ਇੰਪਰੂਵਮੈਂਟ ਟਰੱਸਟ ਅਤੇ ਸੂਰਿਆ ਐਨਕਲੇਵ ਨਿਵਾਸੀਆਂ ਵਿਚਕਾਰ ਇਨਹਾਂਸਮੈਂਟ ਦਾ ਮਾਮਲਾ ਫਿਰ ਗਰਮਾਇਆ

07/16/2020 12:38:32 PM

ਜਲੰਧਰ(ਚੋਪੜਾ) – 170 ਏਕੜ ਸੂਰਿਆ ਐਨਕਲੇਵ ਸਕੀਮ ਨਾਲ ਸਬੰਧਤ ਲੈਂਡ ਇਨਹਾਂਸਮੈਂਟ ਸਬੰਧੀ ਇੰਪਰੂਵਮੈਂਟ ਟਰੱਸਟ ਅਤੇ ਕਾਲੋਨੀ ਨਿਵਾਸੀਆਂ ਵਿਚ ਚੱਲ ਰਿਹਾ ਮਾਮਲਾ ਇਕ ਵਾਰ ਫਿਰ ਗਰਮਾ ਗਿਆ ਹੈ। ਇਸੇ ਲੜੀ ਵਿਚ ਅੱਜ ਸੂਰਿਆ ਐਨਕਲੇਵ ਵੈੱਲਫੇਅਰ ਸੋਸਾਇਟੀ ਦੇ ਪ੍ਰਧਾਨ ਓਮ ਦੱਤ ਸ਼ਰਮਾ, ਜਨਰਲ ਸਕੱਤਰ ਰਾਜੀਵ ਧਮੀਜਾ, ਉਪ ਪ੍ਰਧਾਨ ਸਤੀਸ਼ ਸੋਨੀ, ਲੀਗਲ ਚੇਅਰਮੈਨ ਅਤੇ ਸੀ. ਏ. ਮਨਜਿੰਦਰ ਸਿੰਘ ਭਾਟੀਆ ਦੀ ਇਕ ਵਿਸ਼ੇਸ਼ ਮੀਟਿੰਗ ਐੱਮ. ਪੀ. ਸੰਤੋਖ ਸਿੰਘ ਚੌਧਰੀ ਦੇ ਨਿਵਾਸ ’ਤੇ ਹੋਈ, ਜਿਸ ਵਿਚ ਸੈਂਟਰਲ ਵਿਧਾਨ ਸਭਾ ਹਲਕੇ ਦੇ ਵਿਧਾਇਕ ਰਾਜਿੰਦਰ ਬੇਰੀ, ਇੰਪਰੂਵਮੈਟ ਟਰੱਸਟ ਦੇ ਚੇਅਰਮੈਨ ਦਲਜੀਤ ਸਿੰਘ ਆਹਲੂਵਾਲੀਆ, ਟਰੱਸਟ ਦੇ ਐੱਸ.ਈ. ਰਾਕੇਸ਼ ਗਰਗ ਅਤੇ ਈ. ਓ. ਜਤਿੰਦਰ ਸਿੰਘ ਸ਼ਾਮਲ ਹੋਏ।

ਸੋਸਾਇਟੀ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਇਸ ਮੀਟਿੰਗ ਵਿਚ ਐੱਮ. ਪੀ. ਸੰਤੋਖ ਚੌਧਰੀ ਨੇ ਟਰੱਸਟ ਚੇਅਰਮੈਨ ਆਹਲੂਵਾਲੀਆ ਨੂੰ ਕਿਹਾ ਕਿ ਸੂਰਿਆ ਐਨਕਲੇਵ ਦੇ ਇਨਹਾਂਸਮੈਂਟ ਮੁੱਦੇ ਦਾ ਜਲਦੀ ਹੱਲ ਨਿਕਲਣਾ ਚਾਹੀਦਾ ਹੈ।ਵਿਧਾਇਕ ਬੇਰੀ ਨੇ ਕਿਹਾ ਕਿ ਲੋਕਾਂ ਨੇ ਪਹਿਲਾਂ ਹੀ ਮਹਿੰਗੇ ਰੇਟਾਂ ’ਤੇ ਪਲਾਟ ਲਏ ਹਨ, ਇਸ ਲਈ ਉਨ੍ਹਾਂ ਤੋਂ ਦੁਬਾਰਾ ਇਨਹਾਂਸਮੈਂਟ ਦੇ ਨਾਂ ’ਤੇ ਫੰਡ ਲੈਣਾ ਸਰਾਸਰ ਗਲਤ ਹੈ। ਓਮ ਦੱਤ ਸ਼ਰਮਾ ਨੇ ਐੱਮ. ਪੀ. ਚੌਧਰੀ ਨੂੰ ਉਨ੍ਹਾਂ ਵਲੋਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਦੇ ਵਾਅਦੇ ਅਨੁਸਾਰ ਇਸ ਵਿਚ ਰਾਹਤ ਦੇਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਟਰੱਸਟ ਨੇ ਅਰਬਾਂ ਦੀ ਕਮਾਈ ਕੀਤੀ ਹੈ, ਉਹ ਇਨਹਾਂਸਮੈਂਟ ਦੇ ਨਾਂ ’ਤੇ ਹੋਣ ਵਾਲੀ ਵਸੂਲੀ ਨੂੰ ਆਪਣੀ ਜੇਬ ਤੋਂ ਜਾਂ ਕਾਲੋਨੀ ਵਿਚ ਟਰੱਸਟ ਦੀ ਪਈ ਰਿਜ਼ਰਵ ਲੈਂਡ ਨੂੰ ਵੇਚ ਕੇ ਦੇਵੇ। ਇਨਹਾਂਸਮੈਂਟ ਦਾ ਬੋਝ ਜਨਤਾ ’ਤੇ ਪਾਉਣਾ ਸਰਾਸਰ ਗਲਤ ਹੈ।

ਜਨਰਲ ਸਕੱਤਰ ਅਤੇ ਬੁਲਾਰੇ ਰਾਜੀਵ ਧਮੀਜਾ ਨੇ ਕਿਹਾ ਕਿ ਟਰੱਸਟ ਨੇ ਸਾਲ 2003-04 ਵਿਚ ਇਸ ਕਾਲੋਨੀ ਨੂੰ ਕਿਸਾਨਾਂ ਤੇ ਹੋਰ ਜ਼ਮੀਨ ਮਾਲਕਾਂ ਤੋਂ 12,500 ਰੁਪਏ ਪ੍ਰਤੀ ਮਰਲਾ ਖਰੀਦ ਕੇ ਔਸਤਨ 75,000 ਰੁਪਏ ਪ੍ਰਤੀ ਮਰਲਾ ਵੇਚ ਕੇ ਅਰਬਾਂ ਦੀ ਕਮਾਈ ਕੀਤੀ ਹੈ। ਜੇਕਰ ਮਾਣਯੋਗ ਸੁਪਰੀਮ ਕੋਰਟ ਨੇ ਕਿਸਾਨਾਂ ਅਤੇ ਜ਼ਮੀਨ ਮਾਲਕਾਂ ਨੂੰ ਔਸਤਨ 9000 ਰੁਪਏ ਪ੍ਰਤੀ ਮਰਲਾ ਵਾਧੂ ਲੈਂਡ ਇਨਹਾਂਸਮੈਂਟ ਕੀਤੀ ਹੈ ਤਾਂ ਟਰੱਸਟ ਇਸਨੂੰ ਆਪਣੀ ਜੇਬ ਵਿਚੋਂ ਦੇਵੇ। ਇਸ ਮੁੱਦੇ ’ਤੇ ਹੁਣ ਸੋਸਾਇਟੀ ਮੈਂਬਰਾਂ ਦੀ ਇਕ ਹੋਰ ਮੀਟਿੰਗ ਚੇਅਰਮੈਨ ਆਹਲੂਵਾਲੀਆ ਨਾਲ ਅਗਲੇ 2 ਦਿਨਾਂ ਬਾਅਦ ਹੋਵੇਗੀ।

Harinder Kaur

This news is Content Editor Harinder Kaur