ਯੂਨੀਅਨ ਦਾ ਪੂਲ ਸਿਸਟਮ ਖਤਮ ਕਰਨ ਲਈ ਧਾਰੀਵਾਲ ਦਾ ਫੈਸਲਾ ਲਾਗੂ ਕਰੇ ਸਰਕਾਰ

04/23/2018 6:38:16 AM

ਕਪੂਰਥਲਾ  (ਮਲਹੋਤਰਾ) - 'ਮੇਰੇ ਘਰ 'ਚ ਆ ਕੇ ਮੇਰਾ ਅਕਸ ਖਰਾਬ ਕਰਨ, ਮੈਨੂੰ ਧਮਕੀਆਂ ਦੇਣ ਵਾਲੇ ਹੌਟਮਿਕਸ ਪਲਾਂਟ ਆਨਰਜ਼ ਐਸੋਸੀਏਸ਼ਨ ਦੇ ਮੈਂਬਰਾਂ ਤੇ ਕੁਝ ਅਣਪਛਾਤੇ ਲੋਕਾਂ ਖਿਲਾਫ ਪੁਲਸ ਕਾਨੂੰਨੀ ਕਾਰਵਾਈ ਕਰੇ। ਮੈਨੂੰ ਤੇ ਮੇਰੇ ਪਰਿਵਾਰ ਨੂੰ ਅਜਿਹੇ ਲੋਕਾਂ ਤੋਂ ਜਾਨ ਨੂੰ ਖਤਰਾ ਹੈ'। ਇਕ ਪ੍ਰੈੱਸ ਕਾਨਫਰੰਸ ਦੌਰਾਨ ਇਹ ਦੋਸ਼ ਲਗਾਉਂਦਿਆਂ ਹੌਟਮਿਕਸ ਪਲਾਂਟ ਦੇ ਠੇਕੇਦਾਰ ਰੋਹਿਤ ਅਗਰਵਾਲ ਨੇ ਕਿਹਾ ਕਿ ਪਿਛਲੇ 20 ਸਾਲਾਂ ਤੋਂ ਪੰਜਾਬ ਦੇ ਵੱਖ-ਵੱਖ ਸਰਕਾਰੀ ਵਿਭਾਗਾਂ ਲਈ ਇਹ ਕੰਮ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਵਿਭਾਗਾਂ ਵੱਲੋਂ ਕੀਤੇ ਗਏ ਕੰਮਾਂ ਦੀ ਅਦਾਇਗੀ ਇਕ ਸਿਸਟਮ ਵੱਲੋਂ ਕੀਤੀ ਜਾਂਦੀ ਹੈ। ਇਸ 'ਚ ਕਿਸੇ ਵੀ ਪ੍ਰਕਾਰ ਦਾ ਕੁਆਲਿਟੀ ਦੇ ਨਾਲ ਅਸੀਂ ਸਮਝੌਤਾ ਨਹੀਂ ਕਰਦੇ, ਕਿਉਂਕਿ ਜੇਕਰ ਜਾਂਚ ਦੌਰਾਨ ਨਿਰਧਾਰਿਤ ਮਾਪਦੰਡ ਕਾਰਨ ਕੋਈ ਕਮੀ ਪਾਈ ਜਾਂਦੀ ਹੈ ਤਾਂ ਉਨ੍ਹਾਂ ਦੀ ਸਕਿਓਰਿਟੀ ਤੇ ਅਦਾਇਗੀ ਜ਼ਬਤ ਕਰ ਲਈ ਜਾਂਦੀ ਹੈ। ਇਸੇ ਕਾਰਨ ਉਹ ਕਈ ਸਾਲਾਂ ਤੋਂ ਵੱਖ-ਵੱਖ ਵਿਭਾਗਾਂ ਦੇ ਨਾਲ ਜੁੜੇ ਹੋਏ ਹਨ।
 ਅਗਰਵਾਲ ਨੇ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਦੀ ਤਰ੍ਹਾਂ ਨਿਰਧਾਰਿਤ ਸਰਕਾਰੀ ਰੇਟਾਂ ਅਨੁਸਾਰ ਆਪਣਾ ਮਾਰਜਨ ਰੱਖ ਕੇ ਟੈਂਡਰ ਭਰੇ ਸਨ, ਜੋ ਮੇਰੇ ਸਾਥੀ ਠੇਕੇਦਾਰਾਂ ਨੂੰ ਚੰਗਾ ਨਹੀਂ ਲੱਗਾ, ਜਿਨ੍ਹਾਂ ਨੇ ਇਕ ਯੋਜਨਾ ਤਹਿਤ ਕਪੂਰਥਲਾ 'ਚ ਆ ਕੇ ਉਸ ਦੀ ਗੈਰ-ਮੌਜੂਦਗੀ 'ਚ ਧਰਨਾ ਦੇ ਕੇ ਉਸ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਸ ਦੇ ਸਾਥੀ ਠੇਕੇਦਾਰਾਂ ਤੇ ਹੋਰਨਾਂ ਅਣਪਛਾਤੇ ਲੋਕਾਂ ਵੱਲੋਂ ਧਰਨੇ ਦੌਰਾਨ ਵਰਤੀ ਗਈ ਮਾੜੀ ਭਾਸ਼ਾ ਇਲਾਕੇ 'ਚ ਲੱਗੇ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੈ, ਜੋ ਸਮਾਂ ਆਉਣ 'ਤੇ ਪੇਸ਼ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਹਰ ਸਾਲ ਕਰੀਬ 20 ਹਜ਼ਾਰ ਰੁਪਏ ਦੇ ਟੈਂਡਰ ਈ-ਟ੍ਰੈਡਿੰਗ ਦੁਆਰਾ ਚਲਾਏ ਜਾਂਦੇ ਹਨ, ਜੇਕਰ ਇਹ ਲੋਕ ਮਿਲ ਕੇ ਪੂਲ ਬਣਾ ਕੇ ਰੇਟ ਵਧਾਉਣ ਦੀ ਆਪਣੀ ਕੋਸ਼ਿਸ਼ 'ਚ ਕਾਮਯਾਬ ਹੋ ਜਾਂਦੇ ਹਨ ਤਾਂ ਸਰਕਾਰ ਨੂੰ 4 ਹਜ਼ਾਰ ਕਰੋੜ ਦਾ ਚੂਨਾ ਲਗਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਸ ਦੇ ਬਚਾਅ ਲਈ ਧਾਰੀਵਾਲ ਸਾਹਬ ਦੇ ਫੈਸਲੇ ਨੂੰ ਲਾਗੂ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਜਿਸ ਤਰੀਕੇ ਨਾਲ ਇਨ੍ਹਾਂ ਲੋਕਾਂ ਨੇ ਕਪੂਰਥਲਾ 'ਚ ਆ ਕੇ ਉਸ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ, ਉਸ ਦੇ ਪਰਿਵਾਰ ਨੂੰ ਪ੍ਰੇਸ਼ਾਨ ਕੀਤਾ ਹੈ, ਉਹ ਇਨ੍ਹਾਂ ਲੋਕਾਂ 'ਤੇ ਮਾਣਯੋਗ ਅਦਾਲਤ 'ਚ ਮਾਨਹਾਨੀ ਦਾ ਦਾਅਵਾ ਕਰਨਗੇ।  ਉਨ੍ਹਾਂ ਨੇ ਇਹ ਵੀ ਕਿਹਾ ਕਿ ਉਸ ਦੇ ਸਾਥੀ ਠੇਕੇਦਾਰਾਂ ਨੇ ਬਾਅਦ 'ਚ ਜੋ ਪੁਲਸ ਨੂੰ ਉਸ ਖਿਲਾਫ ਗਲਤ ਸ਼ਿਕਾਇਤ ਕੀਤੀ ਹੈ, ਉਸ ਦੀ ਜਾਂਚ ਕਰਵਾ ਕੇ ਵੀ ਉਨ੍ਹਾਂ ਲੋਕਾਂ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਇਸ ਮੌਕੇ ਅਰੀਹੰਤ ਅਗਰਵਾਲ, ਸ਼ਿਵ ਰਤਨ ਅਗਰਵਾਲ, ਵਿਵੇਕ ਅਗਰਵਾਲ, ਦਿਸ਼ਾਂਤ ਅਗਰਵਾਲ ਆਦਿ ਹਾਜ਼ਰ ਸਨ।