ਰੋਜ਼ਗਾਰ ਦੀ ਭਾਲ ''ਚ ਵਿਦੇਸ਼ ਗਿਆ ਫਗਵਾੜਾ ਦਾ ਨੌਜਵਾਨ ਲੁੱਕ ਛਿਪ ਕੇ ਰਿਹ ਰਿਹੈ ਇਰਾਕ

06/19/2019 2:11:51 AM

ਫਗਵਾੜਾ, (ਹਰਜੋਤ)— ਫਗਵਾੜਾ ਦੇ ਮੁਹੱਲਾ ਕੌਲਸਰ ਦਾ ਵਸਨੀਕ ਕੋਮਲਪ੍ਰੀਤ ਉਰਫ਼ ਗੋਰਾ ਪੁੱਤਰ ਮੋਹਨ ਲਾਲ ਜੋ ਕਿ ਕਰੀਬ 8 ਮਹੀਨੇ ਪਹਿਲਾਂ ਬੜੀ ਉਮੀਦ ਨਾਲ ਰੋਜ਼ੀ ਰੋਟੀ ਕਮਾਉਣ ਲਈ ਇਰਾਕ ਗਿਆ ਸੀ ਪਰ ਅੱਜ ਉਸ ਦੀ ਹਾਲਤ ਇਹ ਹੈ ਕਿ ਕੰਮ ਕਰਨਾ ਤਾਂ ਦੂਰ ਉਹ ਪੁਲਸ ਵੱਲੋਂ ਫੜੇ ਜਾਣ ਦੇ ਡਰ ਤੋਂ ਲੁਕ-ਛਿਪ ਕੇ ਰਹਿਣ ਲਈ ਮਜਬੂਰ ਹੈ।
ਕੋਮਲਪ੍ਰੀਤ ਦੇ ਬਜ਼ੁਗਰ ਪਿਤਾ ਮੋਹਨ ਲਾਲ ਨੇ ਕਰਜ਼ਾ ਚੁੱਕ ਕੇ ਪੁੱਤਰ ਨੂੰ ਵਿਦੇਸ਼ ਭੇਜਿਆ ਸੀ ਤਾਂ ਜੋ ਪੁੱਤਰ ਘਰ ਦਾ ਗੁਜ਼ਾਰਾ ਚਲਾ ਸਕੇ।
ਮੋਹਨ ਲਾਲ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਸ ਦਾ ਵੱਡਾ ਲੜਕਾ ਮਿਹਨਤ ਮਜ਼ਦੂਰੀ ਕਰਦਾ ਹੈ ਅਤੇ ਛੋਟੇ ਲੜਕਾ ਕੋਮਲਪ੍ਰੀਤ ਇਰਾਕ ਵਿਚ ਫਸੀਆ ਹੋਇਆ ਹੈ। ਕੋਮਲਪ੍ਰੀਤ ਨੂੰ 2.80 ਲੱਖ ਰੁਪਏ ਖਰਚ ਕਰ ਕੇ ਇਰਾਕ ਦੇ ਇਰਬਿਲ ਸਿਟੀ ਭੇਜਿਆ ਸੀ। ਉਨ੍ਹਾਂ ਦੱਸਿਆ ਕਿ ਜ਼ਿਲਾ ਜਲੰਧਰ ਦੇ ਇਕ ਪਿੰਡ ਦੀ ਵਸਨੀਕ ਮਹਿਲਾ ਏਜੰਟ ਨੇ ਵਿਦੇਸ਼ ਭੇਜਣ ਲਈ 2.20 ਲੱਖ ਰੁਪਏ ਵਿਚ ਗੱਲ ਪੱਕੀ ਕੀਤੀ ਸੀ, ਜਿਸ 'ਚੋਂ 1.40 ਲੱਖ ਰੁਪਏ ਦਾ ਪਹਿਲਾਂ ਭੁਗਤਾਨ ਕਰਨਾ ਸੀ ਅਤੇ ਬਾਕੀ ਰਕਮ ਵਿਦੇਸ਼ ਜਾ ਕੇ ਕੰਮ ਮਿਲਣ 'ਤੇ ਤਨਖਾਹ ਵਿਚੋਂ ਕਟਵਾਉਣੀ ਸੀ।
ਕੁੱਝ ਦਿਨ ਬਾਅਦ ਵੀਜ਼ੇ ਆ ਗਏ ਤਾਂ ਦਿੱਲੀ ਏਅਰਪੋਰਟ ਪੁੱਜਣ 'ਤੇ ਏਜੰਟ ਨੇ ਪ੍ਰਤੀ ਵਿਅਕਤੀ 80 ਹਜ਼ਾਰ ਰੁਪਏ ਬਕਾਏ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ। ਪੈਸੇ ਨਾ ਦੇਣ ਦੀ ਸੂਰਤ 'ਚ ਪੇਪਰ ਦੇਣ ਤੋਂ ਮਨ੍ਹਾ ਕਰ ਦਿੱਤਾ। ਮਜ਼ਬੂਰੀ 'ਚ 80 ਹਜ਼ਾਰ ਰੁਪਏ ਦਾ ਵੀ ਭੁਗਤਾਨ ਕਰ ਦਿੱਤਾ ਸੀ। ਜਦੋਂ ਕੋਮਲਪ੍ਰੀਤ ਇਰਾਕ ਪਹੁੰਚਿਆ ਤਾਂ ਏਜੰਟ ਦੇ ਕਿਸੇ ਸਹਿਯੋਗੀ ਨੇ ਰਿਸੀਵ ਕੀਤਾ। ਕੰਮ ਬਾਰੇ ਪੁੱਛਣ 'ਤੇ ਇਕ ਹਫ਼ਤਾ ਇੰਤਜ਼ਾਰ ਕਰਨ ਲਈ ਕਿਹਾ ਗਿਆ ਅਤੇ ਦੱਸਿਆ ਗਿਆ ਕਿ ਵਰਕ ਕਾਰਡ ਬਣਾਉਣ 'ਚ ਇਕ ਹਫਤਾ ਲੱਗੇਗਾ। ਵਾਰ-ਵਾਰ ਕਹਿਣ ਦੇ ਬਾਵਜੂਦ ਵਰਕ ਕਾਰਡ ਨਹੀਂ ਬਣਾਏ ਗਏ। ਪਿਛਲੇ ਕਰੀਬ 8 ਮਹੀਨੇ ਤੋਂ ਕੋਮਲਪ੍ਰੀਤ ਸਮੇਤ 7 ਹੋਰ ਨੌਜਵਾਨ ਵਿਹਲੇ ਬੈਠੇ ਹਨ ਅਤੇ ਪਰਿਵਾਰ ਤੋਂ ਖਰਚਾ ਮੰਗਵਾ ਕੇ ਕਿਸੇ ਤਰ੍ਹਾਂ ਗੁਜ਼ਾਰਾ ਕਰ ਰਹੇ ਹਨ।
ਮੋਹਨ ਲਾਲ ਨੇ ਦੱਸਿਆ ਕਿ ਕੋਮਲਪ੍ਰੀਤ ਅਤੇ ਉਸ ਦੇ ਸਾਥੀਆਂ ਨੇ ਉਥੋਂ ਦੀ ਭਾਰਤੀ ਅੰਬੈਸੀ 'ਚ 3 ਫਰਵਰੀ ਨੂੰ ਉਕਤ ਔਰਤ ਏਜੰਟ ਦੇ ਖਿਲਾਫ਼ ਲਿਖਤੀ ਸ਼ਿਕਾਇਤ ਦਿੱਤੀ, ਜਿਸ 'ਤੇ ਏਜੰਟ ਨੇ ਇਕ ਮਹੀਨੇ 'ਚ ਵਰਕ ਕਾਰਡ ਬਣਾਉਣ ਦਾ ਵਾਅਦਾ ਕੀਤਾ ਨਾਲ ਹੀ 20 ਹਜ਼ਾਰ ਰੁਪਏ ਦੀ ਹੋਰ ਮੰਗ ਕੀਤੀ, ਜਿਸ ਦਾ ਭੁਗਤਾਨ ਵੀ ਉਨ੍ਹਾਂ ਕਰ ਦਿੱਤਾ ਪਰ ਬਾਵਜੂਦ ਇਸ ਦੇ ਵਰਕ ਕਾਰਡ ਨਹੀਂ ਬਣਾਇਆ ਜਾ ਰਿਹਾ।
ਕੋਮਲਪ੍ਰੀਤ ਨੂੰ ਪ੍ਰਤੀ ਦਿਨ 20 ਡਾਲਰ ਦੇ ਹਿਸਾਬ ਨਾਲ ਜੁਰਮਾਨੇ ਦਾ ਭੁਗਤਾਨ ਕਰਨਾ ਪੈ ਰਿਹਾ ਹੈ। ਮੋਹਨ ਲਾਲ ਨੇ ਦੱਸਿਆ ਕਿ ਇਸ ਸਬੰਧੀ ਉਹ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਨਾਲ ਵਿਦੇਸ਼ ਮੰਤਰੀ ਡਾ. ਐੱਸ. ਜੈ ਸ਼ੰਕਰ ਨੂੰ ਮਿਲ ਕੇ ਆਏ ਹਨ ਅਤੇ ਉਨ੍ਹਾਂ ਸੰਭਵ ਮਦਦ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਮੰਗ ਕੀਤੀ ਕਿ ਉਕਤ ਮਹਿਲਾ ਏਜੰਟ ਦੇ ਖਿਲਾਫ਼ ਬਣਦੀ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਉਸ ਦੇ ਪੁੱਤਰ ਨੂੰ ਵਾਪਸ ਲਿਆਇਆ ਜਾਵੇ।
ਇਥੇ ਇਹ ਵੀ ਦੱਸਣਯੋਗ ਹੈ ਕਿ ਕੋਮਲਪ੍ਰੀਤ ਦਾ ਕੁੱਝ ਸਾਲ ਪਹਿਲਾਂ ਹੀ ਵਿਆਹ ਹੋਇਆ ਹੈ ਅਤੇ ਉਸ ਦੀ ਵੱਡੀ ਬੇਟੀ ਤਾਨੀਆ ਦੀ ਉਮਰ 2 ਸਾਲ ਅਤੇ ਛੋਟੀ ਬੇਟੀ ਸੋਫੀਆ ਦੀ ਉਮਰ ਸਿਰਫ 2 ਮਹੀਨੇ ਹੈ। ਕੋਮਲਪ੍ਰੀਤ ਦੀ ਪਤਨੀ ਸਿਮਰਨ ਅਤੇ ਮਾਤਾ ਸੁਰਜੀਤ ਕੌਰ ਦਾ ਵੀ ਆਪਣੇ ਪੁੱਤਰ ਦੀ ਯਾਦ 'ਚ ਬੁਰਾ ਹਾਲ ਹੈ।

KamalJeet Singh

This news is Content Editor KamalJeet Singh