ਜ਼ਿਲਾ ਪ੍ਰਸ਼ਾਸਨ ਤੇ ਨਗਰ ਨਿਗਮ ਦਾ ਨਾਜਾਇਜ਼ ਕਬਜ਼ਿਆਂ ਦੇ ਖਿਲਾਫ ਹੱਲਾ ਬੋਲ

Thursday, Feb 22, 2018 - 08:06 AM (IST)

ਪਟਿਆਲਾ (ਬਲਜਿੰਦਰ,ਜੋਸਨ) - ਸਰਸ ਮੇਲੇ ਦੀ ਸ਼ੁਰੂਆਤ ਤੋਂ ਪਹਿਲਾਂ ਜ਼ਿਲਾ ਪ੍ਰਸ਼ਾਸਨ ਅਤੇ ਨਗਰ ਨਿਗਮ ਵੱਲੋਂ ਨਾਜਾਇਜ਼ ਕਬਜ਼ਾਧਾਰੀਆਂ ਖਿਲਾਫ ਹੱਲਾ ਬੋਲ ਕਾਰਵਾਈ ਕੀਤੀ ਗਈ। ਦੋਵੇਂ ਵਿਭਾਗਾਂ ਦੀਆਂ ਟੀਮਾਂ ਨੇ ਤੜਕਸਾਰ ਸਨੌਰ ਰੋਡ ਤੋਂ ਰਾਜਪੁਰਾ ਰੋਡ ਤੱਕ ਛੋਟੀ ਨਦੀ ਦੇ ਨਾਲ ਵਾਲੀ ਸੜਕ 'ਤੇ ਨਾਜਾਇਜ਼ ਸਮੁੱਚੇ ਕਬਜ਼ਿਆਂ ਨੂੰ ਹਟਾ ਦਿੱਤਾ। ਇਹ ਕਬਜ਼ੇ ਤਹਿਸੀਲਦਾਰ ਸ਼੍ਰੀ ਸੁਭਾਸ਼ ਭਾਰਦਵਾਜ ਦੀ ਨਿਗਰਾਨੀ ਹੇਠ ਹਟਾਏ ਗਏ। ਜਦ ਕਿ ਆਪ੍ਰੇਸ਼ਨ ਦੀ ਅਗਵਾਈ ਪੁਲਸ ਵੱਲੋਂ ਐੱਸ. ਪੀ. ਸਿਟੀ ਕੇਸਰ ਸਿੰਘ, ਡੀ. ਐੱਸ. ਪੀ. ਸੌਰਵ ਜਿੰਦਲ, ਥਾਣਾ ਕੋਤਵਾਲੀ ਦੇ ਐੱਸ. ਐੱਚ. ਓ. ਇੰਸਪੈਕਟਰ ਰਾਹੁਲ ਕੌਸ਼ਲ, ਲਾਹੌਰੀ ਥਾਣੇ ਦੇ ਐੱਸ. ਐੱਚ. ਓ. ਜਾਨਪਾਲ ਸਿੰਘ ਅਤੇ ਨਗਰ ਨਿਗਮ ਵੱਲੋਂ ਜੁਆਇੰਟ ਕਮਿਸ਼ਨਰ ਡਾ. ਅਕੁੰਰ ਮਹਿੰਦਰੂ ਟੀਮ ਦੀ ਅਗਵਾਈ ਕਰ ਰਹੇ ਸਨ ਅਤੇ ਉਨ੍ਹਾਂ ਦੇ ਨਾਲ ਲੈਂਡ ਬ੍ਰਾਂਚ ਦੇ ਸੁਪਰਡੈਂਟ ਰਵਦੀਪ ਸਿੰਘ, ਅਜਾਇਬ ਸਿੰਘ ਪ੍ਰਧਾਨ, ਨਰੇਸ਼ ਬੌਬੀ ਵੀ ਸਨ।
ਜੁਆਇੰਟ ਆਪ੍ਰੇਸ਼ਨ ਸਵੇਰੇ 6 ਵਜੇ ਸ਼ੁਰੂ ਕੀਤਾ ਗਿਆ ਅਤੇ 10 ਵਜੇ ਤੱਕ ਚੱਲਿਆ। ਆਪ੍ਰੇਸ਼ਨ ਸ਼ੁਰੂ ਕਰਨ ਤੋਂ ਪਹਿਲਾਂ ਪੁਲਸ ਨੇ ਪੂਰੇ ਇਲਾਕੇ ਨੂੰ ਘੇਰ ਲਿਆ ਅਤੇ ਇਕ ਤੋਂ ਬਾਅਦ ਇਕ ਨਾਜਾਇਜ਼ ਕਬਜ਼ੇ ਨੂੰ ਢਹਿ-ਢੇਰੀ ਕਰ ਦਿੱਤਾ ਗਿਆ। ਚਾਰ ਘੰਟੇ ਤੱਕ ਨਗਰ ਨਿਗਮ ਦੀਆਂ ਦੋ ਜੇ. ਸੀ. ਵੀ. ਮਸ਼ੀਨਾਂ ਨੇ ਲਗਾਤਾਰ ਕਬਜ਼ਿਆਂ ਨੂੰ ਹਟਾਇਆ, ਨਗਰ ਨਿਗਮ ਦੇ ਲਗਭਗ 10 ਟਰੱਕਾਂ ਵਿਚ ਭਰ-ਭਰ ਕੇ ਸਾਮਾਨ ਨਗਰ ਨਿਗਮ ਦੇ ਦਫਤਰ ਵਿਚ ਪਹੁੰਚਾ ਦਿੱਤਾ। ਉਥੇ ਰਹਿ ਰਹੇ ਕੁਝ ਵਿਅਕਤੀਆਂ ਵੱਲੋਂ ਇਸ ਕਾਰਵਾਈ ਨੂੰ ਲੈ ਕੇ ਵਿਰੋਧ ਕੀਤਾ ਪਰ ਭਾਰੀ ਗਿਣਤੀ ਵਿਚ ਤਾਇਨਾਤ ਪੁਲਸ ਦੇ ਕਾਰਨ ਉਨ੍ਹਾਂ ਦੀ ਇਕ ਵੀ ਨਾ ਚੱਲ ਸਕੀ। ਕੁਝ ਨਾਅਰੇਬਾਜ਼ੀ ਵੀ ਹੋਈ ਪਰ ਜ਼ਿਆਦਾ ਦੇਰ ਤੱਕ ਵਿਰੋਧ ਜਾਰੀ ਨਹੀਂ ਰਹਿ ਸਕਿਆ, ਜਿਸ ਕਾਰਨ ਨਗਰ Îਨਿਗਮ ਦੀਆਂ ਟੀਮਾਂ ਆਪ੍ਰੇਸ਼ਨ ਨੂੰ ਆਸਾਨੀ ਨਾਲ ਅੰਜਾਮ ਦੇ ਦਿੱਤਾ।
ਇਸ ਸੜਕ ਦੇ ਦੋਵੇਂ ਪਾਸੇ ਵੱਡੀ ਗਿਣਤੀ ਵਿਚ ਨਾਜਾਇਜ਼ ਕਬਜ਼ੇ ਸਨ। ਨਗਰ ਨਿਗਮ ਵੱਲੋਂ ਦੋ ਸਾਲ ਪਹਿਲਾਂ ਨਵੀਂ ਸੜਕ ਬਣਾਈ ਗਈ ਤਾਂ ਉਸ ਸਮੇਂ ਕਬਜ਼ੇ ਹਟਾਏ ਗਏ ਪਰ ਇਸ ਤੋਂ ਬਾਅਦ ਫੇਰ ਤੋਂ ਆਸ-ਪਾਸ ਰਹਿਣ ਵਾਲੇ ਲੋਕਾਂ ਵੱਲੋਂ ਸੜਕ 'ਤੇ ਨਾਜਾਇਜ਼ ਕਬਜ਼ੇ ਕਰ ਲਏ ਸਨ, ਜਿਸ ਕਾਰਨ ਇਥੋਂ ਲੰਘਣ ਵਾਲੀ ਟਰੈਫਿਕ ਨੂੰ ਕਾਫੀ ਜ਼ਿਆਦਾ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਦੂਜਾ ਸਰਸ ਮੇਲੇ ਵਿਚ ਪਹੁੰਚਣ ਲਈ ਰਾਜਪੁਰਾ ਰੋਡ ਤੋਂ ਇਹ ਸੜਕ ਸਭ ਤੋਂ ਨਜ਼ਦੀਕ ਪੈਂਦੀ ਹੈ, ਲਿਹਾਜ਼ਾ ਜ਼ਿਲਾ ਪ੍ਰਸ਼ਾਸਨ ਅਤੇ ਨਗਰ ਨਿਗਮ ਵੱਲੋਂ ਸਰਸ ਮੇਲਾ ਸ਼ੁਰੂ ਕਰਨ ਤੋਂ ਪਹਿਲਾਂ ਹੀ ਇਸ ਕਾਰਵਾਈ ਨੂੰ ਅੰਜਾਮ ਦੇ ਦਿੱਤਾ ਗਿਆ।


Related News