ਪੰਜਾਬ ਦੇ 12 ਅਧਿਕਾਰੀਆਂ ਨੇ ਜ਼ਾਹਰ ਨਹੀਂ ਕੀਤੀ ਅਚੱਲ ਜਾਇਦਾਦ ਦੀ ਡਿਟੇਲ

10/22/2019 12:44:24 PM

ਚੰਡੀਗੜ੍ਹ (ਸ਼ਰਮਾ) : ਕੇਂਦਰ ਸਰਕਾਰ ਦੇ ਹੁਕਮਾਂ ਅਨੁਸਾਰ ਆਈ. ਪੀ. ਐੱਸ. ਅਧਿਕਾਰੀਆਂ ਨੂੰ ਕੈਲੰਡਰ ਸਾਲ ਦੀ ਆਪਣੀ ਅਚੱਲ ਜਾਇਦਾਦ ਦੀ ਰਿਪੋਰਟ ਅਗਲੇ ਸਾਲ ਦੀ 31 ਜਨਵਰੀ ਤੱਕ ਵਿਭਾਗ ਦੇ ਪੋਰਟਲ 'ਤੇ ਅਪਲੋਡ ਕਰਨਾ ਜ਼ਰੂਰੀ ਹੈ। ਪੰਜਾਬ ਕਾਡਰ ਦੇ 142 ਆਈ. ਪੀ. ਐੱਸ. ਅਧਿਕਾਰੀਆਂ 'ਚੋਂ 130 ਅਧਿਕਾਰੀਆਂ ਨੇ ਆਪਣੀ ਅਚੱਲ ਜਾਇਦਾਦ ਦੀ ਰਿਟਰਨ ਪੋਰਟਲ 'ਤੇ ਅਪਲੋਡ ਕੀਤੀ ਹੈ, ਜਦੋਂ ਕਿ 12 ਅਧਿਕਾਰੀ ਇਹ ਰਿਟਰਨ 10 ਮਹੀਨੇ ਬੀਤਣ ਤੋਂ ਬਾਅਦ ਵੀ ਸਾਲ 2018 ਦੀ ਜਾਇਦਾਦ ਦੀ ਰਿਟਰਨ ਜ਼ਾਹਿਰ ਕਰਨ 'ਚ ਅਸਫ਼ਲ ਰਹੇ ਹਨ।

ਇਸ ਕਾਰਣ ਸਰਕਾਰ ਦੇ ਹੁਕਮਾਂ ਅਤੇ ਨਿਯਮਾਂ ਅਨੁਸਾਰ ਇਨ੍ਹਾਂ ਅਧਿਕਾਰੀਆਂ ਦੇ ਸੈਂਟਰਲ ਡੈਪੂਟੇਸ਼ਨ 'ਤੇ ਵਿਜੀਲੈਂਸ ਕਲੀਅਰੈਂਸ 'ਚ ਅੜਚਨ ਪੈਦਾ ਹੋ ਸਕਦੀ ਹੈ। ਜਿਨ੍ਹਾਂ 130 ਅਧਿਕਾਰੀਆਂ ਨੇ ਆਪਣੀ ਅਚੱਲ ਜਾਇਦਾਦ ਦੀ ਜਾਣਕਾਰੀ ਪ੍ਰਦਾਨ ਕੀਤੀ ਹੈ, ਉਨ੍ਹਾਂ 'ਚੋਂ 26 ਅਜਿਹੇ ਅਧਿਕਾਰੀ ਹਨ, ਜਿਨ੍ਹਾਂ ਕੋਲ ਅਚਲ ਜਾਇਦਾਦ ਦੇ ਨਾਂ 'ਤੇ ਕੁੱਝ ਵੀ ਨਹੀਂ ਹੈ। ਇਨ੍ਹਾਂ 'ਚੋਂ ਕੁੱਝ ਨੇ ਜਾਣਕਾਰੀ ਦਿੱਤੀ ਹੈ ਕਿ ਇਨ੍ਹਾਂ ਦੀ ਪਰਿਵਾਰਿਕ ਜਾਇਦਾਦ 'ਚ ਹਿੱਸੇਦਾਰੀ ਹੈ ਪਰ ਕਿਉਂਕਿ ਅਜੇ ਵੰਡ ਨਹੀਂ ਹੋਈ ਹੈ, ਇਸ ਲਈ ਇਹ ਨਹੀਂ ਕਿਹਾ ਜਾ ਸਕਦਾ ਕਿ ਉਨ੍ਹਾਂ ਦੇ ਹਿੱਸੇ 'ਚ ਕਿੰਨੀ ਅਚੱਲ ਜਾਇਦਾਦ ਆਵੇਗੀ। ਜਦੋਂ ਕਿ ਕੁੱਝ ਨੇ ਅਚੱਲ ਜਾਇਦਾਦ ਦੇ ਨਾਂ 'ਤੇ ਨਿਵੇਸ਼ ਤਾਂ ਕੀਤਾ ਹੈ ਪਰ ਅਜੇ ਤੱਕ ਕਬਜ਼ਾ ਨਹੀਂ ਮਿਲਿਆ ਹੈ।
ਇਨ੍ਹਾਂ ਅਧਿਕਾਰੀਆਂ ਕੋਲ ਅਚੱਲ ਜਾਇਦਾਦ ਦੇ ਨਾਂ 'ਤੇ ਕੁੱਝ ਵੀ ਨਹੀਂ
ਜਿਨ੍ਹਾਂ ਅਧਿਕਾਰੀਆਂ ਕੋਲ ਅਚੱਲ ਜਾਇਦਾਦ ਦੇ ਨਾਂ 'ਤੇ ਕੁੱਝ ਵੀ ਨਹੀਂ ਉਨ੍ਹਾਂ 'ਚ 2017 ਬੈਚ ਦੇ ਪ੍ਰਗਿਆ ਜੈਨ, ਮਹਿਤਾਬ ਸਿੰਘ, 2016 ਬੈਚ ਦੇ ਵਤਸਲੇ ਗੁਪਤਾ, ਰਵੀ ਕੁਮਾਰ, ਅਸ਼ਵਨੀ ਗੋਤਯਾਲ, ਅੰਕੁਰ ਗੁਪਤਾ, 2015 ਬੈਚ ਦੇ ਸੰਦੀਪ ਕੁਮਾਰ ਮਲਿਕ, ਰਵਜੋਤ ਗਰੇਵਾਲ, ਨਵਨੀਤ ਸਿੰਘ ਬੈਂਸ, ਹਰਮਨਦੀਪ ਸਿੰਘ ਹੰਸ, 2014 ਬੈਚ ਦੇ ਸਚਿਨ ਗੁਪਤਾ, ਗੌਰਵ ਤੁਰਿਆ, ਦੀਪ ਪਾਰਿਕ, ਦਯਾਮਾ ਹਰਿਸ਼ ਕੁਮਾਰ, ਓਮ ਪ੍ਰਕਾਸ਼, 2013 ਬੈਚ ਦੇ ਭਾਗੀਰਥ ਮੀਨਾ, 2012 ਬੈਚ ਦੇ ਧਰੁਵ ਧਹੀਆ, ਅਖਿਲ ਚੌਧਰੀ, 2011 ਬੈਚ ਦੇ ਨਾਨਕ ਸਿੰਘ ਅਤੇ ਦੀਪਕ ਹਿਲੇਰੀ, 2010 ਬੈਚ ਦੇ ਪਾਟਿਲ ਕੇਤਨ ਬਲੀਰਾਮ, ਜੇ. ਇਲੇਚਿਜਿਆਨ ਅਤੇ ਅਲਕਾ ਮੀਨਾ, 2009 ਬੈਚ ਦੇ ਕੁਲਦੀਪ ਸਿੰਘ, 2007 ਬੈਚ ਦੇ ਡਾ. ਐੱਸ. ਭੂਪਥੀ ਅਤੇ ਇੰਦਰਵੀਰ ਸਿੰਘ ਅਤੇ 2004 ਬੈਚ ਦੇ ਬਾਬੂ ਲਾਲ ਮੀਨਾ ਸ਼ਾਮਲ ਹੈ।

Babita

This news is Content Editor Babita