ਮਕਾਨ ਬਣਾਉਣ ਲਈ ਸਸਤੀ ਰੇਤਾ ਦਾ ਇੰਤਜ਼ਾਰ ਕਰ ਰਹੇ ਲੋਕਾਂ ਲਈ ਅਹਿਮ ਖ਼ਬਰ

02/11/2023 6:31:38 PM

ਜਲੰਧਰ (ਸੁਰਿੰਦਰ)–ਲੋਕਾਂ ਨੂੰ ਅਜੇ ਮਕਾਨ ਬਣਾਉਣ ਲਈ ਨਾ ਤਾਂ ਸਸਤੀ ਰੇਤਾ ਮਿਲੇਗੀ ਅਤੇ ਨਾ ਹੀ ਬੱਜਰੀ। ਪੰਜਾਬ ਸਰਕਾਰ ਵੱਖ-ਵੱਖ ਥਾਵਾਂ ’ਤੇ ਜਿਹੜੇ ਨਵੇਂ ਵਿਕਰੀ ਕੇਂਦਰ ਖੋਲ੍ਹਣ ਜਾ ਰਹੀ ਸੀ, ਉਹ ਹੁਣ ਕੁਝ ਥਾਵਾਂ ’ਤੇ ਨਹੀਂ ਖੁੱਲ੍ਹਣਗੇ ਕਿਉਂਕਿ ਇਨ੍ਹਾਂ ਵਿਕਰੀ ਕੇਂਦਰਾਂ ’ਤੇ ਰੇਤਾ ਅਤੇ ਬੱਜਰੀ ਲਿਆਉਣ ਲਈ ਸਰਕਾਰ ਨੂੰ ਵੱਖਰਾ ਖ਼ਰਚਾ ਪੈ ਰਿਹਾ ਹੈ। ਇਸ ਕਾਰਨ ਲੋਕਾਂ ਨੂੰ ਅਜੇ ਸਰਕਾਰ ਵੱਲੋਂ ਤੈਅ ਕੀਤਾ ਗਿਆ 5.50 ਰੁਪਏ ਪ੍ਰਤੀ ਕਿਊਬਿਕ ਫੁੱਟ ਦਾ ਰੇਟ ਨਹੀਂ ਮਿਲੇਗਾ। ਬਿਲਡਿੰਗ ਮਟੀਰੀਅਲ ਵਾਲੇ ਵੀ ਰੇਤਾ ਅਤੇ ਬੱਜਰੀ ਨਹੀਂ ਚੁੱਕ ਰਹੇ ਹਨ।  ਜਿੰਨੀ ਵੀ ਰੇਤਾ-ਬੱਜਰੀ ਸਿਟੀ ਵਿਚ ਸਪਲਾਈ ਹੋ ਰਹੀ ਹੈ, ਉਹ ਨਾਜਾਇਜ਼ ਢੰਗ ਨਾਲ ਹੀ ਆ ਰਹੀ ਹੈ ਪਰ ਲੋਕਾਂ ਨੂੰ ਸਸਤੀ ਰੇਤਾ ਅਤੇ ਬੱਜਰੀ ਦੇਣ ਲਈ ਪੰਜਾਬ ਸਰਕਾਰ ਮਾਈਨਿੰਗ ਵਿਭਾਗ ਤੋਂ ਸਰਵੇ ਰਿਪੋਰਟ ਤਿਆਰ ਕਰਵਾ ਰਹੀ ਹੈ, ਜਿਹੜੀ ਹੁਣ ਪੂਰੀ ਹੋ ਚੁੱਕੀ ਹੈ। 20 ਫਰਵਰੀ ਨੂੰ ਸਰਵੇ ਰਿਪੋਰਟ ਜਮ੍ਹਾ ਕਰਵਾ ਦਿੱਤੀ ਜਾਵੇਗੀ। ਮਾਈਨਿੰਗ ਅਧਿਕਾਰੀ ਗੁਰਬੀਰ ਸਿੰਘ ਨੇ ਦੱਸਿਆ ਕਿ ਜਲੰਧਰ ਜ਼ਿਲ੍ਹੇ ਵਿਚ 31 ਨਵੀਆਂ ਸਾਈਟਾਂ ਲੱਭੀਆਂ ਗਈਆਂ ਹਨ। ਜੇਕਰ ਸ਼ੁਰੂ ਹੋਈਆਂ ਤਾਂ ਇਸ ਤੋਂ ਵੀ ਜ਼ਿਆਦਾ ਸ਼ੁਰੂ ਹੋ ਸਕਦੀਆਂ ਹਨ।

ਇਹ ਵੀ ਪੜ੍ਹੋ : ਜਲੰਧਰ ਤੋਂ ਵੱਡੀ ਖ਼ਬਰ: ਬਰਲਟਨ ਪਾਰਕ 'ਚ ਨੌਜਵਾਨ ਦਾ ਬੇਰਹਿਮੀ ਨਾਲ ਕਤਲ, ਖ਼ੂਨ ਨਾਲ ਲਥਪਥ ਮਿਲੀ ਲਾਸ਼

ਮਹਿੰਗੀ ਰੇਤਾ-ਬੱਜਰੀ ਦੇ ਭਾਅ ਤੋਂ ਆਮ ਜਨਤਾ ਨੂੰ ਅਜੇ ਨਹੀਂ ਮਿਲੇਗੀ ਰਾਹਤ
ਰੇਤਾ ਅਤੇ ਬੱਜਰੀ ਕਾਰਨ ਜਿੱਥੇ ਸਰਕਾਰੀ ਕੰਮਾਂ ਨੂੰ ਅਜੇ ਲਗਾਮ ਲੱਗੀ ਹੋਈ ਹੈ, ਉਥੇ ਹੀ ਲੋਕਾਂ ਨੇ ਮਕਾਨ ਬਣਾਉਣ ’ਤੇ ਵੀ ਰੋਕ ਲਾਈ ਹੋਈ ਹੈ। ਜਿਹੜਾ ਇਸ ਸਮੇਂ ਮਕਾਨ ਬਣਾ ਵੀ ਰਿਹਾ ਹੈ, ਉਸ ਨੂੰ 4 ਗੁਣਾ ਭਾਅ ’ਤੇ ਰੇਤਾ-ਬੱਜਰੀ ਮਿਲ ਰਹੀ ਹੈ। 550 ਰੁਪਏ ਵਾਲੀ ਰੇਤਾ ਦੀ ਟਰਾਲੀ 3500 ਤੋਂ ਲੈ ਕੇ 4000 ਰੁਪਏ ਵਿਚ ਦਿੱਤੀ ਜਾ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਮਾਈਨਿੰਗ ਪਾਲਿਸੀ ਲਾਗੂ ਨਹੀਂ ਕਰ ਰਹੀ, ਬਸ ਵਾਅਦੇ ਕਰਕੇ ਅਤੇ ਝੂਠੀਆਂ ਅਫ਼ਵਾਹਾਂ ਫੈਲਾ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ। ਜਿਹੜੇ ਵਿਕਰੀ ਕੇਂਦਰ ਖੋਲ੍ਹਣ ਦੀ ਤਿਆਰੀ ਸੀ, ਉਹ ਵੀ ਹੁਣ ਨਹੀਂ ਖੁੱਲ੍ਹਣਗੇ ਕਿਉਂਕਿ ਜਦੋਂ ਵਿਭਾਗ ਤੋਂ ਪਤਾ ਕੀਤਾ ਤਾਂ ਪਤਾ ਲੱਗਾ ਕਿ ਜਿਸ ਜਗ੍ਹਾ ’ਤੇ ਵਿਕਰੀ ਕੇਂਦਰ ਖੋਲ੍ਹਿਆ ਜਾਣਾ ਸੀ, ਉਥੇ ਸਰਕਾਰ ਨੂੰ ਨੁਕਸਾਨ ਹੋ ਰਿਹਾ ਸੀ ਅਤੇ ਮਹਿੰਗੇ ਭਾਅ ’ਤੇ ਹੀ ਰੇਤਾ-ਬੱਜਰੀ ਮਿਲ ਰਹੀ ਸੀ।

ਸਾਈਟਾਂ ਤੋਂ ਖ਼ੁਦ ਰੇਤਾ-ਬੱਜਰੀ ਚੁੱਕਣ ਦਾ ਲਿਆਂਦਾ ਜਾ ਰਿਹੈ ਨਿਯਮ
ਪੰਜਾਬ ਸਰਕਾਰ ਰੇਤਾ ਅਤੇ ਬੱਜਰੀ ਸਸਤੀ ਦੇਣ ਲਈ ਇਕ ਨਵਾਂ ਨਿਯਮ ਲਿਆਉਣ ਜਾ ਰਹੀ ਹੈ, ਜਿਸ ਵਿਚ ਗਾਹਕ ਆਪਣੀ ਟਰਾਲੀ ਅਤੇ ਲੇਬਰ ਨਾਲ ਲੈ ਕੇ ਮਾਈਨਿੰਗ ਵਾਲੀ ਜਗ੍ਹਾ ’ਤੇ ਜਾਵੇਗਾ, ਜਿੱਥੇ ਉਹ 5.50 ਰੁਪਏ ਪ੍ਰਤੀ ਕਿਊਬਿਕ ਫੁੱਟ ਦੇ ਹਿਸਾਬ ਨਾਲ ਰੇਤਾ ਟਰਾਲੀ ਵਿਚ ਭਰੇਗਾ। ਡਿੱਚ ਮਸ਼ੀਨ ਨਾਲ ਭਰਨ ਵਿਚ ਪੂਰੀ ਤਰ੍ਹਾਂ ਮਨਾਹੀ ਰਹੇਗੀ। ਬਿਲਡਿੰਗ ਮਟੀਰੀਅਲ ਵਾਲਿਆਂ ਦਾ ਕਹਿਣਾ ਹੈ ਕਿ ਜੇਕਰ ਉਹ ਖ਼ੁਦ ਦੀ ਟਰਾਲੀ ਵੀ ਭੇਜਦੇ ਹਨ ਤਾਂ ਲੇਬਰ ਅਤੇ ਆਉਣ-ਜਾਣ ਦਾ ਖ਼ਰਚ ਉਨ੍ਹਾਂ ’ਤੇ ਹੀ ਪਵੇਗਾ। ਗਾਹਕ ਨੂੰ ਫਿਰ ਵੀ ਸਸਤੀ ਰੇਤਾ-ਬੱਜਰੀ ਨਹੀਂ ਮਿਲੇਗੀ।

ਸਤਲੁਜ ਵਾਲੀ ਖੱਡ ਤੋਂ ਹੀ ਆ ਰਹੀ ਰੇਤਾ
ਮਾਈਨਿੰਗ ਅਧਿਕਾਰੀ ਨੇ ਦੱਸਿਆ ਕਿ ਇਸ ਸਮੇਂ ਫਿਰੋਜ਼ਪੁਰ ਨੇੜੇ ਸਤਲੁਜ ਵਾਲੀ ਖੱਡ ਤੋਂ ਹੀ ਰੇਤਾ ਆ ਰਹੀ ਹੈ। ਜਲੰਧਰ ਜ਼ਿਲ੍ਹੇ ਅਧੀਨ ਪਿੱਪਲੀ ਵਾਲੀ ਖੱਡ ਵੀ ਇਸ ਸਮੇਂ ਚੱਲ ਰਹੀ ਹੈ। ਉਮੀਦ ਹੈ ਕਿ ਜਦੋਂ ਸਾਰੀਆਂ ਸਾਈਟਾਂ ਚਾਲੂ ਹੋ ਜਾਣਗੀਆਂ ਤਾਂ ਲੋਕਾਂ ਨੂੰ ਸਸਤੀ ਰੇਤਾ-ਬੱਜਰੀ ਮਿਲਣੀ ਸ਼ੁਰੂ ਹੋ ਜਾਵੇਗੀ।

ਇਹ ਵੀ ਪੜ੍ਹੋ : ਜਲੰਧਰ 'ਚ ਵੱਡੀ ਵਾਰਦਾਤ, ਦੋਮੋਰੀਆ ਪੁਲ ਨੇੜੇ ਵਿਅਕਤੀ ਦਾ ਬੇਰਹਿਮੀ ਨਾਲ ਕਤਲ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

shivani attri

This news is Content Editor shivani attri