ਮਾਤਾ ਚਿੰਤਪੁਰਨੀ ਮੇਲੇ 'ਤੇ ਲੰਗਰ ਲਾਉਣ ਵਾਲਿਆਂ ਲਈ ਹੁਸ਼ਿਆਰਪੁਰ ਪ੍ਰਸ਼ਾਸਨ ਦਾ ਵੱਡਾ ਫ਼ੈਸਲਾ

08/13/2023 3:31:52 PM

ਹੁਸ਼ਿਆਰਪੁਰ (ਘੁੰਮਣ)-17 ਅਗਸਤ ਤੋਂ ਸ਼ੁਰੂ ਹੋਣ ਜਾ ਰਹੇ ਮਾਤਾ ਚਿੰਤਪੁਰਨੀ ਮੇਲੇ ਦੇ ਪ੍ਰਬੰਧਾਂ ਸਬੰਧੀ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਜ਼ਿਲ੍ਹੇ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ-ਨਾਲ ਊਨਾ ਜ਼ਿਲ੍ਹਾ (ਹਿਮਾਚਲ ਪ੍ਰਦੇਸ਼) ਦੇ ਅਧਿਕਾਰੀਆਂ ਨਾਲ ਸ਼ਨੀਵਾਰ ਮੀਟਿੰਗ ਕੀਤੀ ਅਤੇ ਸਾਂਝੀ ਰਣਨੀਤੀ ਬਣਾਈ। ਮੀਟਿੰਗ ਵਿਚ ਐੱਸ. ਐੱਸ. ਪੀ. ਹੁਸ਼ਿਆਰਪੁਰ ਸਰਤਾਜ ਸਿੰਘ ਚਾਹਲ, ਵਧੀਕ ਡਿਪਟੀ ਕਮਿਸ਼ਨਰ (ਜ) ਰਾਹੁਲ ਚਾਬਾ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਬਲਰਾਜ ਸਿੰਘ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ। ਮੀਟਿੰਗ ਉਪਰੰਤ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨਾਲ ਮਾਤਾ ਚਿੰਤਪੁਰਨੀ ਚੌਂਕ, ਬੰਜਰਬਾਗ, ਆਦਮਵਾਲ, ਚੌਹਾਲ, ਮੰਗੂਵਾਲ ਤੋਂ ਲੈ ਕੇ ਹਿਮਾਚਲ ਪ੍ਰਦੇਸ਼ ਬਾਰਡਰ ਤੱਕ ਦਾ ਦੌਰਾ ਕੀਤਾ ਅਤੇ ਪ੍ਰਬੰਧਾਂ ਸਬੰਧੀ ਜਾਇਜ਼ਾ ਲਿਆ। ਡਿਪਟੀ ਕਮਿਸ਼ਨਰ ਨੇ ਇਸ ਦੌਰਾਨ ਮਾਤਾ ਚਿੰਤਪੁਰਨੀ ਮੇਲੇ ਦੌਰਾਨ ਦਰਸ਼ਨਾਂ ਲਈ ਜਾਣ ਵਾਲੇ ਸਮੂਹ ਸ਼ਰਧਾਲੂਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਭਾਰ ਢੋਹਣ ਵਾਲੇ ਵਾਹਨਾਂ (ਟਰੱਕ, ਟੈਂਪੂ, ਟਾਟਾ ਐਸ ਆਦਿ) ’ਤੇ ਨਾ ਜਾਣ। ਉਨ੍ਹਾਂ ਇਹ ਵੀ ਕਿਹਾ ਕਿ ਕਮਰਸ਼ੀਅਲ ਵਾਹਨਾਂ ’ਤੇ ਸ਼ਰਧਾਲੂਆਂ ਨੂੰ ਫੱਟੇ ਆਦਿ ਲਗਾ ਕੇ ਬਿਠਾਇਆ ਜਾਂਦਾ ਹੈ, ਜਿਸ ਨਾਲ ਜਿੱਥੇ ਕਾਨੂੰਨ ਦੀ ਉਲੰਘਣਾ ਹੁੰਦੀ ਹੈ, ਉਥੇ ਕਿਸੇ ਗੰਭੀਰ ਹਾਦਸੇ ਦਾ ਖ਼ਤਰਾ ਵੀ ਬਣਿਆ ਰਹਿੰਦਾ ਹੈ।

ਇਹ ਵੀ ਪੜ੍ਹੋ-ਲੋਨ ਦਿਵਾਉਣ ਦੇ ਬਹਾਨੇ ਕੁੜੀ ਨਾਲ ਟੱਪੀਆਂ ਹੱਦਾਂ, ਅਸ਼ਲੀਲ ਤਸਵੀਰਾਂ ਖਿੱਚ ਕੀਤਾ ਹੈਰਾਨ ਕਰਦਾ ਕਾਰਾ

ਉਨ੍ਹਾਂ ਕਿਹਾ ਕਿ ਭਾਰ ਢੋਹਣ ਵਾਲੇ ਵਾਹਨਾਂ ’ਤੇ ਰੋਕ ਸਬੰਧੀ ਹਿਮਾਚਲ ਪ੍ਰਦੇਸ਼ ਦੇ ਅਧਿਕਾਰੀਆਂ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਹੁਸ਼ਿਆਰਪੁਰ ਨੂੰ ਬੇਨਤੀ ਕੀਤੀ ਗਈ ਹੈ। ਕੋਮਲ ਮਿੱਤਲ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਮਾਤਾ ਚਿੰਤਪੁਰਨੀ ਵਿਚ ਲੰਗਰ ਦੌਰਾਨ ਡੀ. ਜੇ. ਅਤੇ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ’ਤੇ ਪੂਰਨ ਪਾਬੰਦੀ ਹੋਵੇਗੀ। ਉਨ੍ਹਾਂ ਕਿਹਾ ਕਿ ਲੰਗਰ ਲਗਾਉਣ ਲਈ ਰਜਿਸਟ੍ਰੇਸ਼ਨ ਜ਼ਰੂਰੀ ਹੈ, ਇਸ ਲਈ ਲੰਗਰ ਕਮੇਟੀਆਂ ਵੱਲੋਂ ਇਹ ਰਜਿਸਟ੍ਰੇਸ਼ਨ ਐੱਸ. ਡੀ. ਐੱਮ. ਦਫ਼ਤਰ ਹੁਸ਼ਿਆਰਪੁਰ ਤੋਂ ਕਰਵਾਈ ਜਾ ਸਕਦੀ ਹੈ। ਉਨ੍ਹਾਂ ਲੰਗਰ ਕਮੇਟੀਆਂ ਨੂੰ ਵੀ ਅਪੀਲ ਕਰਦੇ ਹੋਏ ਕਿਹਾ ਕਿ ਉਹ ਪ੍ਰਬੰਧਾਂ ਨੂੰ ਸੁਚਾਰੂ ਬਣਾਉਣ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਦਾ ਸਹਿਯੋਗ ਕਰਨ।

ਉਨ੍ਹਾਂ ਕਿਹਾ ਕਿ ਲੰਗਰ ਲਗਾਉਣ ਦੌਰਾਨ ਸਫ਼ਾਈ ਵਿਵਸਥਾ ਬਰਕਰਾਰ ਰੱਖਣਾ ਵੀ ਯਕੀਨੀ ਬਣਾਇਆ ਜਾਵੇ, ਤਾਂ ਜੋ ਵਾਤਾਵਰਣ ਦੂਸ਼ਿਤ ਨਾ ਹੋ ਸਕੇ। ਉਨ੍ਹਾਂ ਇਹ ਵੀ ਅਪੀਲ ਕੀਤੀ ਕਿ ਨਿਰਵਿਘਨ ਆਵਾਜਾਈ ਲਈ ਸੰਗਠਨਾਂ ਵੱਲੋਂ ਸੜਕ ’ਤੇ ਆ ਕੇ ਲੰਗਰ ਨਾ ਵੰਡਿਆ ਜਾਵੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਲਦ ਹੀ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਜਾਵੇਗਾ, ਇਸ ਤੋਂ ਇਲਾਵਾ ਮੇਲੇ ਦੌਰਾਨ ਰੂਟ ਵਿਚ ਬਦਲਾਅ ਸਬੰਧੀ ਵੀ ਲੋਕਾਂ ਨੂੰ ਪ੍ਰਿੰਟ, ਇਲੈਕਟ੍ਰੋਨਿਕ ਅਤੇ ਸੋਸ਼ਲ ਮੀਡੀਆ ਰਾਹੀਂ ਅਗਾਊਂ ਜਾਣਕਾਰੀ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ-ਵੱਡੀ ਖ਼ਬਰ: ਭਾਖੜਾ ਡੈਮ ਦੇ ਖੋਲ੍ਹੇ ਗਏ ਫਲੱਡ ਗੇਟ ਤੇ ਸਤਲੁਜ 'ਚ ਛੱਡਿਆ ਗਿਆ ਪਾਣੀ, ਵੱਧ ਸਕਦੈ ਖ਼ਤਰਾ

ਉਨ੍ਹਾਂ ਕਿਹਾ ਕਿ ਮਾਤਾ ਚਿੰਤਪੁਰਨੀ ਮੇਲੇ ਨੂੰ ਸਫ਼ਲ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੁਖ਼ਤਾ ਪ੍ਰਬੰਧ ਯਕੀਨੀ ਬਣਾਏ ਜਾ ਰਹੇ ਹਨ, ਜਿਸ ਤਹਿਤ ਸ਼ਰਧਾਲੂਆਂ ਦੀ ਸੁਵਿਧਾ ਲਈ ਮੋਬਾਇਲ ਪਖਾਨੇ ਆਦਿ ਦਾ ਪ੍ਰਬੰਧ ਕਰਨ ਤੋਂ ਇਲਾਵਾ 24 ਘੰਟੇ ਸਿਹਤ ਸੁਵਿਧਾਵਾਂ, ਸਫ਼ਾਈ ਵਿਵਸਥਾ, ਟ੍ਰੈਫਿਕ ਕੰਟਰੋਲ, ਸੁਰੱਖਿਆ ਅਤੇ ਹੋਰ ਬੁਨਿਆਦੀ ਸੁਵਿਧਾਵਾਂ ਵੀ ਪ੍ਰਦਾਨ ਕੀਤੀਆਂ ਜਾਣਗੀਆਂ। ਇਸ ਮੌਕੇ ਆਈ. ਏ. ਐੱਸ. ਦਿਵਿਆ ਪੀ., ਐੱਸ. ਪੀ. (ਹੈਡਕੁਆਰਟਰ) ਮਨਜੀਤ ਕੌਰ, ਐੱਸ.ਪੀ. (ਡੀ) ਸਰਬਜੀਤ ਸਿੰਘ ਬਾਹੀਆ, ਆਈ. ਪੀ. ਐੱਸ. ਆਕਰਸ਼ੀ ਜੈਨ, ਡੀ. ਐੱਫ਼. ਓ. ਨਲਿਨ ਯਾਦਵ, ਐੱਸ. ਡੀ. ਐੱਮ. ਹੁਸ਼ਿਆਰਪੁਰ ਪ੍ਰੀਤਇੰਦਰ ਸਿੰਘ ਬੈਂਸ, ਸਹਾਇਕ ਕਮਿਸ਼ਨਰ (ਜ) ਵਿਓਮ ਭਾਰਦਵਾਜ, ਜ਼ਿਲਾ ਵਿਕਾਸ ਅਤੇ ਪੰਚਾਇਤ ਅਫਸਰ ਭੁਪਿੰਦਰ ਸਿੰਘ ਮੁਲਤਾਨੀ, ਸਹਾਇਕ ਕਮਿਸ਼ਨਰ ਨਗਰ ਨਿਗਮ ਸੰਦੀਪ ਤਿਵਾੜੀ, ਸਕੱਤਰ ਆਰ. ਟੀ. ਏ. ਆਰ. ਐੱਸ. ਗਿੱਲ ਤੋਂ ਇਲਾਵਾ ਹੋਰ ਅਧਿਕਾਰੀ ਵੀ ਮੌਜੂਦ ਸਨ।

ਇਹ ਵੀ ਪੜ੍ਹੋ-ਆਜ਼ਾਦੀ ਦਿਹਾੜੇ 'ਤੇ ਤੀਜੀ ਅੱਖ ਨਾਲ ਰਹੇਗੀ ਜਲੰਧਰ ਸ਼ਹਿਰ ’ਤੇ ਨਜ਼ਰ, ਅਧਿਕਾਰੀਆਂ ਨੂੰ ਮਿਲੇ ਇਹ ਸਖ਼ਤ ਹੁਕਮ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ

shivani attri

This news is Content Editor shivani attri