ਜਾਣੋ 5 ਮਿੰਟਾਂ 'ਚ ਪੰਜਾਬ ਦੇ ਤਾਜ਼ਾ ਹਾਲਾਤ

08/24/2020 9:36:03 PM

ਖਬਰਾਂ ਦੀ ਪੂਰੀ ਜਾਣਕਾਰੀ ਹਾਸਲ ਕਰਨ ਲਈ ਸਿਰਲੇਖ 'ਤੇ ਕਰੋ ਕਲਿੱਕ-           

SGPC ਪ੍ਰਧਾਨ ਦੀ ਕੇਂਦਰ ਸਰਕਾਰ ਨੂੰ ਮੰਗ, 'ਜਲਦ ਖੋਲ੍ਹਿਆ ਜਾਵੇ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ'
ਤਲਵੰਡੀ ਸਾਬੋ : ਭਾਵੇਂ ਕੋਰੋਨਾ ਮਹਾਮਾਰੀ ਦਾ ਕਹਿਰ ਅਜੇ ਜਾਰੀ ਹੈ ਪਰ ਜਿਵੇਂ ਬੀਤੇ ਦਿਨਾਂ ’ਚ ਕੇਂਦਰ ਸਰਕਾਰ ਨੇ ਦੇਸ਼ ’ਚ ਧਾਰਮਿਕ ਸਥਾਨਾਂ ਨੂੰ ਖੋਲ੍ਹ ਦਿੱਤਾ ਸੀ, ਉਂਝ ਹੀ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਦੇਖਦਿਆਂ ਹੁਣ ਚਾਹੀਦਾ ਇਹ ਹੈ ਕਿ ਕੇਂਦਰ ਸਰਕਾਰ ਬਿਨਾਂ ਦੇਰੀ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਨੂੰ ਖੋਲ੍ਹੇ ਤਾਂ ਜੋ ਸਿੱਖ ਆਪਣੇ ਪਾਵਨ ਅਸਥਾਨ ਦੇ ਦਰਸ਼ਨ ਕਰ ਸਕਣ।

'ਜਗ ਬਾਣੀ' ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਰੋ ਕਲਿੱਕ-

 https://play.google.com/store/apps/details?id=com.jagbani  

ਭਾਈ ਰਣਜੀਤ ਸਿੰਘ ਢੱਡਰੀਆਂਵਾਲਾ ਵਿਵਾਦ 'ਤੇ ਪੰਜ ਸਿੰਘ ਸਾਹਿਬਾਨਾਂ ਦਾ ਵੱਡਾ ਫ਼ੈਸਲਾ
ਅੰਮ੍ਰਿਤਸਰ : ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹੋਈ ਪੰਜ ਸਿੰਘ ਸਾਹਿਬਾਨਾਂ ਦੀ ਮੀਟਿੰਗ ਵਿਚ ਪੰਥ ਨਾਲ ਸੰਬੰਧਤ ਕਈ ਮਸਲੇ ਵਿਚਾਰੇ ਗਏ। ਪੰਜ ਸਿੰਘ ਸਾਹਿਬਾਨਾਂ ਦੀ ਹੋਈ ਇਸ ਇਕੱਤਰਤਾ ਵਿਚ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਸੰਬੰਧੀ ਵੀ ਵੱਡਾ ਫ਼ੈਸਲਾ ਲਿਆ ਗਿਆ ਹੈ। ਸ੍ਰੀ ਅਕਾਲ ਤਖਤ ਸਾਹਿਬ ਵਲੋਂ ਜਾਰੀ ਪ੍ਰੈਸ ਬਿਆਨ ਵਿਚ ਆਖਿਆ ਗਿਆ ਹੈ ਕਿ ਭਾਈ ਰਣਜੀਤ ਸਿਘ ਢੱਡਰੀਆਂਵਾਲੇ ਵਲੋਂ ਬੋਲੇ ਕਥਨਾ ਦੇ ਸੰਬੰਧ ਵਿਚ ਪੜਤਾਲ ਲਈ ਬਣਾਈ ਵਿਦਵਾਨਾਂ ਦੀ ਸਬ-ਕਮੇਟੀ ਦੀ ਰਿਪੋਰਟ ਪੁੱਜ ਗਈ ਹੈ। 

ਮੇਰੇ 'ਤੇ ਦੋਸ਼ ਸਾਬਿਤ ਕਰੋ, ਸ੍ਰੀ ਅਕਾਲ ਤਖਤ ਸਾਹਿਬ ਤਾਂ ਕੀ ਜਥੇਦਾਰਾਂ ਤੋਂ ਵੀ ਮੰਗਾਂਗਾ ਮੁਆਫੀ : ਢੱਡਰੀਆਂ ਵਾਲਾ
ਚੰਡੀਗੜ੍ਹ : ਸ੍ਰੀ ਅਕਾਲ ਤਖਤ ਸਾਹਿਬ ਤੋਂ ਅੱਜ 5 ਜੱਥੇਦਾਰ ਸਾਹਿਬਾਨਾਂ ਵਲੋਂ ਗੁਰਦੁਆਰਾ ਪ੍ਰਮੇਸ਼ਵਰ ਦੁਆਰ ਦੇ ਮੁੱਖ ਸੇਵਾਦਾਰ ਤੇ ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਬਾਰੇ ਜੋ ਫੈਸਲਾ ਸੁਣਾਇਆ ਗਿਆ, ਉਸ ਸਬੰਧੀ ਢੱਡਰੀਆਂ ਵਾਲਿਆਂ ਨੇ ਵੀਡੀਓ ਜਾਰੀ ਕਰ ਜਵਾਬ ਦਿੱਤਾ। ਢੱਡਰੀਆਂ ਵਾਲਿਆਂ ਨੇ ਕਿਹਾ ਕਿ ਉਨ੍ਹਾਂ ਉਪਰ ਜੋ ਦੋਸ਼ ਲਗਾਏ ਜਾ ਰਹੇ ਹਨ, ਉਹ ਸਾਬਿਤ ਕਰਕੇ ਦਿਖਾਓ, ਸ੍ਰੀ ਅਕਾਲ ਤਖਤ ਸਾਹਿਬ ਤਾਂ ਕੀ ਉਹ ਜੱਥੇਦਾਰਾਂ ਸਾਹਿਬਾਨਾਂ ਤੋਂ ਵੀ ਮੁਆਫ਼ੀ ਮੰਗ ਲੈਣਗੇ। ਭਾਈ ਰਣਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਕਦੇ ਵੀ ਗੁਰੂ ਸਾਹਿਬਾਨਾਂ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਗਲਤ ਸ਼ਬਦਾਵਲੀ ਨਹੀਂ ਵਰਤੀ, ਜਿਸ ਸਬੰਧੀ ਸਾਰੀਆਂ ਵੀਡੀਓਜ਼ ਨੈਟ 'ਤੇ ਮੌਜੂਦ ਹਨ ਪਰ ਉਹ ਸਾਡੇ ਕੁਝ ਗ੍ਰੰਥਾਂ 'ਚ ਗੁਰੂ ਸਾਹਿਬਾਨਾਂ ਬਾਰੇ ਜੋ ਕੂੜ ਪ੍ਰਚਾਰ ਲਿਖਿਆ ਹੈ, ਉਸ ਸਬੰਧੀ ਉਨ੍ਹਾਂ ਨੇ ਜ਼ਰੂਰ ਸੰਗਤ ਨੂੰ ਜਾਣੂ ਕਰਵਾਇਆ ਹੈ।

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਸਬੰਧੀ ਤਿਆਰੀਆਂ ਮੁਕੰਮਲ
ਗੁਰਦਾਸਪੁਰ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 553ਵੇਂ ਵਿਆਹ ਪੁਰਬ ਸਬੰਧੀ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਇਸ ਸਬੰਧੀ ਪ੍ਰਸ਼ਾਸਨ ਵਲੋਂ ਕੋਰੋਨਾ ਵਾਇਰਸ ਦੇ ਚੱਲਦੇ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਇਸ ਵਾਰ ਸਾਦੇ ਢੰਗ ਨਾਲ ਸਮਾਗਮ ਕੀਤਾ ਜਾਵੇਗਾ ਤੇ ਨਗਰ ਕੀਰਤਨ 'ਤੇ ਵੀ ਪਾਬੰਧੀ ਲਗਾ ਦਿੱਤੀ ਗਈ ਹੈ। ਇਸ ਸਭ ਦੇ ਬਾਵਜੂਦ ਸੰਗਤਾਂ ਵੱਡੀ ਗਿਣਤੀ 'ਚ ਗੁਰਦੁਆਰਾ ਕੰਧ ਸਾਹਿਬ ਵਿਖੇ ਨਤਮਸਤਕ ਹੋ ਰਹੀਆਂ ਹਨ। 

ਪੰਜਾਬ 'ਚ ਸੋਮਵਾਰ ਨੂੰ ਕੋਰੋਨਾ ਨਾਲ ਹੋਈ 43 ਮਰੀਜ਼ਾਂ ਦੀ ਮੌਤ, 1516 ਲੋਕ ਪਾਜ਼ੇਟਿਵ

ਲੁਧਿਆਣਾ,(ਸਹਿਗਲ): ਪੰਜਾਬ 'ਚ ਕੋਰੋਨਾ ਵਾਇਰਸ ਦੇ ਕਾਰਣ ਅੱਜ 43 ਮਰੀਜ਼ਾਂ ਦੀ ਮੌਤ ਹੋ ਗਈ, ਜਦਕਿ 1516 ਨਵੇਂ ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ। ਸੂਬੇ 'ਚ ਹੁਣ ਤਕ ਸਾਹਮਣੇ ਆਏ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 43,284 ਹੋ ਗਈ ਹੈ, ਜਦਕਿ 1129 ਲੋਕਾਂ ਦੀ ਮੌਤ ਹੋ ਚੁਕੀ ਹੈ। ਸੂਬੇ 'ਚ ਅੱਜ 12,454 ਸ਼ੱਕੀ ਮਰੀਜ਼ਾਂ ਦੇ ਸੈਂਪਲ ਜਾਂਚ ਲਈ ਭੇਜੇ ਗਏ ਹਨ ਅਤੇ 414 ਮਰੀਜ਼ ਆਕਸੀਜਨ ਸਪੋਰਟ 'ਤੇ ਦੱਸੇ ਜਾ ਰਹੇ ਹਨ, ਜਦਕਿ 51 ਨੂੰ ਵੈਂਟੀਲੇਟਰ ਲੱਗਾ ਹੈ।

ਵੱਡੀ ਖ਼ਬਰ: ਬਲਜੀਤ ਸਿੰਘ ਦਾਦੂਵਾਲ ਨੇ ਜਥੇਦਾਰੀ ਤੋਂ ਦਿੱਤਾ ਅਸਤੀਫ਼ਾ
ਤਲਵੰਡੀ ਸਾਬੋ : 10 ਨਵੰਬਰ 2015  ਨੂੰ ਅੰਮ੍ਰਿਤਸਰ ਦੇ ਚੱਬਾ ਚ ਹੋਏ ਸਰਬੱਤ ਖ਼ਾਲਸਾ ਵੱਲੋਂ ਤਖਤ ਸ੍ਰੀ ਦਮਦਮਾ ਸਾਹਿਬ ਦੇ ਥਾਪੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਜਥੇਦਾਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਹਰਿਆਣਾ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਣਨ ਤੋਂ ਬਾਅਦ ਅੱਜ ਤਖ਼ਤ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਨਤਮਤਕ ਹੋਏ। ਇਸ ਮੌਕੇ ਉਨ੍ਹਾਂ ਨੇ ਜਥੇਦਾਰੀ ਤੋਂ ਅਸਤੀਫ਼ਾ ਬੇਨਤੀ ਪੱਤਰ ਦੇ ਰੂਪ 'ਚ ਦੇ ਦਿੱਤਾ। 

'ਢੁਆਈ ਦੇ ਟੈਂਡਰਾਂ' 'ਤੇ ਗਰਮਾਈ ਸਿਆਸਤ, ਮਨਪ੍ਰੀਤ ਬਾਦਲ 'ਤੇ ਲੱਗੇ ਗੰਭੀਰ ਦੋਸ਼
ਬਠਿੰਡਾ : ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਉਨ੍ਹਾਂ ਦੇ ਰਿਸ਼ਤੇਦਾਰ ਜੈਜੀਤ ਸਿੰਘ ਜੌਹਲ ਜੋਜੋ ਨੇ ਸਰਕਾਰੀ ਤੇ ਗੈਰ-ਸਰਕਾਰੀ ਲੁੱਟ-ਖਸੁੱਟ ਦੀਆਂ ਸਾਰੀਆਂ ਹੱਦਾਂ ਲੰਘ ਦਿੱਤੀਆਂ ਹਨ। ਹੁਣ ਇਨ੍ਹਾਂ ਨੇ ਸਰਕਾਰੀ ਤੇ ਨਿੱਜੀ ਮਾਲ ਦੀ ਢੋਆ-ਢੁਆਈ ਦੇ ਠੇਕੇ ਜ਼ਬਰਨ ਆਪਣੇ ਚਹੇਤਿਆਂ ਦੇ ਨਾਂ ਕਰਵਾ ਕੇ ਕਰੀਬ 600 ਕਰੋੜ ਰੁਪਏ ਦਾ ਚੂਨਾ ਸਰਕਾਰ ਨੂੰ ਲਾਇਆ ਹੈ।

ਪੰਜਾਬ ਦੇ 5 ਜ਼ਿਲਿ੍ਹਆਂ ’ਚ ਸਖ਼ਤੀ, ਅੱਜ ਤੋਂ ਨਵੇਂ ਨਿਯਮ ਲਾਗੂ
ਅੰਮਿ੍ਰਤਸਰ : ਪੰਜਾਬ ’ਚ ਕੋਰੋਨਾ ਦਾ ਪ੍ਰਕੋਪ ਦਿਨੋ-ਦਿਨ ਵੱਧਦਾ ਜਾ ਰਿਹਾ ਹੈ। ਇਸ ਦੇ ਮੱਦੇਨਜ਼ਰ ਪੰਜਾਬ ਸਰਕਾਰ ਵਲੋਂ ਪੰਜਾਬ ਦੇ 5 ਜ਼ਿਲਿ੍ਹਆ ’ਚ ਹੋਰ ਸਖ਼ਤੀ ਵਧਾਉਂਦੇ ਹੋਏ ਅੱਜ ਤੋਂ ਨਵੇਂ ਨਿਯਮ ਲਾਗੂ ਕਰ ਦਿੱਤੇ ਗਏ ਹਨ। ਇਹ ਨਿਯਮ ਲੁਧਿਆਣਾ, ਪਟਿਆਲਾ, ਜਲੰਧਰ, ਅੰਮਿ੍ਰਤਸਰ ਤੇ ਮੋਹਾਲੀ ’ਚ ਲਾਗੂ ਕੀਤੇ ਗਏ ਹਨ। ਨਵੇਂ ਨਿਯਮਾਂ ਅਨੁਸਾਰ ਅੱਜ ਤੋਂ ਇਨ੍ਹਾਂ ਪੰਜ ਜ਼ਿਲਿ੍ਹਆ ’ਚ ਔੜ-ਈਵਨ ਫਾਰਮੂਲੇ ਤਹਿਤ ਸਿਰਫ਼ 50 ਫ਼ੀਸਦੀਆਂ ਦੁਕਾਨਾਂ ਹੀ ਖੁੱਲ੍ਹਣਗੀਆਂ। ਇਸ ਤੋਂ ਇਲਾਵਾ ਗੈਰ ਜ਼ਰੂਰੀ ਸਾਮਾਨ ਦੀਆਂ ਅੱਧੀਆਂ ਦੁਕਾਨਾਂ ਹੀ ਖੁੱਲ੍ਹ ਸਕਣਗੀਆਂ। ਜ਼ਰੂਰੀ ਸਮਾਨਾਂ ਦੀਆਂ ਦੁਕਾਨਾਂ ’ਤੇ ਕਿਸੇ ਤਰ੍ਹਾਂ ਜੀ ਪਾਬੰਧੀ ਨਹੀਂ ਹੋਵੇਗੀ। 

ਵੱਡੀ ਵਾਰਦਾਤ : ਪੁਲਸ ਪਾਰਟੀ 'ਤੇ ਗੈਂਗਸਟਰਾਂ ਵਲੋਂ ਹਮਲਾ, ASI ਨੂੰ ਮਾਰੀ ਗੋਲੀ
ਤਰਨਤਾਰਨ : ਅੱਜ ਸਵੇਰੇ ਛਾਪੇਮਾਰੀ ਕਰਨ ਗਈ ਪੁਲਸ ਪਾਰਟੀ 'ਤੇ ਗੈਂਗਸਟਰਾਂ ਵਲੋਂ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਪੁਲਸ ਥਾਣਾ ਭਿੱਖੀਵਿੰਡ ਵਿਖੇ ਤਾਇਨਾਤ ਏ.ਐੱਸ.ਆਈ. ਮਲਕੀਤ ਸਿੰਘ ਪੁਲਸ ਪਾਰਟੀ ਸਮੇਤ ਛਾਪੇਮਾਰੀ ਕਰਨ ਪਿੰਡ ਪੂਹਲਾ ਗਏ ਸਨ। ਇਸੇ ਦੌਰਾਨ ਉਥੇ ਮੌਜੂਦ ਗੈਂਗਸਟਰਾਂ ਵਲੋਂ ਪੁਲਸ ਪਾਰਟੀ 'ਤੇ ਗੋਲੀਆਂ ਚਲਾ ਦਿੱਤੀਆਂ ਗਈਆਂ, ਜਿਸ ਕਾਰਨ ਇਕ ਗੋਲੀ ਏ.ਐੱਸ.ਆਈ. ਦੀ ਲੱਤ 'ਚ ਲੱਗੀ ਤੇ ਉਹ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ। ਇਸ ਉਪਰੰਤ ਉਨ੍ਹਾਂ ਨੂੰ ਤੁਰੰਤ ਭਿੱਖੀਵਿੰਡ ਦੇ ਨਿੱਜੀ ਹਸਪਤਾਲ 'ਚ ਇਲਾਜ਼ ਲਈ ਦਾਖ਼ਲ ਕਰਵਾਇਆ ਗਿਆ।  

ਦੁਖ਼ਦ ਖਬਰ : ਪਟਿਆਲਾ ਦੇ ਨੌਜਵਾਨ ਪੱਤਰਕਾਰ ਦੀ 'ਕੋਰੋਨਾ' ਕਾਰਨ ਮੌਤ
ਪਟਿਆਲਾ : ਪਟਿਆਲਾ ਦੇ ਇਕ ਨੌਜਵਾਨ ਪੱਤਰਕਾਰ ਜੈਦੀਪ ਸਿੰਘ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ ਹੈ। 27 ਸਾਲਾ ਜੈਦੀਪ ਸਿੰਘ ਦੀ ਕੋਰੋਨਾ ਰਿਪੋਰਟ 17 ਅਗਸਤ ਨੂੰ ਪਾਜ਼ੇਟਿਵ ਪਾਈ ਗਈ ਸੀ, ਜਿਸ ਤੋਂ ਬਾਅਦ ਇਲਾਜ ਲਈ ਉਸ ਨੂੰ 19 ਅਗਸਤ ਨੂੰ ਰਾਜਿੰਦਰਾ ਹਸਪਤਾਲ ਦਾਖ਼ਲ ਕਰਵਾਇਆ ਗਿਆ ਪਰ ਜੈਦੀਪ ਦੀ ਹਾਲਤ ਜ਼ਿਆਦਾ ਖਰਾਬ ਹੋਣ ਕਾਰਨ 20 ਅਗਸਤ ਨੂੰ ਉਸ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ।

ਅੰਮ੍ਰਿਤਸਰ ਜ਼ਿਲ੍ਹੇ 'ਚ 'ਕੋਰੋਨਾ' ਬਲਾਸਟ, ਇੰਟਰਨੈਸ਼ਨਲ ਕ੍ਰਿਕਟ ਖਿਡਾਰੀ ਸਮੇਤ 105 ਨਵੇਂ ਮਾਮਲੇ
ਅੰਮ੍ਰਿਤਸਰ : ਕੋਰੋਨਾ ਲਾਗ ਦੀ ਬੀਮਾਰੀ (ਮਹਾਮਾਰੀ) ਦੇ ਚੱਲਦਿਆਂ ਜਿੱਥੇ ਅੱਜ ਪੂਰੇ ਦੇਸ਼ ਵਿਚ ਅਰਬਾਂ ਰੁਪਿਆ ਦਾ ਨੁਕਸਾਨ ਹੋ ਰਿਹਾ ਹੈ ਅਤੇ ਕਰੋੜਾਂ ਲੋਕਾਂ ਦੀਆਂ ਨੌਕਰੀਆਂ ਚੱਲੀਆਂ ਗਈਆਂ ਹਨ, ਉਥੇ ਹੀ ਅੱਜ ਵੀ ਕੁੱਝ ਲੋਕ ਕੋਰੋਨਾ ਨੂੰ ਮੰਨਣ ਲਈ ਤਿਆਰ ਨਹੀਂ ਹਨ। ਅਜਿਹੇ ਲੋਕ ਨਾ ਤਾਂ ਮਾਸਕ ਪਾ ਰਹੇ ਹਨ ਅਤੇ ਨਾ ਹੀ ਕਿਸੇ ਤਰ੍ਹਾਂ ਦਾ ਸੋਸ਼ਲ ਡਿਸਟੈਂਸ ਰੱਖ ਰਹੇ ਹਨ। ਅੱਜ ਵੀ ਅੰਮ੍ਰਿਤਸਰ ਜ਼ਿਲ੍ਹੇ 'ਚ 2 ਦਿਨ ਦੀ ਤਾਲਾਬੰਦੀ ਦੇ ਬਾਅਦ ਸੋਮਵਾਰ ਨੂੰ ਫਿਰ ਤੋਂ ਕੋਰੋਨਾ ਬਲਾਸਟ ਹੋਇਆ ਹੈ। 

ਘਰ 'ਚ ਇਕਾਂਤਵਾਸ 'ਕੋਰੋਨਾ' ਮਰੀਜ਼ਾਂ ਲਈ ਚੰਗੀ ਖ਼ਬਰ, ਪੰਜਾਬ ਸਰਕਾਰ ਨੇ ਦਿੱਤੀ ਰਾਹਤ
ਲੁਧਿਆਣਾ (ਹਿਤੇਸ਼, ਸਹਿਗਲ) : ਕੋਰੋਨਾ ਮਰੀਜ਼ਾਂ ਦੀ ਵੱਧਦੀ ਗਿਣਤੀ ਦੇ ਮੁਕਾਬਲੇ ਸਰਕਾਰੀ ਅਤੇ ਨਿੱਜੀ ਹਸਪਤਾਲਾਂ 'ਚ ਸਾਧਨਾਂ ਦੀ ਕਮੀ ਹੋਣ ਦੇ ਮੱਦੇਨਜ਼ਰ ਸਰਕਾਰ ਨੇ ਘਰ 'ਚ ਇਕਾਂਤਵਾਸ ਦੇ ਨਿਯਮਾਂ ਨੂੰ ਹੋਰ ਸੌਖਾ ਕਰ ਦਿੱਤਾ ਹੈ, ਜਿਸ ਲਈ ਕੋਰੋਨਾ ਦੇ ਮਾਮੂਲੀ ਲੱਛਣ ਹੋਣ ’ਤੇ ਵੀ ਮੈਡੀਕਲ ਚੈੱਕਅਪ ਦੇ ਝੰਜਟ ਤੋਂ ਛੁਟਕਾਰਾ ਮਿਲ ਗਿਆ ਹੈ ਅਤੇ ਸਿਰਫ ਟੈਸਟ ਦੇ ਸਮੇਂ ਅੰਡਰਟੇਕਿੰਗ ਦੇਣੀ ਪਵੇਗੀ।

ਭੰਗੜਾ ਪਾ ਕੇ ਕੋਰੋਨਾ ਨੂੰ ਮਾਤ ਦੇ ਰਹੇ ਹਨ ਸਿਵਲ ਹਸਪਤਾਲ ਦੇ SMO ਡਾ. ਅਰੁਣ
ਅੰਮ੍ਰਿਤਸਰ : ਕੋਰੋਨਾ ਵਾਇਰਸ ਜਿੱਥੇ ਪਾਜ਼ੇਟਿਵ ਮਰੀਜਾਂ ਨੂੰ ਡਰਾ ਰਿਹਾ ਹੈ, ਉਥੇ ਹੀ ਜ਼ਿਲ੍ਹਾ ਪੱਧਰੀ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਧਿਕਾਰੀ ਡਾ. ਅਰੁਣ ਸ਼ਰਮਾ ਪਾਜ਼ੇਟਿਵ ਹੋਣ ਤੋਂ ਬਾਅਦ ਵੀ ਭੰਗੜਾ ਪਾਉਂਦੇ ਵਿਖਾਈ ਦਿੱਤੇ। ਕੋਰੋਨਾ ਦਾ ਮੁਕਾਬਲਾ ਕਰਨ ਵਾਲੇ ਡਾਕਟਰ ਦੇ ਹੌਂਸਲੇ ਵੇਖ ਕੇ ਜਿੱਥੇ ਪੰਜਾਬ ਸਰਕਾਰ ਵੀ ਉਨ੍ਹਾਂ ਦੀ ਪ੍ਰਸ਼ੰਸਾ ਕਰ ਰਹੀ ਹੈ, ਉਥੇ ਹੀ ਡਾਕਟਰ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ।

ਗਾਇਬ ਹੋਏ 'ਪਾਵਨ ਸਰੂਪ' ਮਾਮਲੇ 'ਚ ਵੱਡਾ ਖੁਲਾਸਾ, ਪੰਜ ਸਿੰਘ ਸਾਹਿਬਾਨ ਨੇ ਸੁਣਾਇਆ ਫ਼ੈਸਲਾ
ਅੰਮ੍ਰਿਤਸਰ : ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹੋਈ ਪੰਜ ਸਿੰਘ ਸਾਹਿਬਾਨਾਂ ਦੀ ਮੀਟਿੰਗ 'ਚ ਪੰਥ ਨਾਲ ਸਬੰਧਿਤ ਕਈ ਮਸਲੇ ਵਿਚਾਰੇ ਗਏ, ਜਿਨ੍ਹਾਂ 'ਚ ਪਾਵਨ ਸਰੂਪਾਂ ਦੇ ਗਾਇਬ ਹੋਣ ਦਾ ਮੁੱਦਾ ਵੀ ਸ਼ਾਮਲ ਸੀ। ਇਸ 'ਤੇ ਬੋਲਦਿਆਂ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਕਿਹਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਕਰਵਾਈ ਗਈ ਪੜਤਾਲ ਮੁਤਾਬਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਸਟੋਰ ਲੈਜਰ 'ਚ ਠੀਕ ਢੰਗ ਨਾਲ ਨਹੀਂ ਰੱਖੇ ਗਏ ਅਤੇ ਇਨ੍ਹਾਂ 'ਚ ਵਾਰ-ਵਾਰ ਕਟਿੰਗ ਅਤੇ ਛੇੜਛਾੜ ਕੀਤੀ ਗਈ।

ਪੰਜਾਬ ਨੇ 'ਕੋਰੋਨਾ' 'ਚ ਮੰਗਿਆ 2 ਲੱਖ ਵਾਧੂ ਵਿਦਿਆਰਥੀਆਂ ਲਈ 'ਰਾਸ਼ਨ', ਜਾਣੋ ਕਾਰਨ
ਲੁਧਿਆਣਾ : ਕੋਵਿਡ-19 ਦੇ ਕਾਰਨ ਹੋਈ ਤਾਲਾਬੰਦੀ ਦੇ ਬਾਵਜੂਦ ਵੀ ਪੰਜਾਬ ਦੇ ਸਰਕਾਰੀ ਸਕੂਲਾਂ 'ਚ ਪ੍ਰਾਈਮਰੀ ਅਤੇ ਅੱਪਰ ਪ੍ਰਾਈਮਰੀ ਜਮਾਤਾਂ ਦੇ ਦਾਖ਼ਲੇ 'ਚ ਵੱਡਾ ਵਾਧਾ ਦਰਜ ਕੀਤਾ ਗਿਆ ਹੈ। ਬੱਚਿਆਂ ਦੀ ਵਧੀ ਹੋਈ ਗਿਣਤੀ ਨੂੰ ਧਿਆਨ 'ਚ ਰੱਖਦੇ ਹੋਏ ਹੀ ਪੰਜਾਬ ਸਰਕਾਰ ਦੇ ਸਕੂਲ ਸਿੱਖਿਆ ਮਹਿਕਮੇ ਨੇ ਕੇਂਦਰ ਸਰਕਾਰ ਤੋਂ ਮਿੱਡ-ਡੇਅ ਮੀਲ ਲਈ ਪਹਿਲਾਂ ਤੋਂ ਆ ਰਹੀ ਰਾਸ਼ੀ ਅਤੇ ਰਾਸ਼ਨ ਨਾਲੋਂ 2 ਲੱਖ ਜ਼ਿਆਦਾ ਵਿਦਿਆਰਥੀਆਂ ਦੇ ਮਿੱਡ-ਡੇਅ ਮੀਲ ਲਈ ਰਾਸ਼ਨ ਅਤੇ ਇਸ ਨਾਲ ਸਬੰਧਿਤ ਫੰਡਾਂ ਦੀ ਮੰਗ ਕੀਤੀ ਹੈ।

ਫਿਰੋਜ਼ਪੁਰ: ਐੱਸ.ਟੀ.ਐੱਫ. ਵੱਲੋਂ 15 ਕਰੋੜ ਦੀ ਹੈਰੋਇਨ ਸਮੇਤ ਤਸਕਰ ਗ੍ਰਿਫ਼ਤਾਰ
ਫਿਰੋਜ਼ਪੁਰ— ਕੋਰੋਨਾ ਦੀ ਆਫ਼ਤ ਦਰਮਿਆਨ ਵੀ ਫਿਰੋਜ਼ਪੁਰ ਭਾਰਤ-ਪਾਕਿ ਬਾਰਡਰ ਤੋਂ ਰੋਜ਼ਾਨਾ ਕਰੋੜਾਂ ਦੀ ਕੀਮਤ 'ਚ ਹੈਰੋਇਨ ਮਿਲਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਅੱਜ ਵੀ ਗੁਪਤ ਸੂਚਨਾ ਦੇ ਆਧਾਰ 'ਤੇ ਸਪੈਸ਼ਲ ਟਾਸਕ ਫੋਰਸ ਫਿਰੋਜ਼ਪੁਰ ਦੀ ਪੁਲਸ ਨੇ ਇੰਸਪੈਕਟਰ ਜਸਵਿੰਦਰ ਸਿੰਘ ਦੀ ਅਗਵਾਈ 'ਚ ਫਿਰੋਜ਼ਪੁਰ ਦੇ ਪਿੰਡ ਰਾਜਾ ਰਾਏ 'ਚ ਰੇਡ ਕਰਦੇ ਹੋਏ ਕਥਿਤ ਤੌਰ 'ਤੇ ਇਕ ਤਸਕਰ ਨੂੰ ਗ੍ਰਿਫ਼ਤਾਰ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਕ ਉਸ ਦੇ ਕੋਲੋਂ ਤਿੰਨ ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ।

ਪੰਜ ਸਿੰਘ ਸਾਹਿਬਾਨਾਂ ਦਾ ਸਖ਼ਤ ਰੁੱਖ, ਗਿਆਨੀ ਇਕਬਾਲ ਸਿੰਘ ਤੇ ਸੁੱਚਾ ਸਿੰਘ ਲੰਗਾਹ ਮਾਮਲੇ 'ਚ ਦੋ ਟੁੱਕ
ਅੰਮ੍ਰਿਤਸਰ : ਸਿੱਖ ਪੰਥ 'ਚ ਚੱਲ ਰਹੇ ਮਾਮਲਿਆਂ 'ਤੇ ਵਿਚਾਰਾਂ ਲਈ ਅੱਜ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨਾਂ ਦੀ ਮੀਟਿੰਗ ਹੋਈ। ਇਸ ਇਕੱਤਰਤਾ ਵਿਚ ਪੰਜ ਸਿੰਘ ਸਾਹਿਬਾਨਾਂ ਨੇ ਪੰਥ 'ਚੋਂ ਛੇਕੇ ਗਏ ਸੁੱਚਾ ਸਿੰਘ ਲੰਗਾਹ 'ਤੇ ਸਖ਼ਤ ਰੁੱਖ ਅਖਤਿਆਰ ਕਰਦਿਆਂ ਆਖਿਆ ਕਿ ਸੁੱਚਾ ਸਿੰਘ ਲੰਗਾਹ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਕੋਈ ਮੁਆਫ਼ੀ ਨਹੀਂ ਦਿੱਤੀ ਗਈ ਹੈ। ਇਸ ਲਈ ਸੰਗਤਾਂ ਇਸ ਨਾਲ ਮਿਲਵਰਤਣ ਨਾ ਰੱਖਣ।

ਨਿਊਜ਼ਰੂਮ ਤੋਂ ਵੇਖੋ ਪੰਜਾਬ ਦੀਆਂ ਤਾਜ਼ਾ ਖਬਰਾਂ ਲਾਈਵ (ਵੀਡੀਓ)

 

Deepak Kumar

This news is Content Editor Deepak Kumar