ਕਰਤਾਰਪੁਰ ਲਾਂਘੇ ਦੇ ਉਦਘਾਟਨ ਦੌਰਾਨ ਵੀ ਇਮਰਾਨ ਨੇ ਅਲਾਪਿਆ ਕਸ਼ਮੀਰ ਦਾ ਰਾਗ

11/09/2019 6:18:25 PM

ਪਾਕਿਸਤਾਨ— ਕਰਤਾਰਪੁਰ ਲਾਂਘੇ ਦੇ ਉਦਘਾਟਨ ਦੌਰਾਨ ਪਾਕਿਸਤਾਨ ਦੇ ਪੀ. ਐੱਮ. ਇਮਰਾਨ ਖਾਨ ਨੇ ਸਿੱਖ ਸ਼ਰਧਾਲੂਆਂ ਨੂੰ ਸੰਬੋਧਿਤ ਕੀਤਾ। ਉਨ੍ਹਾਂ ਨੇ ਆਪਣੇ ਸੰਬੋਧਨ ਵਿਚ ਸਭ ਤੋਂ ਪਹਿਲਾਂ ਸਿੱਖ ਭਾਈਚਾਰੇ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੱਤੀਆਂ। ਇਸ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਸਾਡੀ ਹਕੂਮਤ, ਬਾਕੀ ਸਾਰੀ ਮਨਿਸਟਰੀ ਵਧਾਈ ਦੀ ਪਾਤਰ ਹੈ, ਜਿਨ੍ਹਾਂ ਨੇ 10 ਮਹੀਨਿਆਂ ਦੇ ਅੰਦਰ ਸੜਕ ਬਣਾਈ, ਪੁਲ ਬਣਾਇਆ। ਇਮਰਾਨ ਖਾਨ ਨੇ ਕਿਹਾ ਕਿ ਮੈਨੂੰ ਅੰਦਾਜ਼ਾ ਹੀ ਨਹੀਂ ਸੀ ਕਿ ਮੇਰੀ ਹਕੂਮਤ ਇੰਨੀ ਛੇਤੀ ਕੰਮ ਕਰੇਗੀ। ਇਸ ਦਾ ਮਤਲਬ ਕਿ ਅਸੀਂ ਹੋਰ ਵੀ ਕੰਮ ਕਰ ਸਕਦੇ ਹਾਂ। ਜਿਸ ਤਰ੍ਹਾਂ ਤੁਸੀਂ ਮਿਹਨਤ ਕੀਤੀ, ਦਿਨ-ਰਾਤ ਲਾਇਆ। ਇੰਨਾ ਖੂਬਸੂਰਤ ਲਾਂਘਾ ਤਿਆਰ ਕੀਤਾ ਹੈ, ਸਿਰਫ ਵਧਾਈ ਹੀ ਨਹੀਂ, ਤੁਹਾਨੂੰ ਦਿਲੋਂ ਦੁਆਵਾਂ ਕਿ ਤੁਸੀਂ ਇੰਨੇ ਲੋਕਾਂ ਨੂੰ ਖੁਸ਼ੀ ਦਿੱਤੀ। ਸਿੱਖ ਭਾਈਚਾਰੇ ਦੇ ਲੋਕ ਜਦੋਂ ਇੱਥੇ ਆਉਂਦੇ ਹਨ ਤਾਂ ਉਨ੍ਹਾਂ ਦੇ ਦਿਲਾਂ 'ਚ ਖੁਸ਼ੀ ਹੁੰਦੀ ਹੈ। ਸਿੱਖ ਭਾਈਚਾਰੇ ਲਈ ਅੱਜ ਖੁਸ਼ੀ ਦਾ ਮੌਕਾ ਹੈ। 
ਕਸ਼ਮੀਰ ਮੁੱਦੇ 'ਤੇ ਬੋਲੇ ਇਮਰਾਨ—
ਭਾਸ਼ਣ ਦੌਰਾਨ ਇਮਰਾਨ ਖਾਨ ਨੇ ਕਸ਼ਮੀਰ ਮੁੱਦੇ ਨੂੰ ਹੱਲ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਇਕ ਮਸਲਾ ਹੈ 'ਕਸ਼ਮੀਰ', ਜਿਸ 'ਤੇ ਅਸੀਂ ਬੈਠ ਕੇ ਗੱਲਬਾਤ ਕਰ ਕੇ ਮਸਲੇ ਨੂੰ ਹੱਲ ਕਰ ਸਕਦੇ ਹਾਂ। ਨਵਜੋਤ ਸਿੰਘ ਸਿੱਧੂ ਨੇ ਜਦੋਂ ਕਿਹਾ ਕਿ ਬਾਰਡਰ ਖੋਲ੍ਹ ਦਿਉ ਤਾਂ ਮੈਂ ਜਿਵੇਂ ਹੀ ਪੀ. ਐੱਮ. ਬਣਿਆ ਤਾਂ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਪਹਿਲੀ ਗੱਲ ਕੀਤੀ ਕਿ ਸਭ ਤੋਂ ਵੱਡਾ ਮਸਲਾ ਮੰਦਹਾਲੀ ਹੈ, ਜਿਸ ਨੂੰ ਅਸੀਂ ਖਤਮ ਕਰ ਸਕਦੇ ਹਾਂ। ਸਾਡੇ ਹਾਲਾਤ ਚੰਗੇ ਹੋ ਸਕਦੇ ਹਨ, ਗੱਲਬਾਤ ਕਰ ਕੇ ਅਸੀਂ ਸਾਰੇ ਮਸਲੇ ਹੱਲ ਕਰ ਸਕਦੇ ਹਾਂ। ਕਸ਼ਮੀਰ ਮੁੱਦਾ ਇਨਸਾਨੀਅਤ ਦਾ ਮੁੱਦਾ ਹੈ, ਜ਼ਮੀਨ ਦਾ ਮੁੱਦਾ ਨਹੀਂ ਹੈ। ਇਨਸਾਫ ਨਾਲ ਸ਼ਾਂਤੀ ਹੁੰਦੀ ਹੈ। ਮੈਨੂੰ ਉਮੀਦ ਹੈ ਸਾਡੇ ਸੰਬੰਧ ਹਿੰਦੋਸਤਾਨ ਨਾਲ ਉਹ ਹੋਣਗੇ, ਜੋ ਹੋਣੇ ਚਾਹੀਦੇ ਹਨ। ਇਹ ਮੁੱਦਾ ਵੀ ਛੇਤੀ ਹੱਲ ਹੋ ਜਾਵੇਗਾ।

ਸਿੱਧੂ ਬਾਰੇ ਬੋਲੇ ਇਮਰਾਨ ਖਾਨ—
ਉਨ੍ਹਾਂ ਨੇ ਨਵਜੋਤ ਸਿੰਧੂ ਬਾਰੇ ਗੱਲ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਜੋ ਸ਼ਾਇਰੀ ਕੀਤੀ ਹੈ, ਉਹ ਦਿਲੋਂ ਕੀਤੀ ਹੈ। ਦਿਲ 'ਚ ਰੱਬ ਵੱਸਦਾ ਹੈ। ਜਦੋਂ ਤੁਸੀਂ ਕਿਸੇ ਨੂੰ ਵੀ ਖੁਸ਼ੀ ਦਿੰਦੇ ਹੋ ਤਾਂ ਤੁਸੀਂ ਰੱਬ ਨੂੰ ਖੁਸ਼ ਕਰਦੇ ਹੋ। ਜੋ ਵੀ ਅੱਲ੍ਹਾ ਦੇ ਪੈਗੰਬਰ ਇਸ ਦੁਨੀਆ 'ਚ ਆਏ, ਉਹ ਸਿਰਫ ਦੋ ਪੈਗਾਮ ਲੈ ਕੇ ਆਏ- ਇਕ ਇਨਸਾਨੀਅਤ ਦਾ ਦੂਜਾ ਇਨਸਾਫ ਦਾ। 

ਬਾਬੇ ਨਾਨਕ ਬਾਰੇ ਬੋਲੇ ਇਮਰਾਨ—
ਸ੍ਰੀ ਗੁਰੂ ਨਾਨਕ ਦੇਵ ਜੀ ਜੋ ਵੀ ਸਿੱਖ ਭਾਈਚਾਰੇ ਤੋਂ ਇਲਾਵਾ ਇਨ੍ਹਾਂ ਦਾ ਫਲਸਫਾ ਪੜ੍ਹਦਾ ਹੈ, ਇਹ ਦੋ ਚੀਜ਼ਾਂ ਸਾਹਮਣੇ ਆਉਂਦੀਆਂ ਹਨ। ਗੁਰੂ ਜੀ ਨੇ ਇਨਸਾਨਾਂ ਨੂੰ ਇਕੱਠਾ ਕਰਨ ਦੀ ਗੱਲ ਕੀਤੀ। ਨਫਰਤਾਂ ਨੂੰ ਮਿਟਾਉਣ ਦੀ ਗੱਲ ਕੀਤੀ, ਉਹ ਇਨਸਾਨੀਅਤ ਲਈ ਆਏ ਸਨ। 

ਕਰਤਾਰਪੁਰ ਸਾਹਿਬ ਬਾਰੇ ਇਮਰਾਨ ਨੇ ਆਖੀ ਇਹ ਗੱਲ—
ਕਰਤਾਰਪੁਰ ਲਾਂਘੇ ਬਾਰੇ ਗੱਲ ਕਰਦਿਆਂ ਇਮਰਾਨ ਨੇ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਅਸੀਂ ਤੁਹਾਡੇ ਲਈ ਇਹ ਸਭ ਕਰ ਸਕੇ। ਮੈਨੂੰ ਇਹ ਅੰਦਾਜ਼ਾ ਹੀ ਨਹੀਂ ਸੀ ਕਿ ਕਰਤਾਰਪੁਰ ਸਾਹਿਬ ਦੀ ਦੁਨੀਆ ਦੇ ਸਿੱਖ ਭਾਈਚਾਰੇ ਲਈ ਇੰਨੀ ਅਹਿਮੀਅਤ ਹੈ। ਮੈਨੂੰ ਤਾਂ ਸਾਲ ਪਹਿਲਾਂ ਪਤਾ ਲੱਗਾ। ਮੈਂ ਪਾਕਿਸਤਾਨ ਦੇ ਮੁਸਲਮਾਨਾਂ ਨੂੰ ਦੱਸਦਾ ਹਾਂ ਕਿ ਇਹ ਇਵੇਂ ਹੈ। ਜੇਕਰ ਅਸੀਂ ਮਦੀਨਾ ਨੂੰ 4-5 ਕਿਲੋਮੀਟਰ ਨੂੰ ਦੂਰੋਂ ਦੇਖ ਸਕੀਏ ਪਰ ਜਾ ਨਾ ਸਕੀਏ, ਕਿੰਨੀ ਤਕਲੀਫ ਹੁੰਦੀ ਹੈ। ਇਹ ਦੁਨੀਆ ਦੇ ਸਿੱਖ ਭਾਈਚਾਰੇ ਦਾ ਮਦੀਨਾ ਹੈ। ਮੈਨੂੰ ਖੁਸ਼ੀ ਹੈ, ਤੁਹਾਡੀ ਖੁਸ਼ੀ ਦੇਖ ਕੇ। 

Tanu

This news is Content Editor Tanu