਟਾਂ ਜਿੱਤ ਕੇ ਦੂਸਰਾ ਸਥਾਨ ਜਦਕਿ ਪਾਕਿਸਤਾਨ ਪੀਪਲਜ਼ ਪਾਰਟੀ ਨੇ 43 ਸੀਟਾਂ ਜਿੱਤ ਕੇ ਤੀਸਰਾ ਸਥਾਨ ਹਾਸਲ ਕੀਤਾ।
ਜੋਤਿਸ਼ੀ ਸੰਜੇ ਚੌਧਰੀ ਨੇ ਇਮਰਾਨ ਖਾਨ ਵਲੋਂ ਚੁੱਕੀ ਗਈ ਸਹੁੰ ਦੇ ਆਧਾਰ 'ਤੇ ਪਾਕਿਸਤਾਨ ਦੇ ਹਾਲਾਤ ਦਾ ਜਾਇਜ਼ਾ ਲੈਣ ਦੀਆਂ ਕੋਸ਼ਿਸ਼ਾਂ ਕੀਤੀਆਂ। ਉਨ੍ਹਾਂ ਦੱਸਿਆ ਕਿ ਤੁਲਾ ਲਗਨ ਦਾ ਉਦੈ ਉਦੋਂ ਹੋਇਆ ਜਦੋਂ ਇਮਰਾਨ ਖਾਨ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕੀ। ਤੁਲਾ ਲਗਨ ਦਾ ਸੁਆਮੀ ਸ਼ੁੱਕਰ ਨੀਚ ਰਾਸ਼ੀ 'ਚ 12ਵੇਂ ਘਰ ਵਿਚ ਬੈਠਾ ਹੋਇਆ ਹੈ ਜੋ ਕਿ ਇਕ ਚੰਗਾ ਸੰਕੇਤ ਨਹੀਂ। 
ਉਂਝ ਵੀ ਤੁਲਾ ਲਗਨ ਇਕ ਚਰ ਰਾਸ਼ੀ ਹੈ ਇਸ ਲਈ ਚਰ ਰਾਸ਼ੀ 'ਚ ਸਹੁੰ ਚੁੱਕਣੀ ਮਹੂਰਤ ਦੀ ਦ੍ਰਿਸ਼ਟੀ ਤੋਂ ਵੀ ਉਚਿਤ ਨਹੀਂ। ਇਸ ਤੋਂ ਪਤਾ ਲੱਗਦਾ ਹੈ ਕਿ ਨਵੀਂ ਸਰਕਾਰ ਤੋਂ ਪਾਕਿਸਤਾਨ ਦੀ ਜਨਤਾ ਦਾ ਮੋਹ ਜਲਦੀ ਭੰਗ ਹੋ ਜਾਵੇਗਾ। ਬ੍ਰਹਿਸਪਤੀ ਭਾਵੇਂ ਲਗਨ 'ਚ ਚੰਦਰਮਾ ਨਾਲ ਬੈਠ ਕੇ ਗਜ ਕੇਸਰੀ ਯੋਗ ਬਣਾ ਰਿਹਾ ਹੈ ਜੋ ਕਿ ਇਕ ਚੰਗਾ ਸੰਕੇਤ ਹੈ ਪਰ ਚੰਦਰਮਾ ਅੰਤਿਮ ਡਿਗਰੀ 'ਤੇ ਪਹੁੰਚ ਚੁੱਕਾ ਸੀ। ਇਸ ਲਈ ਹੇਠਲਾ ਅਭਿਲਾਸ਼ੀ ਯੋਗ ਵੀ ਹੋਂਦ 'ਚ ਆ ਰਿਹਾ ਸੀ। ਉਨ੍ਹਾਂ ਨੇ ਕਿਹਾ ਕਿ ਤੁਲਾ ਲਗਨ ਵੀ ਮੁਢਲੀਆਂ ਡਿਗਰੀਆਂ 'ਚ ਆਇਆ ਹੋਇਆ ਹੈ ਜਿਸ ਤੋਂ ਪਾਕਿਸਤਾਨ 'ਚ ਅਸਥਿਰ ਸਰਕਾਰ ਦਾ ਪਤਾ ਲੱਗਦਾ ਹੈ। 
ਉਨ੍ਹਾਂ ਕਿਹਾ ਕਿ ਚੌਥੇ ਘਰ 'ਚ ਉੱਚ ਰਾਸ਼ੀ ਦਾ ਮੰਗਲ ਕੇਤੂ ਦੇ ਨਾਲ ਬੈਠਾ ਹੈ ਜੋ ਕਿ ਘਰੇਲੂ ਫਰੰਟ 'ਚ ਹਿੰਸਾ ਭੜਕਣ ਵਲ ਸੰਕੇਤ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸਹੁੰ ਚੁੱਕ ਕੁੰਡਲੀ 'ਚ ਪ੍ਰਮੁੱਖ ਯੋਗ ਬਣ ਰਿਹਾ ਹੈ ਜਿਸ ਨੂੰ ਇਕ ਕਰੂਰ ਗ੍ਰਹਿ ਯੋਗ ਦਾ ਨਾਂ ਦਿੱਤਾ ਗਿਆ ਹੈ। ਇਸ ਲਈ ਨਵੀਂ ਸਰਕਾਰ ਦੀ ਉਮਰ 'ਤੇ ਵੀ ਇਹ ਯੋਗ ਗ੍ਰਹਿਣ ਲਗਾਉਂਦਾ ਹੈ। ਕੁਲ ਮਿਲਾ ਕੇ ਪਾਕਿਸਤਾਨ 'ਚ ਬਣੀ ਸਰਕਾਰ ਵਿਵਾਦਾਂ ਦੇ ਘੇਰੇ 'ਚ ਰਹੇਗੀ ਅਤੇ ਉਸ ਨੂੰ ਆਮ ਤੌਰ 'ਤੇ ਕੰਮਕਾਜ ਚਲਾਉਣ ਵਿਚ ਔਕੜਾਂ ਦਾ ਸਾਹਮਣਾ ਕਰਨਾ ਪਵੇਗਾ।