ਇੰਪਰੂਵਮੈਂਟ ਟਰੱਸਟ ''ਤੇ ਭਾਰੀ ਸੰਕਟ, ਜ਼ਬਤ ਕੀਤੀ 289 ਕਰੋੜ ਦੀ ਜਾਇਦਾਦ ਨੂੰ ਨੀਲਾਮ ਕਰੇਗਾ PNB

11/19/2018 12:37:02 PM

ਜਲੰਧਰ (ਪੁਨੀਤ)— ਇੰਪਰੂਵਮੈਂਟ ਟਰੱਸਟ 'ਤੇ ਭਾਰੀ ਸੰਕਟ ਦੇ ਬੱਦਲ ਛਾ ਗਏ ਹਨ ਕਿਉਂਕਿ ਟਰੱਸਟ ਦੀ 289 ਕਰੋੜ ਦੀ ਪ੍ਰਾਪਰਟੀ ਨੂੰ ਪੰਜਾਬ ਨੈਸ਼ਨਲ ਬੈਂਕ (ਪੀ. ਐੱਨ. ਬੀ.) ਈ-ਆਕਸ਼ਨ ਦੇ ਜ਼ਰੀਏ ਨੀਲਾਮ ਕਰਨ ਜਾ ਰਿਹਾ ਹੈ ਤਾਂ ਕਿ ਉਸ ਦੇ ਕਰਜ਼ੇ ਦੀ ਰਾਸ਼ੀ ਦੀ ਰਿਕਵਰੀ ਹੋ ਸਕੇ। ਇਸ ਲਈ ਬੈਂਕ ਵੱਲੋਂ ਬਣਦੀਆਂ ਰਸਮੀ ਕਾਰਵਾਈਆਂ ਪੂਰੀਆਂ ਕਰ ਲਈਆਂ ਗਈਆਂ ਹਨ ਤਾਂ ਕਿ ਬਾਅਦ ਕਿਸੇ ਤਰ੍ਹਾਂ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਬੈਂਕ ਨੇ 2011 'ਚ ਇੰਪਰੂਵਮੈਂਟ ਟਰੱਸਟ ਨੂੰ 175 ਕਰੋੜ ਰੁਪਏ ਦਾ ਕਰਜ਼ਾ ਦਿੱਤਾ ਸੀ, ਜਿਨ੍ਹਾਂ 'ਚੋਂ ਮੌਜੂਦਾ ਸਮੇਂ 'ਚ 130 ਕਰੋੜ ਦੇ ਕਰੀਬ ਰਾਸ਼ੀ ਦਾ ਭੁਗਤਾਨ ਹੋਣਾ ਬਾਕੀ ਹੈ। ਟਰੱਸਟ ਵੱਲੋਂ ਭੁਗਤਾਨ ਨਾ ਕਰਨ ਕਾਰਨ ਮਾਰਚ 'ਚ ਟਰੱਸਟ ਦਾ ਖਾਤਾ ਐੱਨ. ਪੀ. ਏ. (ਨਾਨ ਪ੍ਰਫਾਰਮਿੰਗ ਐਸੇਟਸ) ਐਲਾਨ ਹੋ ਚੁੱਕਾ ਹੈ। ਇਸ ਤੋਂ ਬਾਅਦ ਬੈਂਕ ਵੱਲੋਂ ਟਰੱਸਟ ਦੀ ਜਾਇਦਾਦ 'ਤੇ ਕਬਜ਼ਾ ਕਰਨ ਦਾ ਸਿਲਸਿਲਾ ਸ਼ੁਰੂ ਹੋ ਗਿਆ।

ਇੰਪਰੂਵਮੈਂਟ ਟਰੱਸਟ ਨੇ ਬੈਂਕ ਕੋਲ 577 ਕਰੋੜ ਦੀ ਪ੍ਰਾਪਰਟੀ ਗਿਰਵੀ ਰੱਖੀ ਹੈ, ਇਸ 'ਚੋਂ 288 ਕਰੋੜ ਦੀ ਜਾਇਦਾਦ 'ਚ ਗੁਰੂ ਗੋਬਿੰਦ ਸਿੰਘ ਸਟੇਡੀਅਮ ਸ਼ਾਮਲ ਹੈ। ਇਸ ਤੋਂ ਇਲਾਵਾ ਟਰੱਸਟ ਦੀ 289 ਕਰੋੜ ਦੀ ਜਾਇਦਾਦ 'ਚ ਸੂਰਿਆ ਇਨਕਲੇਵ ਐਕਸਟੈਨਸ਼ਨ, 90.5 ਏਕੜ, ਸੂਰਿਆ ਇਨਕਲੇਵ, ਮਹਾਰਾਜਾ ਰਣਜੀਤ ਸਿੰਘ ਐਵੇਨਿਊ ਆਦਿ ਦੀ ਪ੍ਰਾਪਰਟੀ ਸ਼ਾਮਲ ਹੈ। ਬੈਂਕ ਵੱਲੋਂ ਉਕਤ ਜਾਇਦਾਦਾਂ ਦੀ ਨੀਲਾਮੀ ਕਰਵਾਈ ਜਾਏਗੀ, ਜਦਕਿ ਗੁਰੂ ਗੋਬਿੰਦ ਸਿੰਘ ਸਟੇਡੀਅਮ ਨੂੰ ਅਜੇ ਨੀਲਾਮੀ 'ਚੋਂ ਬਾਹਰ ਰੱਖਿਆ ਗਿਆ ਹੈ, ਇਸ ਦਾ ਕਾਰਨ ਇਹ ਹੈ ਕਿ ਟਰੱਸਟ ਨੇ ਗੁਰੂ ਗੋਬਿੰਦ ਸਿੰਘ ਸਟੇਡੀਅਮ 'ਚ ਸਿੰਬਾਲਕ (ਰਸਮੀ) ਕਬਜ਼ਾ ਲਿਆ ਹੈ, ਜਦਕਿ ਬਾਕੀ ਦੀ 289 ਕਰੋੜ ਦੀ ਜਾਇਦਾਦ 'ਤੇ ਬੈਂਕ ਵੱਲੋਂ ਪੂਰੀ ਤਰ੍ਹਾਂ ਕਬਜ਼ਾ ਲਿਆ ਜਾ ਚੁੱਕਾ ਹੈ। ਇਸ ਕਾਰਨ ਬੈਂਕ ਹੁਣ 289 ਕਰੋੜ ਦੀ ਜਾਇਦਾਦ ਨੂੰ ਨੀਲਾਮ ਕਰਨ ਦਾ ਅਧਿਕਾਰ ਰੱਖਦਾ ਹੈ। ਇਸੇ ਸਿਲਸਿਲੇ 'ਚ ਬੈਂਕ ਵੱਲੋਂ ਕਈ ਮਹੀਨੇ ਪਹਿਲਾਂ ਪਬਲਿਕ ਨੋਟਿਸ ਵੀ ਜਾਰੀ ਕੀਤਾ ਜਾ ਚੁੱਕਾ ਹੈ। ਇਸੇ ਘਟਨਾਕ੍ਰਮ 'ਚ ਟਰੱਸਟ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਜਲਦੀ ਨੀਲਾਮੀ ਕਰਵਾਈ ਜਾਵੇਗੀ : ਗਗਰਾਨੀ
ਬੈਂਕ ਦਾ ਅਕਾਊਂਟ ਜੀ. ਟੀ. ਰੋਡ ਸਥਿਤ ਪੰਜਾਬ ਨੈਸ਼ਨਲ ਬੈਂਕ ਦੀ ਸ਼ਾਖਾ 'ਚ ਹੈ। ਇਸ ਸ਼ਾਖਾ ਦੇ ਸੀਨੀਅਰ ਅਧਿਕਾਰੀ ਕੇ. ਸੀ. ਗਗਰਾਨੀ ਨੇ ਟਰੱਸਟ ਦੀ ਜਾਇਦਾਦ 'ਤੇ ਕਬਜ਼ਾ ਲਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਾਇਦਾਦਾਂ ਦੀ ਨੀਲਾਮੀ ਕਰਵਾਉਣ ਸਬੰਧੀ ਬੈਂਕ ਵੱਲੋਂ ਯੋਜਨਾ ਤਿਆਰ ਕੀਤੀ ਗਈ ਹੈ। ਜਲਦੀ ਹੀ ਬੈਂਕ ਇਸਦੀ ਈ-ਆਕਸ਼ਨ ਕਰਵਾ ਕੇ ਬੈਂਕ ਦੀ ਰਿਕਵਰੀ ਨੂੰ ਪੂਰਾ ਕਰੇਗਾ। ਉਨ੍ਹਾਂ ਕਿਹਾ ਕਿ ਟਰੱਸਟ ਨੂੰ ਸਮੇਂ-ਸਮੇਂ 'ਤੇ ਕਈ ਨੋਟਿਸ ਭੇਜੇ ਗਏ ਪਰ ਟਰੱਸਟ ਵੱਲੋਂ ਬਣਦੀ ਰਕਮ ਅਦਾ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਸੀਨੀਅਰ ਅਧਿਕਾਰੀਆਂ ਤੋਂ ਇਜਾਜ਼ਤ ਲੈ ਕੇ ਉਕਤ ਨੀਲਾਮੀ ਕਰਵਾਈ ਜਾ ਰਹੀ ਹੈ।

ਬੈਂਕ ਤੋਂ ਪਹਿਲਾਂ ਟਰੱਸਟ ਨੀਲਾਮੀ ਕਰਵਾਉਣ ਦੀ ਤਿਆਰੀ 'ਚ
ਇੰਪਰੂਵਮੈਂਟ ਟਰੱਸਟ 'ਤੇ 250 ਕਰੋੜ ਦੇ ਕਰੀਬ ਦੀ ਦੇਣਦਾਰੀ ਹੈ, ਜਿਸ ਕਰਕੇ ਟਰੱਸਟ ਵੱਲੋਂ ਆਪਣੀਆਂ ਜਾਇਦਾਦਾਂ ਦੀ ਨੀਲਾਮੀ ਕਰਵਾਉਣ ਦੀ ਯੋਜਨਾ ਤਿਆਰ ਕੀਤੀ ਗਈ ਹੈ। ਬੈਂਕ ਵੱਲੋਂ ਨੀਲਾਮੀ ਕਰਵਾਉਣ ਤੋਂ ਪਹਿਲਾਂ ਟਰੱਸਟ ਵੱਲੋਂ ਆਪਣੀਆਂ ਜਾਇਦਾਦਾਂ ਦੀ ਨਿਲਾਮੀ ਕਰਵਾ ਕੇ ਬੈਂਕ ਨੂੰ ਕੁਝ ਰਕਮ ਅਦਾ ਕੀਤੀ ਜਾਵੇਗੀ। ਬੈਂਕ ਕੋਲ ਗਿਰਵੀ ਪਈਆਂ ਜਾਇਦਾਦਾਂ ਦੀ ਨੀਲਾਮੀ ਲਈ ਟਰੱਸਟ ਨੂੰ ਬੈਂਕ ਨੇ ਜ਼ੁਬਾਨੀ ਇਜਾਜ਼ਤ ਦੇ ਦਿੱਤੀ ਸੀ ਪਰ ਇਸ ਗੱਲ ਨੂੰ ਹੁਣ ਕਾਫੀ ਸਮਾਂ ਬੀਤ ਚੁੱਕਾ ਹੈ। ਟਰੱਸਟ ਦੀ ਈ. ਓ. ਸੁਰਿੰਦਰ ਕੁਮਾਰੀ ਨੇ ਕਿਹਾ ਕਿ ਨੀਲਾਮੀ ਲਈ ਫਾਈਲ ਨੂੰ ਲੋਕਲ ਬਾਡੀਜ਼ ਵਿਭਾਗ ਕੋਲ ਭਿਜਵਾਇਆ ਜਾ ਚੁੱਕਾ ਹੈ ਪਰ ਅਜੇ ਇਜਾਜ਼ਤ ਨਹੀਂ ਮਿਲੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਛੇਤੀ ਹੀ ਨੀਲਾਮੀ ਕਰਵਾਉਣ ਦੇ ਸਬੰਧ 'ਚ ਇਜਾਜ਼ਤ ਆ ਜਾਵੇਗੀ, ਜਿਸ ਤੋਂ ਬਾਅਦ ਨੀਲਾਮੀ ਦੀ ਤਰੀਕ ਐਲਾਨੀ ਜਾਵੇਗੀ।

ਬੁਰੀ ਤਰ੍ਹਾਂ ਫਸ ਚੁੱਕੇ ਟਰੱਸਟ ਨੇ ਕੀਮਤਾਂ ਡੇਗੀਆਂ
ਇੰਪਰੂਵਮੈਂਟ ਟਰੱਸਟ ਆਰਥਿਕ ਤੰਗੀ ਦੇ ਹਾਲਾਤ 'ਚ ਬੁਰੀ ਤਰ੍ਹਾਂ ਫਸ ਚੁੱਕਾ ਹੈ, ਜਿਸ ਕਰਕੇ ਟਰੱਸਟ ਨੇ ਆਪਣੀਆਂ ਜਾਇਦਾਦਾਂ ਦੀਆਂ ਕੀਮਤਾਂ 'ਚ 25 ਫੀਸਦੀ ਤਕ ਦੀ ਗਿਰਾਵਟ ਕੀਤੀ ਹੈ। ਇਸ ਗਿਰਾਵਟ ਦਾ ਮੁੱਖ ਕਾਰਨ ਗਾਹਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਨਾ ਹੈ। ਟਰੱਸਟ ਚਾਹੁੰਦਾ ਹੈ ਕਿ ਇਸ ਵਾਰ ਉਸ ਦੀਆਂ ਜਾਇਦਾਦਾਂ ਆਸਾਨੀ ਨਾਲ ਵਿਕ ਸਕਣ ਕਿਉਂਕਿ ਪਿਛਲੀ ਵਾਰ ਕਈ ਨੀਲਾਮੀਆਂ ਤੋਂ ਟਰੱਸਟ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਹੈ। ਟਰੱਸਟ ਦੀਆਂ ਜਾਇਦਾਦਾਂ ਪ੍ਰਤੀ ਉਪਭੋਗਤਾਵਾਂ ਦਾ ਮੋਹ ਭੰਗ ਹੋ ਰਿਹਾ ਹੈ ਕਿਉਂਕਿ ਟਰੱਸਟ ਦੀਆਂ ਪਿਛਲੀਆਂ ਕਈ ਸਕੀਮਾਂ ਫਲਾਪ ਸ਼ੋਅ ਸਿੱਧ ਹੋ ਚੁੱਕੀਆਂ ਹਨ। ਟਰੱਸਟ ਦੀ ਇਸ ਵਾਰ ਦੀ ਜਾਇਦਾਦ ਨੀਲਾਮੀ ਤੋਂ ਕੀ ਰਿਸਪਾਂਸ ਮਿਲਦਾ ਹੈ, ਇਹ ਦੇਖਣ ਵਾਲੀ ਗੱਲ ਹੋਵੇਗੀ ਕਿਉਂਕਿ ਟਰੱਸਟ ਦੇ ਮੁਲਾਜ਼ਮਾਂ ਨੂੰ ਕਈ ਵਾਰ ਸਮੇਂ 'ਤੇ ਤਨਖਾਹ ਵੀ ਨਹੀਂ ਮਿਲਦੀ ਅਤੇ ਇਸ ਨੀਲਾਮੀ ਨਾਲ ਟਰੱਸਟ ਦੀਆਂ ਕਾਫੀ ਉਮੀਦਾਂ ਜੁੜੀਆਂ ਹਨ।

shivani attri

This news is Content Editor shivani attri