ਕਿਤੇ ਅੰਮ੍ਰਿਤਸਰ ਇੰਪਰੂਵਮੈਂਟ ਟਰਸੱਟ ਵਾਂਗ ਜਲੰਧਰ ''ਚ ਨਾ ਵਾਪਰ ਜਾਵੇ ਕਾਂਡ!

08/31/2017 5:19:51 AM

ਜਲੰਧਰ(ਖੁਰਾਣਾ)- ਇਨ੍ਹੀਂ ਦਿਨੀਂ ਉਂਝ ਤਾਂ ਪੰਜਾਬ ਦੇ ਕਈ ਸਰਕਾਰੀ ਦਫਤਰਾਂ ਵਿਚ ਰਿਸ਼ਵਤਖੋਰੀ ਤੇ ਭ੍ਰਿਸ਼ਟਾਚਾਰ ਦੇ ਨਵੇਂ-ਨਵੇਂ ਮਾਮਲੇ ਸਾਹਮਣੇ ਆ ਰਹੇ ਹਨ ਪਰ ਅੱਜ ਕਲ ਅੰਮ੍ਰਿਤਸਰ ਇੰਪਰੂਵਮੈਂਟ ਟਰਸੱਟ ਵਿਸ਼ੇਸ਼ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਟਰੱਸਟ ਵਿਚ ਅਕਾਊਂਟੈਂਟ ਤੋਂ ਡੀ. ਸੀ. ਐੱਫ. ਏ. ਬਣੇ ਇਕ ਅਧਿਕਾਰੀ ਨੇ ਐੱਚ. ਡੀ. ਐੱਫ. ਸੀ. ਬੈਂਕ ਵਿਚ ਜਾਅਲੀ ਬੈਂਕ ਅਕਾਊਂਟ ਖੋਲ੍ਹ ਕੇ ਉਸ ਵਿਚ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਨਾਲ ਸਬੰਧਿਤ ਰਕਮਾਂ ਨੂੰ ਟਰਾਂਸਫਰ ਕਰਨ ਦੀ ਖੇਡ ਖੇਡੀ। ਇਸ ਸਕੈਂਡਲ ਦੀ ਰਕਮ 30-40 ਕਰੋੜ ਰੁਪਏ ਦੱਸੀ ਜਾ ਰਹੀ ਹੈ ਤੇ ਲੋਕਲ ਬਾਡੀਜ਼ ਵਿਭਾਗ ਦੇ ਚੀਫ ਵਿਜੀਲੈਂਸ ਅਫਸਰ ਸੁਦੀਪ ਕੁਮਾਰ ਨੇ ਇਸ ਮਾਮਲੇ ਵਿਚ ਕਾਫੀ ਤੱਥ ਇਕੱਠੇ ਕਰ ਲਏ ਹਨ ਤੇ ਇਸ ਸਕੈਂਡਲ ਦੀ ਰਸਮੀ ਤੌਰ 'ਤੇ ਪੁਲਸ ਵਿਚ ਸ਼ਿਕਾਇਤ ਵੀ ਦਰਜ ਹੋ ਗਈ ਹੈ। ਆਉਣ ਵਾਲੇ ਦਿਨਾਂ ਵਿਚ ਜਿੱਥੇ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦਾ ਇਹ ਕਾਂਡ ਚਰਚਾ ਦਾ ਵਿਸ਼ਾ ਬਣੇਗਾ ਉਥੇ ਮੰਨਿਆ ਜਾ ਰਿਹਾ ਹੈ ਕਿ ਜਲੰਧਰ ਇੰਪਰੂਵਮੈਂਟ ਟਰਸੱਟ ਵਿਚ ਵੀ ਭ੍ਰਿਸ਼ਟਾਚਾਰ ਦੇ ਅਜਿਹੇ ਸਕੈਂਡਲ ਸਾਹਮਣੇ ਆ ਸਕਦੇ ਹਨ। ਪਿਛਲੇ ਕਈ ਸਾਲਾਂ ਤੋਂ ਜਲੰਧਰ ਇੰਪਰੂਵਮੈਂਟ ਟਰੱਸਟ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਕਾਫੀ ਬਦਨਾਮ ਰਿਹਾ ਹੈ ਤੇ ਕੁਝ ਮਹੀਨੇ ਪਹਿਲਾਂ ਇਸਦੇ ਇਕ ਕਲਰਕ ਸੰਦੀਪ ਮਿੱਤਰ ਨੂੰ ਵਿਜੀਲੈਂਸ ਨੇ ਰੰਗੇ ਹੱਥੀਂ ਗ੍ਰਿਫਤਾਰ ਵੀ ਕੀਤਾ ਸੀ। ਚਰਚਾ ਹੈ ਕਿ ਜਲੰਧਰ ਇੰਪਰੂਵਮੈਂਟ ਟਰੱਸਟ ਦੀਆਂ ਕਈ ਸਕੀਮਾਂ ਵਿਚ ਅਲਾਟਮੈਂਟ ਤੇ ਰਜਿਸਟਰੀਆਂ ਦੇ ਨਾਂ 'ਤੇ ਭਾਰੀ ਬੇਨਿਯਮੀਆਂ ਵਰਤੀਆਂ ਗਈਆਂ ਹਨ ਜਿਸਦੇ ਬਦਲੇ ਵਿਚ ਟਰੱਸਟ ਕਰਮਚਾਰੀਆਂ ਨੇ ਮੋਟੀ ਕਾਲੀ ਕਮਾਈ ਕੀਤੀ। ਅਜਿਹੇ ਕਈ ਸਕੈਂਡਲ ਹੁਣ ਫਾਈਲਾਂ ਵਿਚ ਦਫਨ ਹਨ। ਕਈ ਮਾਮਲਿਆਂ ਦੀਆਂ ਸ਼ਿਕਾਇਤਾਂ ਵੀ ਹੋਈਆਂ ਪਰ ਉਨ੍ਹਾਂ ਸ਼ਿਕਾਇਤਾਂ ਨੂੰ ਰਾਜਨੀਤਕ ਪ੍ਰਭਾਵ ਕਾਰਨ ਦਬਾਅ ਦਿੱਤਾ ਗਿਆ। ਹੁਣ ਜੇਕਰ ਕਾਂਗਰਸ ਸਰਕਾਰ ਆਪਣੀਆਂ ਪੁਰਾਣੀਆਂ ਸ਼ਿਕਾਇਤਾਂ ਨੂੰ ਹੀ ਖੰਗਾਲ ਲਵੇ ਤਾਂ ਭ੍ਰਿਸ਼ਟਾਚਾਰ ਦੇ ਕਈ ਮਾਮਲੇ ਸਾਹਮਣੇ ਆ ਸਕਦੇ ਹਨ। 
ਟਰੱਸਟ ਨੇ ਆਪਣੇ ਹੀ ਕਰਮਚਾਰੀਆਂ ਨੂੰ ਬਣਾਇਆ ਬੈਂਕ ਦਾ ਡਿਫਾਲਟਰ
ਜਲੰਧਰ ਇੰਪਰੂਵਮੈਂਟ ਇਨ੍ਹੀਂ ਦਿਨੀਂ ਘੋਰ ਵਿੱਤੀ ਤੰਗੀ ਦਾ ਸਾਹਮਣਾ ਕਰ ਰਿਹਾ ਹੈ। ਹਰ ਮਹੀਨੇ ਇਸਨੂੰ ਆਪਣੇ ਕਰਮਚਾਰੀਆਂ ਨੂੰ ਤਨਖਾਹ ਦੇਣ ਲਈ ਕਈ ਤਰ੍ਹਾਂ ਦੇ ਪਾਪੜ ਵੇਲਣੇ ਪੈ ਰਹੇ ਹਨ। ਪਿਛਲੇ ਮਹੀਨੇ ਇਸੇ ਤੰਗੀ ਕਾਰਨ ਆਪਣੇ ਹੀ ਕਰਮਚਾਰੀਆਂ ਨੂੰ ਬੈਂਕ ਦਾ ਡਿਫਾਲਟਰ ਬਣਾ ਦਿੱਤਾ। ਹੋਇਆ ਇੰਝ ਕਿ ਟਰੱਸਟ ਦੇ ਕਈ ਕਰਮਚਾਰੀਆਂ ਨੇ ਸੈਂਟਰਲ ਕੋਆਪ੍ਰੇਟਿਵ ਬੈਂਕ ਤੋਂ ਆਪਣੀ ਸੈਲਰੀ ਦੇ ਬਦਲੇ ਲੋਨ ਲਏ ਹੋਏ ਹਨ, ਜਿਨ੍ਹਾਂ ਦੀਆਂ ਕਿਸ਼ਤਾਂ ਕੱਟ ਕੇ ਟਰੱਸਟ ਵਲੋਂ ਹਰ ਮਹੀਨੇ ਬੈਂਕ ਨੂੰ ਭੇਜ ਦਿੱਤੀ ਜਾਂਦੀ ਹੈ। 
ਪਿਛਲੇ ਮਹੀਨੇ ਟਰੱਸਟ ਦਾ ਹੱਥ ਇੰਨਾ ਤੰਗ ਸੀ ਕਿ ਉਸਨੇ ਆਪਣੇ ਕਰਮਚਾਰੀਆਂ ਦੀਆਂ ਤਨਖਾਹਾਂ ਵਿਚੋਂ ਕਿਸ਼ਤਾਂ ਤਾਂ ਕੱਟ ਲਈਆਂ ਪਰ ਉਨ੍ਹਾਂ ਨੂੰ ਕੋਆਪ੍ਰੇਟਿਵ ਬੈਂਕਾਂ ਵਿਚ ਨਹੀਂ ਭੇਜਿਆ, ਜਿਸ ਕਾਰਨ ਕੋਆਪ੍ਰੇਟਿਵ ਬੈਂਕ ਨੇ ਅਜਿਹੇ ਸਾਰੇ ਕਰਮਚਾਰੀਆਂ ਨੂੰ ਡਿਫਾਲਟਰ ਨੋਟਿਸ ਕੱਢ ਦਿੱਤੇ। ਜ਼ਿਕਰਯੋਗ ਹੈ ਕਿ ਇਨ੍ਹੀਂ ਦਿਨੀਂ ਕੋਆਪ੍ਰੇਟਿਵ ਬੈਂਕ ਨੇ ਲੋਨ ਡਿਫਾਲਟਰਾਂ ਨੂੰ ਐੱਸ. ਐੱਮ. ਐੱਸ. ਦੇ ਜ਼ਰੀਏ ਸੂਚਨਾ ਦੇਣ ਦਾ ਰਿਵਾਜ ਸ਼ੁਰੂ ਕੀਤਾ ਹੈ, ਜਿਸ ਨਾਲ ਕਰਮਚਾਰੀਆਂ ਨੂੰ ਪਤਾ ਲੱਗ ਗਿਆ ਕਿ ਬੈਂਕ ਲੋਨ ਦੀ ਉਨ੍ਹਾਂ ਦੀ ਕਿਸ਼ਤ ਟੁੱਟ ਗਈ ਹੈ। ਭਾਵੇਂ ਟਰੱਸਟ ਨੇ ਅਗਲੇ ਮਹੀਨੇ ਇਹ ਰਕਮ ਕੋਆਪ੍ਰੇਟਿਵ ਬੈਂਕ ਨੂੰ ਭੇਜ ਦਿੱਤੀ ਪਰ ਇਸ ਘਟਨਾ ਨਾਲ ਇੰਪਰੂਵਮੈਂਟ ਟਰੱਸਟ ਦੇ ਵਿੱਤੀ ਸੰਕਟ ਦਾ ਪਰਦਾਫਾਸ਼ ਹੋ ਗਿਆ।